ਪੰਜਾਬ ਸਰਕਾਰ ਵਲੋਂ ਲੁਧਿਆਣਾ ਨਿਗਮ ਚੋਣ ਬਾਰੇ ਨੋਟੀਫਿਕੇਸ਼ਨ ਜਾਰੀ
Wednesday, Jan 31, 2018 - 09:09 PM (IST)
ਚੰਡੀਗੜ (ਭੁੱਲਰ)- ਪੰਜਾਬ ਸਰਕਾਰ ਵਲੋਂ ਬੁੱਧਵਾਰ ਨੂੰ ਲੁਧਿਆਣਾ ਨਗਰ ਨਿਗਮ ਚੋਣ ਬਾਰੇ ਰਸਮੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਜਾਰੀ ਕੀਤੇ ਗਏ ਨੋਟੀਫਿਕੇਸ਼ਨ 'ਚ ਰਾਜ ਚੋਣ ਕਮਿਸ਼ਨ ਨੂੰ 28 ਫਰਵਰੀ ਤੱਕ ਚੋਣ ਪ੍ਰੀਕਿਰਿਆ ਮੁਕੰਮਲ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ। ਇਸ ਤਰ੍ਹਾਂ ਚੋਣ ਕਮਿਸ਼ਨ ਹੁਣ ਪਹਿਲੀ ਫਰਵਰੀ ਨੂੰ ਚੋਣਾਂ ਦੀ ਤਰੀਕ ਫਾਈਨਲ ਕਰੇਗਾ। ਭਾਵੇਂ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਿਛਲੇ ਦਿਨੀਂ ਖੁਦ ਹੀ ਪ੍ਰੈਸ ਕਾਨਫਰੰਸ ਦੌਰਾਨ ਲੁਧਿਆਣਾ ਨਗਰ ਨਿਗਮ ਚੋਣਾਂ 24 ਅਤੇ ਨਤੀਜੇ 26 ਫਰਵਰੀ ਨੂੰ ਕਰਵਾਉਣ ਬਾਰੇ ਐਲਾਨ ਚੁੱਕੇ ਹਨ, ਪਰ ਇਹ ਐਲਾਨ ਚੋਣ ਕਮਿਸ਼ਨ ਨੇ ਕਰਨਾ ਹੁੰਦਾ ਹੈ। ਸਰਕਾਰ ਚੋਣਾਂ ਦਾ ਨੋਟੀਫਿਕੇਸ਼ਨ ਜਾਰੀ ਕਰਕੇ ਆਪਣੀ ਸਿਫਾਰਿਸ਼ ਭੇਜਦੀ ਹੈ। ਚੋਣ ਕਮਿਸ਼ਨ ਸਰਕਾਰ ਦੇ ਅਧੀਨ ਹੋਣ ਕਾਰਨ ਸਰਕਾਰ ਦੀ ਪਸੰਦ ਦੀ ਤਰੀਕ ਹੀ ਤੈਅ ਕਰਦਾ ਹੈ, ਜਿਸ ਕਰਕੇ ਮੁੱਖ ਮੰਤਰੀ ਵਲੋਂ ਐਲਾਨੀ ਮਿਤੀ 'ਤੇ ਹੀ ਮੋਹਰ ਲੱਗਣ ਦੀ ਪੂਰੀ ਸੰਭਾਵਨਾ ਹੈ ਕਿਉਂਕਿ ਸਰਕਾਰ ਵਲੋਂ ਜਾਰੀ ਨੋਟੀਫਿਕੇਸ਼ਨ ਵਿਚ 28 ਫਰਵਰੀ ਤੱਕ ਚੋਣ ਪ੍ਰੀਕਿਰਿਆ ਮੁਕੰਮਲ ਕਰਨ ਲਈ ਕਿਹਾ ਗਿਆ ਹੈ।
