ਲੁਧਿਆਣਾ 'ਚ 'ਬਿੱਟੂ' ਰੋਕਣਗੇ ਟੋਲ ਪਲਾਜ਼ਾ 'ਮਜੀਠੀਆ' ਠੋਕਣਗੇ ਰੈਲੀ!

Wednesday, Mar 06, 2019 - 12:24 PM (IST)

ਲੁਧਿਆਣਾ 'ਚ 'ਬਿੱਟੂ' ਰੋਕਣਗੇ ਟੋਲ ਪਲਾਜ਼ਾ 'ਮਜੀਠੀਆ' ਠੋਕਣਗੇ ਰੈਲੀ!

ਲੁਧਿਆਣਾ (ਮੁੱਲਾਂਪੁਰੀ) : ਮਹਾਨਗਰ 'ਚ ਆਉਣ ਵਾਲੇ ਦਿਨਾਂ 'ਚ ਰਾਜਸੀ ਹਲਕਿਆਂ 'ਚ ਵੱਡੀ ਹਿਲਜੁਲ ਹੋਣ ਦੀਆਂ ਖਬਰਾਂ ਹਨ। ਪਤਾ ਲੱਗਾ ਹੈ ਕਿ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਅਤੇ ਯੂਥ ਕਾਂਗਰਸ ਦੇ ਆਗੂ ਰਵਨੀਤ ਸਿੰਘ ਬਿੱਟੂ ਐੱਮ.ਪੀ. ਦੀ ਅਗਵਾਈ 'ਚ ਲਾਡੋਵਾਲ ਦਾ ਟੋਲ ਪਲਾਜ਼ਾ ਬੰਦ ਕਰਨ ਲਈ 8 ਮਾਰਚ ਨੂੰ ਲਾਮਲਸ਼ਕਰ ਨਾਲ ਜਾਣਗੇ ਕਿਉਂਕਿ ਲੁਧਿਆਣਾ 'ਚ ਬਾਹਰਲੇ ਇਲਾਕੇ 'ਚੋਂ ਲੰਘਦੀ ਸੜਕ ਅਜੇ ਅਧੂਰੀ ਹੈ ਪਰ ਪਲਾਜ਼ਾ 'ਤੇ ਪੈਸੇ ਪਿਛਲੇ ਸਮੇਂ ਤੋਂ ਲਏ ਜਾ ਰਹੇ ਹਨ। ਇਸੇ ਤਰ੍ਹਾਂ ਇਕ ਹੋਰ ਖਬਰ ਸਾਹਮਣੇ ਆਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਸਰਪ੍ਰਸਤ ਸ. ਬਿਕਰਮਜੀਤ ਸਿੰਘ ਮਜੀਠੀਆ ਦੀ ਅਗਵਾਈ 'ਚ 11 ਮਾਰਚ ਨੂੰ ਅਰੋੜਾ ਪੈਲਸ ਲਾਗੇ ਵਿਸ਼ਾਲ ਰੈਲੀ ਠੋਕਣ ਜਾ ਰਹੇ ਹਨ। ਇਸ ਰੈਲੀ ਲਈ ਯੂਥ ਅਕਾਲੀ ਦਲ ਪੂਰਾ ਜ਼ੋਰ ਲਗਾਉਣ ਲਈ ਸਮੁੱਚੇ ਜ਼ਿਲੇ 'ਚ 14 ਵਿਧਾਨ ਸਭਾ ਹਲਕਿਆਂ 'ਚ ਨੌਜਵਾਨ ਨੂੰ ਲੈ ਕੇ ਆਉਣ ਦੇ ਉਪਰਾਲੇ ਵਿਚ ਲੱਗਾ ਹੋਇਆ ਹੈ। ਇਹ ਦੋ ਵੱਡੀਆਂ ਪਾਰਟੀਆਂ ਦੇ ਵੱਡੇ ਆਗੂਆਂ ਦੇ ਕਾਰਜ ਲੋਕ ਸਭਾ ਕੇਂਦਰ ਤੋਂ ਪਹਿਲਾਂ ਆਪਣੀ ਤਾਕਤ ਦਿਖਾਉਣ ਲਈ ਕੀਤੇ ਜਾ ਰਹੇ ਹਨ। ਇੱਥੇ ਦੱਸਣਾ ਉਚਿਤ ਰਹੇਗਾ ਕਿ ਇਹ ਦੋਵੇਂ ਪ੍ਰੋਗਰਾਮ ਪਹਿਲਾਂ ਹੋਣੇ ਸਨ ਮੌਜੂਦਾ ਹਲਾਤਾਂ ਦੇ ਚਲਦੇ ਰੱਦ ਕਰ ਦਿੱਤੇ ਹਨ।


author

Baljeet Kaur

Content Editor

Related News