ਲੁਧਿਆਣਾ ਜ਼ਿਲ੍ਹੇ 'ਚ ਕੋਰੋਨਾ ਕਾਰਨ ਇਕ ਹੋਰ ਮੌਤ, 63 ਨਵੇਂ ਮਰੀਜ਼ਾਂ ਦੀ ਵੀ ਹੋਈ ਪੁਸ਼ਟੀ

07/21/2020 9:39:10 PM

ਲੁਧਿਆਣਾ,(ਸਹਿਗਲ)- ਕੋਰੋਨਾ ਵਾਇਰਸ ਕਾਰਨ ਅੱਜ ਇਕ ਹੋਰ ਮਰੀਜ਼ ਦੀ ਮੌਤ ਹੋ ਗਈ। 53 ਸਾਲਾ ਔਰਤ ਦਯਾਨੰਦ ਹਸਪਤਾਲ ਵਿਚ ਭਰਤੀ ਸੀ। ਮਾਡਲ ਗ੍ਰਾਮ ਦੀ ਰਹਿਣ ਵਾਲੀ ਉਕਤ ਔਰਤ ਨੂੰ 19 ਜੁਲਈ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਅੱਜ ਉਸ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਵੱਖ-ਵੱਖ ਹਸਪਤਾਲਾਂ ’ਚੋਂ ਅੱਜ 63 ਨਵੇਂ ਮਰੀਜ਼ ਸਾਹਮਣੇ ਆਏ ਹਨ, ਜਿਸ ਨਾਲ ਮਰੀਜ਼ਾਂ ਦੀ ਗਿਣਤੀ ਵਧ ਕੇ 1989 ਹੋ ਗਈ ਹੈ, ਜਦੋਂਕਿ ਇਨ੍ਹਾਂ ’ਚੋਂ 49 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਦੂਜੇ ਪਾਸੇ ਦੂਜੇ ਜ਼ਿਲਿਆਂ ਤੋਂ ਆ ਕੇ ਸਥਾਨਕ ਹਸਪਤਾਲਾਂ ’ਚ ਭਰਤੀ ਹੋਣ ਵਾਲੇ ਮਰੀਜ਼ਾਂ ਵਿਚੋਂ 324 ਦੀ ਰਿਪੋਰਟ ਪਾਜ਼ੇਟਿਵ ਆ ਚੁੱਕੀ ਹੈ ਅਤੇ ਇਨ੍ਹਾਂ ’ਚੋਂ 34 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਕੋਰੋਨਾ ਵਾਇਰਸ ਦੇ ਕੇਸਾਂ ਦਾ ਇਸ ਤਰ੍ਹਾਂ ਲਗਾਤਾਰ ਵਧਣਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਸਰਕਾਰੀ ਦਫਤਰ ਅਤੇ ਕਚਹਿਰੀ ਬੰਦ ਹੈ। ਲੋਕਾਂ ਦਾ ਕੰਮ-ਕਾਜ ਠੱਪ ਹੋਇਆ ਹੈ। ਨਿੱਜੀ ਅਦਾਰਿਆਂ ਨੂੰ ਕੰਮ-ਕਾਜ ਸ਼ੁਰੂ ਕਰਨ ਲਈ ਕਿਹਾ ਜਾ ਰਿਹਾ ਹੈ।

ਲੋਕਾਂ ਦਾ ਕਹਿਣਾ ਹੈ ਕਿ ਜਦੋਂ ਸਰਕਾਰੀ ਦਫਤਰਾਂ ’ਚ ਕੰਮ ਨਹੀਂ ਹੋਣਾ ਜਾਂ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੇ ਨਹੀਂ ਬੈਠਣਾ ਤਾਂ ਜਨਤਾ ਦੇ ਪੈਸੇ ਦੀ ਬਰਬਾਦੀ ਕਿਉਂ? ਮੁਫਤ ਵਿਚ ਤਨਖਾਹ ਦੇਣ ਦੀ ਬਜਾਏ ਉਨ੍ਹਾਂ ਨੂੰ ਦਫਤਰ ਆਉਣ ਲਈ ਕਿਹਾ ਜਾਣਾ ਚਾਹੀਦਾ ਹੈ। ਅੱਜ ਵੀ ਇਹ ਮੁੱਦਾ ਵੱਖ-ਵੱਖ ਥਾਵਾਂ ’ਤੇ ਚਰਚਾ ਦਾ ਵਿਸ਼ਾ ਬਣਿਆ ਰਿਹਾ। ਜੇਕਰ ਲਾਕਡਾਊਨ ਖੋਲ੍ਹਿਆ ਜਾ ਰਿਹਾ ਹੈ ਤਾਂ ਸਰਕਾਰੀ ਦਫਤਰ ਵੀ ਖੁੱਲ੍ਹਣੇ ਚਾਹੀਦੇ ਹਨ। ਸਟੇਟ ਅਤੇ ਜ਼ਿਲਾ ਸਿਹਤ ਵਿਭਾਗ ’ਚ ਤਾਲਮੇਲ ਦੀ ਕਮੀ ਕਾਰਨ ਮਰੀਜ਼ਾਂ ਦੀ ਗਿਣਤੀ ’ਚ ਕਈ ਵਾਰ ਕਾਫੀ ਫਰਕ ਆ ਜਾਂਦਾ ਹੈ। ਅੱਜ ਵੀ ਜ਼ਿਲਾ ਸਿਹਤ ਵਿਭਾਗ ਨੇ 28 ਕੇਸ ਸਾਹਮਣੇ ਆਉਣ ਦੀ ਗੱਲ ਕਹੀ, ਨਾਲ ਹੀ ਸਟੇਟ ਨੇ ਆਪਣੀ ਬੁਲੇਟਿਨ ’ਚ ਲੁਧਿਆਣਾ ਤੋਂ 63 ਨਵੇਂ ਕੇਸ ਸਾਹਮਣੇ ਆਉਣ ਦੀ ਗੱਲ ਕਹੀ ਹੈ। ਮਰੀਜ਼ਾਂ ਦੀਆਂ ਮੌਤਾਂ ਦੇ ਅੰਕੜਿਆਂ ਵਿਚ ਵੀ ਫਰਕ ਹੈ। ਅਜਿਹਾ ਕਈ ਜ਼ਿਲਿਆਂ ’ਚ ਸਾਹਮਣੇ ਆ ਰਿਹਾ ਹੈ। ਇਕ ਦਿਨ ਕੇਸ ਘੱਟ ਦਿਖਾਏ ਜਾਂਦੇ ਹਨ ਤਾਂ ਦੂਜੇ ਦਿਨ ਜ਼ਿਆਦਾ। ਸੂਬੇ ਦੇ ਨੋਡਲ ਅਫਸਰ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਕਈ ਜ਼ਿਲੇ ਸਹੀ ਢੰਗ ਨਾਲ ਰਿਪੋਰÎਟਿੰਗ ਨਹੀਂ ਕਰ ਰਹੇ, ਜਿਸ ਕਾਰਨ ਮਰੀਜ਼ਾਂ ਦੀ ਗਿਣਤੀ ਵਿਚ ਫਰਕ ਆ ਰਿਹਾ ਹੈ ਜਿਨ੍ਹਾਂ ਨੂੰ ਆਪਣਾ ਕੰਮ-ਕਾਜ ਠੀਕ ਕਰਨ ਲਈ ਕਿਹਾ ਜਾ ਰਿਹਾ ਹੈ।

1366 ਸੈਂਪਲਾਂ ਦੀ ਰਿਪੋਰਟ ਆਉਣੀ ਅਜੇ ਬਾਕੀ

ਜ਼ਿਲਾ ਮਲੇਰੀਆ ਅਫਸਰ ਡਾ. ਰਮੇਸ਼ ਭਗਤ ਮੁਤਾਬਕ ਹੁਣ ਤੱਕ ਕੁੱਲ 52,284 ਨਮੂਨੇ ਲਏ ਗਏ ਹਨ, ਜਿਨ੍ਹਾਂ ’ਚੋਂ 50,918 ਨਮੂਨਿਆਂ ਦੀ ਰਿਪੋਰਟ ਮਿਲੀ ਹੈ। ਇਨ੍ਹਾਂ ’ਚੋਂ 48,648 ਨਮੂਨੇ ਨੈਗੇਟਿਵ ਹਨ ਅਤੇ 1366 ਨਮੂਨਿਆਂ ਦੀ ਰਿਪੋਰਟ ਬਕਾਇਆ ਹੈ।

287 ਵਿਅਕਤੀਆਂ ਨੂੰ ਕੀਤਾ ਹੋਮ ਕੁਆਰੰਟਾਈਨ

ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲੇ ’ਚ 18,402 ਵਿਅਕਤੀਆਂ ਨੂੰ ਹੋਮ ਕੁਆਰੰਟਾਈਨ ਤਹਿਤ ਰੱਖਿਆ ਗਿਆ ਹੈ ਅਤੇ ਮੌਜੂਦਾ ਵਿਚ ਅਜਿਹੇ ਵਿਅਕਤੀਆਂ ਦੀ ਗਿਣਤੀ 3077 ਹੈ। ਅੱਜ 287 ਵਿਅਕਤੀਆਂ ਨੂੰ ਹੋਮ ਕੁਆਰੰਟਾਈਨ ਲਈ ਭੇਜਿਆ ਗਿਆ ਹੈ।

877 ਵਿਅਕਤੀਆਂ ਦੇ ਸੈਂਪਲ ਜਾਂਚ ਲਈ ਭੇਜੇ

ਸਿਹਤ ਵਿਭਾਗ ਵੱਲੋਂ ਅੱਜ 877 ਵਿਅਕਤੀਆਂ ਦੇ ਸੈਂਪਲ ਲੈ ਕੇ ਉਨ੍ਹਾਂ ਨੂੰ ਜਾਂਚ ਲਈ ਭੇਜਿਆ ਗਿਆ ਹੈ। ਸਿਵਲ ਸਰਜਨ ਮੁਤਾਬਕ ਇਨ੍ਹਾਂ ਸੈਂਪਲਾਂ ਦੀ ਰਿਪੋਰਟ ਜਲਦ ਹੀ ਆ ਜਾਣ ਦੀ ਸੰਭਾਵਨਾ ਹੈ।

ਐਤਵਾਰ ਨੂੰ ਲਾਕਡਾਊਨ ਅਗਲੇ ਹੁਕਮਾਂ ਤੱਕ ਜਾਰੀ ਰਹੇਗਾ

ਡੀ. ਸੀ. ਵਰਿੰਦਰ ਸ਼ਰਮਾ ਨੇ ਦੱਸਿਆ ਕਿ ਐਤਵਾਰ ਦਾ ਲਾਕਡਾਊਨ ਅਗਲੇ ਹੁਕਮਾਂ ਤੱਕ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਐਤਵਾਰ ਨੂੰ ਤਾਲਾਬੰਦੀ ਖਤਮ ਕਰਨ ਸਬੰਧੀ ਕੋਈ ਹੁਕਮ ਜਾਰੀ ਨਹੀਂ ਕੀਤਾ ਅਤੇ ਇਸ ਲਈ ਇਹ ਸੂਬਾ ਸਰਕਾਰ ਦੇ ਅਗਲੇ ਹੁਕਮਾਂ ਤੱਕ ਜਾਰੀ ਰਹੇਗਾ।


Bharat Thapa

Content Editor

Related News