ਲੁਧਿਆਣਾ ਦੇ 11 ਪੁਲਸ ਮੁਲਾਜ਼ਮ ਇਸ ਖਾਸ ਐਵਾਰਡ ਨਾਲ ਸਨਮਾਨਿਤ

Monday, May 11, 2020 - 01:02 PM (IST)

ਚੰਡੀਗੜ੍ਹ (ਰਮਨਜੀਤ) : ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ਨੇ ਐਤਵਾਰ ਨੂੰ ਜ਼ਿਲੇ ਦੀ ਜ਼ਮੀਨੀ ਸਥਿਤੀ ਦਾ ਜਾਇਜ਼ਾ ਲੈਣ ਲਈ ਲੁਧਿਆਣਾ ਕਮਿਸ਼ਨਰੇਟ ਦਾ ਦੌਰਾ ਕੀਤਾ ਅਤੇ ਕੋਵਿਡ-19 ਮਹਾਂਮਾਰੀ ਨਾਲ ਨਜਿੱਠਣ ਲਈ ਪੁਲਸ ਵਲੋਂ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਡੀ. ਜੀ. ਪੀ. ਨੇ ਕੋਰੋਨਾ ਵਿਰੁੱਧ ਜੰਗ ਦੌਰਾਨ ਪੰਜਾਬ ਪੁਲਸ ਦੇ ਪਹਿਲੇ ਸ਼ਹੀਦ ਹੋਏ ਮੁਲਾਜ਼ਮ ਏ. ਸੀ. ਪੀ. ਅਨਿਲ ਕੋਹਲੀ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ, ਜੋ 18 ਅਪ੍ਰੈਲ ਨੂੰ ਸ਼ਹੀਦ ਹੋ ਗਏ ਸਨ।

ਡੀ. ਜੀ. ਪੀ. ਸ਼ਹੀਦ ਕੋਹਲੀ ਦੇ ਭੋਗ ਸਮਾਗਮ ’ਚ ਸ਼ਾਮਲ ਹੋਏ ਅਤੇ ਉਨ੍ਹਾਂ ਨੇ ਅਨਿਲ ਕੋਹਲੀ ਦੇ ਪੁੱਤਰ ਪਾਰਸ ਕੋਹਲੀ ਨੂੰ ਨਿਯੁਕਤੀ ਪੱਤਰ ਅਤੇ ਉਨ੍ਹਾਂ ਦੀ ਪਤਨੀ ਪਲਕ ਕੋਹਲੀ ਨੂੰ ਵਿੱਤੀ ਸਹਾਇਤਾ ਲਈ ਚੈੱਕ ਵੀ ਸੌਂਪਿਆ। ਇਸ ਦੌਰਾਨ ਪੁਲਸ ਫੋਰਸ ਦੇ ਮਨੋਬਲ ਨੂੰ ਵਧਾਉਣ ਲਈ ਅਤੇ ਫਰੰਟਲਾਈਨ ਮਰਦਾਂ ਅਤੇ ਔਰਤਾਂ ਵਲੋਂ ਕੀਤੇ ਕੰਮਾਂ ਦੀ ਪਛਾਣ ਕਰਨ ਲਈ ਡੀ. ਜੀ. ਪੀ. ਗੁਪਤਾ ਨੇ 11 ਜਵਾਨਾਂ ਸਮੇਤ ਆਈ. ਪੀ. ਐੱਸ. ਅਧਿਕਾਰੀ ਏ. ਡੀ. ਸੀ. ਪੀ. (ਹੈੱਡਕੁਆਰਟਰ) ਦੀਪਕ ਪਾਰੀਕ ਨੂੰ ਸਮਾਜ ਦੀ ਮਿਸਾਲੀ ਸੇਵਾ ਕਰਨ ਲਈ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ, ਜੋ ਕਿ ਪੁਲਸ ਕਮਿਸ਼ਨਰੇਟ, ਲੁਧਿਆਣਾ ’ਚ ਕੋਵਿਡ-19 ਸਬੰਧੀ ਨੋਡਲ ਅਫ਼ਸਰ ਵਜੋਂ ਤਾਇਨਾਤ ਹਨ। ਐੱਸ. ਐੱਚ. ਓ. (ਫੋਕਲ ਪੁਆਇੰਟ) ਇੰਸਪੈਕਟਰ ਮੁਹੰਮਦ ਜਮੀਲ, ਕਾਂਸਟੇਬਲ ਸੰਜੀਵ ਕੁਮਾਰ ਅਤੇ ਅਜੈਬ ਸਿੰਘ ਨੂੰ ਵੀ ਕੋਰੋਨਾ ਵਾਇਰਸ ਵਿਰੁੱਧ ਲੜਾਈ ’ਚ ਸ਼ਾਨਦਾਰ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ।
ਇਸ ਤੋਂ ਪਹਿਲਾਂ ਪੁਲਸ ਲਾਈਨਜ਼, ਲੁਧਿਆਣਾ ਵਿਖੇ ਸੀਨੀਅਰ ਪੁਲਸ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡੀ. ਜੀ. ਪੀ. ਗੁਪਤਾ ਨੇ ਮੌਜੂਦਾ ਸਥਿਤੀ ਅਤੇ ਕੋਵਿਡ ਦਿਸ਼ਾ-ਨਿਰਦੇਸ਼ਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਚੁੱਕੇ ਗਏ ਕਦਮਾਂ ਦਾ ਜਾਇਜ਼ਾ ਲਿਆ। ਉਨ੍ਹਾਂ ਅਧਿਕਾਰੀਆਂ ਨੂੰ ਕਰਫਿਊ ਅਤੇ ਕੋਵਿਡ ਦਿਸ਼ਾ ਨਿਰਦੇਸ਼ਾਂ ਨੂੰ ਲਾਗੂ ਕਰਨ ’ਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ।
 


Babita

Content Editor

Related News