''ਪੰਥਕ ਇਕੱਠ'' ਧਮਾਕੇ ਕਾਰਨ ਅਕਾਲੀ-ਭਾਜਪਾ ਦੀ ਦਿੱਲੀ ''ਚ ਟੁੱਟੀ ਤੜੱਕ ਕਰ ਕੇ

Tuesday, Jan 21, 2020 - 09:28 AM (IST)

ਲੁਧਿਆਣਾ (ਮੁੱਲਾਂਪੁਰੀ) : ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋ ਕੇ ਦਿੱਲੀ ਵਿਚ ਪੰਥਕ ਇਕੱਠ ਕਰਨ ਵਾਲੇ ਮਨਜੀਤ ਸਿੰਘ ਜੀ. ਕੇ., ਸਰਨਾ ਅਤੇ ਪੰਜਾਬ ਵਿਚ ਬਾਗੀ ਹੋਏ ਵੱਡੇ ਨੇਤਾਵਾਂ ਨੇ ਇਕੱਠੇ ਹੋ ਕੇ ਆਪਣਾ ਸਿਆਸੀ ਹੱਥ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀ। ਉਸ ਦੀ ਅਸਲੀਅਤ ਨੂੰ ਪਛਾਣ ਕੇ ਦਿੱਲੀ ਬੈਠੀ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਆਪਣੇ ਪੁਰਾਣੇ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਨਾਲੋਂ ਟਿਕਟਾਂ ਦੀ ਵੰਡ ਕਾਰਨ ਆਖਰ ਤੋੜ-ਵਿਛੋੜਾ ਕਰ ਲਿਆ। ਇਸ ਸਬੰਧੀ ਚਰਚਾ ਪਹਿਲਾਂ ਹੀ ਹੋਣ ਲੱਗ ਪਈ ਸੀ ਕਿ ਦਿੱਲੀ ਬੈਠੀ ਭਾਜਪਾ ਨੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪਹਿਲਾਂ ਪੰਜਾਬ ਵਿਚ ਸਿਆਸੀ ਪਰ ਤੋਲੇ ਤੇ ਫਿਰ ਹਰਿਆਣਾ ਵਿਚ ਅਲੱਗ-ਥਲੱਗ ਕਰ ਕੇ ਉਸ ਦੀ ਸਿਆਸੀ ਕੀਮਤ ਦੇਖ ਹਰ ਥਾਂ ਅਸਫਲ ਰਹਿਣ 'ਤੇ ਹੁਣ ਦਿੱਲੀ ਭਾਜਪਾ ਵਾਲਿਆਂ ਨੇ ਅਕਾਲੀ ਦਲ ਦੇ ਟਿਕਟਾਂ ਦੇ ਮਸਲੇ 'ਤੇ ਆਪਣਾ ਫੈਸਲਾ ਦੋ ਟੁਕ ਸੁਣਾ ਦਿੱਤਾ ਹੈ।

ਸੋਮਵਾਰ ਸ਼ਾਮ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਭਾਵੇਂ ਆਪਣੀ ਪਾਰਟੀ ਦਾ ਪੱਖ ਰੱਖਿਆ ਪਰ ਜਾਣਕਾਰ ਸੂਤਰਾਂ ਨੇ ਇਸ਼ਾਰਾ ਕੀਤਾ ਕਿ ਦਿੱਲੀ ਵਿਚ ਭਾਜਪਾ ਵਾਲੇ ਕਿਸੇ ਕੀਮਤ 'ਤੇ ਸ਼੍ਰੋਮਣੀ ਅਕਾਲੀ ਦਲ ਨੂੰ ਚਾਰ ਸੀਟਾਂ ਦੇਣ ਦੇ ਮੂਡ ਵਿਚ ਨਹੀਂ ਸਨ ਤੇ ਇਸ ਗੱਲ 'ਤੇ ਅੜੇ ਹੋਏ ਸਨ ਜੇਕਰ ਕਮਲ ਦੇ ਫੁੱਲ ਜਾਂ ਪੁਰਾਣੇ ਭਾਜਪਾ ਵਿਧਾਇਕ ਨੂੰ ਅਕਾਲੀ ਦਲ ਆਪਣੇ ਨਾਲ ਰਲਾ ਕੇ ਚੋਣ ਲੜਾਉਂਦਾ ਹੈ ਤਾਂ ਉਹ ਸੋਚ ਸਕਦੀ ਹੈ ਪਰ ਦਿੱਲੀ ਦੇ ਸਿੱਖ ਬਾਦਲ ਪੱਖੀ ਉਮੀਦਵਾਰ ਨੂੰ ਉਹ ਟਿਕਟ ਦੇਣ ਬਾਰੇ ਪਹਿਲੇ ਦਿਨ ਤੋਂ ਹੀ ਸੋਚੀ ਬੈਠੇ ਹਨ।

ਹੁਣ ਦਿੱਲੀ ਵਿਚ ਅਕਾਲੀ ਦਲ ਚਾਰ ਹਲਕਿਆਂ ਵਿਚ ਤੱਕੜੀ 'ਤੇ ਚੋਣ ਲੜੇਗਾ ਤੇ ਭਾਜਪਾ ਆਪਣੇ ਉਮੀਦਵਾਰ ਉਤਾਰੇਗੀ। ਨਤੀਜਾ ਕੀ ਹੋਵੇਗਾ, ਇਸ ਸਬੰਧੀ ਤਾਂ ਅਜੇ ਕੁਝ ਆਖਣਾ ਮੁਸ਼ਕਲ ਹੈ ਪਰ ਦਿੱਲੀ ਦੇ ਪੰਥਕ ਇਕੱਠ ਦੀ ਪੰਜਾਬ ਵਿਚ ਗਏ ਅਕਾਲੀ ਨੇਤਾਵਾਂ ਦੀ ਦਿਹਾੜ ਭਾਜਪਾ ਦੇ ਦਰਬਾਰ ਜ਼ਰੂਰ ਪੁੱਜ ਗਈ, ਜਿਸ 'ਤੇ ਉਨ੍ਹਾਂ ਨੇ ਇਕ ਤਰ੍ਹਾਂ ਨਾਲ ਅਮਲ ਵੀ ਕਰ ਲਿਆ ਜਾਪਦਾ ਹੈ। ਬਾਕੀ ਦੇਖਦੇ ਹਾਂ ਕਿ 2022 ਦੇ ਪੰਜਾਬ ਵਿਚ ਭਾਜਪਾ ਕੀ ਪੱਤੇ ਖੇਡਦੀ ਹੈ ਕਿਉਂਕਿ ਪੰਜਾਬ ਵਿਚ ਭਾਜਪਾ ਵਾਲੇ ਅਕਾਲੀ ਦਲ ਤੋਂ ਕਾਫੀ ਖਫਾ ਤੇ ਪ੍ਰੇਸ਼ਾਨ ਦੱਸੇ ਜਾ ਰਹੇ ਹਨ।


cherry

Content Editor

Related News