ਲੋਕ ਸਭਾ ਚੋਣਾਂ 2019 : ਪੰਜਾਬ ''ਚ ਹਾਵੀ ਰਹੇਗਾ ਬੇਅਦਬੀ ਦਾ ਮੁੱਦਾ

03/14/2019 9:15:25 AM

ਲੁਧਿਆਣਾ (ਹਿਤੇਸ਼) : ਲੋਕ ਸਭਾ ਚੋਣਾਂ ਲਈ ਤਰੀਕਾਂ ਦਾ ਐਲਾਨ ਹੋਣ ਦੇ ਨਾਲ ਹੀ ਸਿਆਸੀ ਪਾਰਟੀਆਂ ਤੇ ਨੇਤਾਵਾਂ ਨੇ ਇਕ-ਦੂਜੇ 'ਤੇ ਹਮਲੇ ਤੇਜ਼ ਕਰ ਦਿੱਤੇ ਹਨ। ਇਸ ਦੇ ਤਹਿਤ ਜਿਥੇ ਵਿਰੋਧੀ ਪਾਰਟੀਆਂ ਵਲੋਂ ਨੈਸ਼ਨਲ ਲੈਵਲ 'ਤੇ ਪੀ. ਐੱਮ. ਮੋਦੀ ਦੇ ਵਿਰੁੱਧ ਵਾਅਦਾਖਿਲਾਫੀ ਦਾ ਮੁੱਦਾ ਬਣਾਇਆ ਜਾ ਰਿਹਾ ਹੈ, ਉਥੇ ਮੋਦੀ ਵਲੋਂ ਕਾਂਗਰਸ ਵਿਰੁੱਧ ਕੁਰੱਪਸ਼ਨ ਦੇ ਇਲਜ਼ਾਮ ਲਾਉਂਦੇ ਹੋਏ ਉਸ ਦੀ ਦੇਸ਼ ਭਗਤੀ 'ਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਸਟੇਟ ਲੈਵਲ 'ਤੇ ਉਥੋਂ ਦੇ ਹਾਲਾਤ ਨੂੰ ਲੈ ਕੇ ਵੱਖਰੇ ਮੁੱਦੇ ਵੀ ਛਾਏ ਹੋਏ ਹਨ। ਇਸ ਵਿਚ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਅਕਾਲੀ ਦਲ ਤੇ ਭਾਜਪਾ ਸਮੇਤ ਸਾਰੀਆਂ ਵਿਰੋਧੀ ਪਾਰਟੀਆਂ ਵਲੋਂ ਕੈਪਟਨ ਅਮਰਿੰਦਰ ਸਿੰਘ ਵਲੋਂ ਵਿਧਾਨ ਸਭਾ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਨਾ ਕਰਨ ਦੇ ਪਹਿਲੂ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਨਾਲ ਹੀ ਨਸ਼ਿਆਂ ਦਾ ਮੁੱਦਾ ਇਕ ਵਾਰ ਫਿਰ ਗਰਮਾਉਣ ਲੱਗਾ ਹੈ। ਇਨ੍ਹਾਂ ਸਾਰੇ ਇਲਜ਼ਾਮਾਂ ਦੇ ਮੁਕਾਬਲੇ ਲਈ ਕਾਂਗਰਸ ਵਲੋਂ ਜਿਥੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਦੀ ਲਿਸਟ ਤਿਆਰ ਕੀਤੀ ਜਾ ਰਹੀ ਹੈ, ਉਥੇ ਮੁੱਖ ਵਿਰੋਧੀ ਅਕਾਲੀ ਦਲ ਦੇ ਵਿਰੁੱਧ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਇਕ ਵਾਰ ਫਿਰ ਚੁੱਕਣ ਦਾ ਫੈਸਲਾ ਕੀਤਾ ਗਿਆ ਹੈ।

ਦੋਫਾੜ ਹੋ ਚੁੱਕਾ ਹੈ ਅਕਾਲੀ ਦਲ
ਪੰਜਾਬ ਵਿਚ ਬੇਅਦਬੀ ਦਾ ਮੁੱਦਾ ਇੰਨਾ ਹਾਵੀ ਹੋ ਚੁੱਕਾ ਹੈ ਕਿ ਉਸ ਦਾ ਨਤੀਜਾ ਅਕਾਲੀ ਦਲ ਦੇ ਦੋਫਾੜ ਹੋਣ ਦੇ ਰੂਪ ਵਿਚ ਸਾਹਮਣੇ ਹੈ। ਇਸ ਦੇ ਤਹਿਤ ਮਾਝਾ ਦੇ ਪ੍ਰਮੁਖ ਨੇਤਾਵਾਂ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ, ਰਤਨ ਸਿੰਘ ਅਜਨਾਲਾ ਨੇ ਸੁਖਬੀਰ ਸਿੰਘ ਬਾਦਲ ਤੇ ਮਜੀਠੀਆ ਖਿਲਾਫ ਸ਼ਰੇਆਮ ਬਗਾਵਤ ਕਰਕੇ ਅਕਾਲੀ ਦਲ ਟਕਸਾਲੀ ਦਾ ਗਠਨ ਕਰ ਲਿਆ ਜਿਸ ਦੇ ਤਹਿਤ ਉਹ ਸਾਰੀਆਂ ਲੋਕ ਸਭਾ ਸੀਟਾਂ 'ਤੇ ਆਪਣੇ ਉਮੀਦਵਾਰ ਖੜ੍ਹੇ ਕਰਨ ਜਾ ਰਹੇ ਹਨ।
 

ਹਰਸਿਮਰਤ ਨੂੰ ਬਦਲਣੀ ਪੈ ਸਕਦੀ ਹੈ ਸੀਟ
ਬੇਅਦਬੀ ਦਾ ਮਾਮਲਾ ਮੁਖ ਤੌਰ 'ਤੇ ਬਹਿਬਲਕਲਾਂ, ਬਰਗਾੜੀ ਤੇ ਕੋਟਕਪੂਰਾ ਨਾਲ ਜੁੜਿਆ ਹੋਇਆ ਹੈ, ਜੋ ਬਠਿੰਡਾ ਏਰੀਏ ਦੇ ਅਧੀਨ ਆਉਂਦੇ ਹਨ। ਇਥੇ ਅਕਾਲੀ ਦਲ ਵਿਰੁੱਧ ਸਭ ਤੋਂ ਵੱਧ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ। ਸ਼ਾਇਦ ਇਹੀ ਕਾਰਨ ਹੈ ਕਿ ਬਠਿੰਡਾ ਵਿਚ ਸਭ ਤੋਂ ਵੱਧ ਵਿਕਾਸ ਕਰਾਉਣ ਦੇ ਦਾਅਵਿਆਂ ਦੇ ਬਾਵਜੂਦ ਹਰਸਿਮਰਤ ਕੌਰ ਬਾਦਲ ਵਲੋਂ ਸੀਟ ਬਦਲ ਕੇ ਫਿਰੋਜ਼ਪੁਰ ਤੋਂ ਚੋਣ ਲੜਨ ਦਾ ਵਿਚਾਰ ਕੀਤਾ ਜਾ ਰਿਹਾ ਹੈ।

ਢੀਂਡਸਾ ਪਰਿਵਾਰ ਕਰ ਚੁੱਕਾ ਹੈ ਚੋਣ ਲੜਨ ਤੋਂ ਇਨਕਾਰ
ਸੀਨੀਅਰ ਅਕਾਲੀ ਨੇਤਾ ਸੁਖਦੇਵ ਸਿੰਘ ਢੀਂਡਸਾ ਵੀ ਆਪਣੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਚੁੱਕੇ ਹਨ ਜਿਸ ਨੂੰ ਲੈ ਕੇ ਉਨ੍ਹਾਂ ਨੇ ਭਾਵੇਂ ਹੀ ਵਧ ਉਮਰ ਅਤੇ ਸਿਹਤ ਠੀਕ ਨਾ ਹੋਣ ਦਾ ਹਵਾਲਾ ਦਿੱਤਾ ਹੋਵੇ ਪਰ ਉਨ੍ਹਾਂ ਦੇ ਇਸ ਫੈਸਲੇ ਨੂੰ ਬੇਅਦਬੀ ਦੇ ਮੁੱਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਕਿਉਂਕਿ ਉਨ੍ਹਾਂ ਨੇ ਆਪਣੇ ਗੜ੍ਹ ਮੰਨੇ ਜਾਂਦੇ ਸੰਗਰੂਰ ਤੋਂ ਲੋਕ ਸਭਾ ਚੋਣਾਂ ਲੜਨ ਤੋਂ ਇਨਕਾਰ ਕਰ ਦਿੱਤਾ ਹੈ ਜਿਥੋਂ ਉਹ ਪਹਿਲਾਂ ਐੱਮ. ਪੀ. ਅਤੇ ਵਿਧਾਇਕ ਰਹਿ ਚੁੱਕੇ ਹਨ। ਉਨ੍ਹਾਂ ਦਾ ਬੇਟਾ ਪਰਮਿੰਦਰ ਸਿੰਘ ਢੀਂਡਸਾ ਵੀ ਚੋਣ ਲੜਨ ਲਈ ਤਿਆਰ ਨਹੀਂ ਹੈ, ਜੋ ਇਸ ਖੇਤਰ ਤੋਂ ਕਈ ਵਾਰ ਜਿੱਤ ਚੁੱਕਾ ਹੈ।

ਜ਼ਿਲਾ ਪ੍ਰੀਸ਼ਦ ਤੇ ਪੰਚਾਇਤੀ ਚੋਣਾਂ 'ਚ ਦੇਖਣ ਨੂੰ ਮਿਲਿਆ ਹੈ ਅਸਰ
ਬੇਅਦਬੀ ਦੇ ਮੁੱਦੇ ਦਾ ਅਸਰ ਜ਼ਿਲਾ ਪ੍ਰੀਸ਼ਦ ਤੇ ਪੰਚਾਇਤੀ ਚੋਣਾਂ ਵਿਚ ਦੇਖਣ ਨੂੰ ਮਿਲ ਚੁੱਕਾ ਹੈ। ਇਸ ਦੌਰਾਨ ਪਿੰਡਾਂ ਵਿਚ ਵਿਕਾਸ ਨਾਲੋਂ ਵੀ ਜ਼ਿਆਦਾ ਬੇਅਦਬੀ ਨੂੰ ਲੈ ਕੇ ਕਾਂਗਰਸ ਵਲੋਂ ਅਕਾਲੀ ਦਲ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਇਸ ਦਾ ਫਾਇਦਾ ਵੀ ਕਾਂਗਰਸ ਨੂੰ ਮਿਲਿਆ ਹੈ।

ਐੱਸ. ਆਈ. ਟੀ. 'ਤੇ ਸਭ ਦੀ ਨਜ਼ਰ
ਬੇਅਦਬੀ ਦੇ ਮਾਮਲੇ ਵਿਚ ਸਭ ਦੀ ਨਜ਼ਰ ਐੱਸ. ਆਈ. ਟੀ. 'ਤੇ ਲੱਗੀ ਹੋਈ ਹੈ, ਜਿਸ ਵਲੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਡੀ. ਜੀ. ਪੀ. ਸੁਮੇਧ ਸਿੰਘ ਸੈਣੀ ਤੋਂ ਪੁੱਛਗਿਛ ਕੀਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਆਈ. ਜੀ. ਪਰਮਰਾਜ ਸਿੰਘ ਉਮਰਾਨੰਗਲ ਅਤੇ ਸਾਬਕਾ ਐੱਸ. ਐੱਸ. ਪੀ. ਚਰਨਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਹੁਣ ਚਰਚਾ ਹੈ ਕਿ ਇਸ ਮਾਮਲੇ ਵਿਚ ਸਾਬਕਾ ਡੀ. ਜੀ. ਪੀ. ਰਾਹੀਂ ਬਾਦਲ 'ਤੇ ਸ਼ਿਕੰਜਾ ਕੱਸਿਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਕੋਟਕਪੂਰਾ ਦੇ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਦਾ ਨੰਬਰ ਲੱਗ ਸਕਦਾ ਹੈ, ਜਿਸ ਨੂੰ ਲੈ ਕੇ ਅਕਾਲੀ ਦਲ ਵਲੋਂ ਕਾਂਗਰਸ 'ਤੇ ਸਿਆਸੀ ਫਾਇਦੇ ਲਈ ਐੱਸ. ਆਈ. ਟੀ. ਦੀ ਦੁਰਵਰਤੋਂ ਕਰਨ ਦਾ ਦੋਸ਼ ਲਾਇਆ ਜਾ ਰਿਹਾ ਹੈ।

ਕਾਂਗਰਸ ਨੂੰ ਪਹਿਲੀ ਵਾਰ ਮਿਲਿਆ ਹੈ ਅਕਾਲੀ ਦਲ ਦੇ ਵਿਰੁੱਧ ਹਥਿਆਰ
ਹੁਣ ਤਕ ਅਕਾਲੀ ਦਲ ਵਲੋਂ ਸਿੱਖ ਵਿਰੋਧੀ ਦੰਗਿਆਂ ਤੋਂ ਇਲਾਵਾ ਬਲਿਊ ਸਟਾਰ ਆਪਰੇਸ਼ਨ ਨੂੰ ਲੈ ਕੇ ਕਾਂਗਰਸ ਵਿਰੁੱਧ ਪ੍ਰਚਾਰ ਕੀਤਾ ਜਾਂਦਾ ਰਿਹਾ ਹੈ ਪਰ ਬੇਅਦਬੀ ਦੇ ਮਾਮਲੇ 'ਚ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਲੈ ਕੇ ਕਾਂਗਰਸ ਨੂੰ ਪਹਿਲੀ ਵਾਰ ਅਕਾਲੀ ਦਲ ਵਿਰੁੱਧ ਹਥਿਆਰ ਮਿਲਿਆ ਹੈ।


Baljeet Kaur

Content Editor

Related News