ਬਿੱਟੂ ਦਾ ਦਾਅਵਾ : ਨਵੰਬਰ ਤੱਕ ਪੂਰੀ ਹੋਵੇਗੀ ਜਗਰਾਓਂ ਪੁਲ ਦੀ ਉਸਾਰੀ
Sunday, Sep 08, 2019 - 12:22 PM (IST)

ਲੁਧਿਆਣਾ (ਹਿਤੇਸ਼) - ਸ਼ਹਿਰ ਲੁਧਿਆਣਾ ਦੇ ਸਾਹਰਗ ਵਜੋਂ ਜਾਣੇ ਜਾਂਦੇ ਜਗਰਾਓਂ ਰੇਲਵੇ ਓਵਰਬ੍ਰਿਜ ਦਾ 3 ਸਾਲ ਤੋਂ ਅੱਧ ਵਿਚਕਾਰ ਲਟਕਿਆ ਹੋਇਆ ਨਿਰਮਾਣ ਕਾਰਨ ਇਸ ਸਾਲ 30 ਨਵੰਬਰ ਤੱਕ ਪੂਰਾ ਹੋ ਜਾਵੇਗਾ। ਇਸ ਗੱਲ ਦਾ ਦਾਅਵਾ ਸਾਈਟ 'ਤੇ ਸਥਿਤੀ ਦਾ ਜਾਇਜ਼ਾ ਲੈਣ ਪੁੱਜੇ ਐੱਮ. ਪੀ. ਰਵਨੀਤ ਸਿੰਘ ਬਿੱਟੂ ਵਲੋਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਲੋਡ ਮੁਤਾਬਕ ਡਿਜ਼ਾਈਨ 'ਚ ਬਦਲਾਅ ਕਰਨ ਕਰਕੇ ਪੁਲ ਦੀ ਉਸਾਰੀ 'ਚ ਦੇਰ ਹੋਈ। ਹੁਣ ਇਹ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਪੁਲ ਦੀ ਉਸਾਰੀ ਲਈ ਲਾਇਆ ਜਾਣ ਵਾਲਾ ਢਾਂਚਾ ਸਾਈਟ 'ਤੇ ਪੁੱਜਣਾ ਸ਼ੁਰੂ ਹੋ ਗਿਆ ਹੈ ਜਿਸ ਤੋਂ ਬਾਅਦ ਸਾਈਟ 'ਤੇ ਨਿਰਮਾਣ 'ਚ ਤੇਜ਼ੀ ਆਈ ਹੈ। ਉਨ੍ਹਾਂ ਨੇ ਰੇਲਵੇ ਦੇ ਅਫਸਰਾਂ ਨੂੰ ਇਸ ਕੰਮ ਨੂੰ ਜਲਦ ਪੂਰਾ ਕਰਨ ਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ।
ਦੱਸ ਦੇਈਏ ਕਿ ਜਗਰਾਓਂ ਪੁਲ ਦੀ ਉਸਾਰੀ ਪੂਰੀ ਨਾ ਹੋਣ ਕਰਕੇ ਟ੍ਰੈਫਿਕ ਦੀ ਸਮੱਸਿਆ ਦਿਨ-ਬ-ਦਿਨ ਗੰਭੀਰ ਹੁੰਦੀ ਜਾ ਰਹੀ ਹੈ। ਜਗਰਾਓਂ ਪੁਲ ਤੋਂ ਭਾਰਤ ਨਗਰ ਚੌਕ ਸਾਈਡ ਵੱਲ ਜਾਣ ਵਾਲੇ ਲੋਕ ਕਾਫੀ ਦੇਰ ਤੱਕ ਜਾਮ 'ਚ ਫਸੇ ਰਹਿੰਦੇ ਹਨ ਅਤੇ ਹੁਣ ਨਿਰਮਾਣ ਲਈ ਸਟਰੱਕਚਰ ਦੇ ਸਾਈਟ 'ਤੇ ਪੁੱਜਣ ਤੋਂ ਬਾਅਦ ਫੀਲਡਗੰਜ ਸਾਈਡ ਤੋਂ ਆਉਣ ਵਾਲਾ ਰਸਤਾ ਬੰਦ ਕਰ ਦਿੱਤਾ ਗਿਆ ਹੈ।ਰੇਲਵੇ ਵਲੋਂ ਸਿਰਫ ਆਪਣੇ ਹਿੱਸੇ 'ਚ ਪੁਲ ਦੀ ਉਸਾਰੀ ਕੀਤੀ ਜਾਵੇਗੀ, ਜਦੋਂਕਿ ਚੌੜਾਈ ਵਧਣ ਮਗਰੋਂ ਨਵੇਂ ਸਿਰੇ ਤੋਂ ਅਪ ਰੇਂਪ, ਸਲਿਪ-ਵੇ ਤੇ ਅਪ੍ਰੋਚ ਰੋਡ ਬਣਾਉਣ ਦਾ ਕੰਮ ਨਗਰ ਨਿਗਮ ਨੂੰ ਕਰਨਾ ਪਵੇਗਾ, ਜਿਸ ਲਈ ਟੈਂਡਰ ਲਾਉਣ ਦੀ ਪ੍ਰਕਿਰਿਆ ਮੁਕੰਮਲ ਕਰ ਲਈ ਗਈ ਹੈ ਪਰ ਨਿਰਮਾਣ ਰੇਲਵੇ ਦੇ ਹਿੱਸੇ 'ਤੇ ਕੰਮ ਸ਼ੁਰੂ ਹੋਣ ਮਗਰੋਂ ਚਾਲੂ ਹੋ ਸਕੇਗਾ।