ਉਪ ਚੋਣਾਂ ਤੋਂ ਗਾਇਬ ਹਨ ਕਈ ਮੰਤਰੀ ਅਤੇ ਵਿਧਾਇਕ, ਕੈਪਟਨ ਨੇ ਮੰਗੀ ਰਿਪੋਰਟ

10/11/2019 9:28:01 AM

ਲੁਧਿਆਣਾ (ਹਿਤੇਸ਼) : ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ 'ਤੇ ਹੋ ਰਹੀਆਂ ਉਪ ਚੋਣਾਂ ਦੌਰਾਨ ਕਾਂਗਰਸੀ ਉਮੀਦਵਾਰਾਂ ਦੇ ਹੱਕ 'ਚ ਡਿਊਟੀ ਲੱਗੀ ਹੋਣ ਦੇ ਬਾਵਜੂਦ ਕਈ ਮੰਤਰੀ ਅਤੇ ਵਿਧਾਇਕ ਉੱਥੋਂ ਗਾਇਬ ਚੱਲ ਰਹੇ ਹਨ, ਜਿਨ੍ਹਾਂ ਸਬੰਧੀ ਸ਼ਿਕਾਇਤ ਮਿਲਣ 'ਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਰਿਪੋਰਟ ਮੰਗੀ ਗਈ ਹੈ। ਜਗ ਬਾਣੀ ਵੱਲੋਂ ਪਹਿਲਾਂ ਹੀ ਸਾਫ ਕੀਤਾ ਜਾ ਚੁੱਕਾ ਹੈ ਕਿ ਚਾਰ ਸੀਟਾਂ 'ਤੇ ਹੋ ਰਹੀਆਂ ਉਪ ਚੋਣਾਂ 'ਚ ਉਤਾਰੇ ਗਏ ਕਾਂਗਰਸੀ ਉਮੀਦਵਾਰਾਂ 'ਤੇ ਗੁੱਟਬਾਜ਼ੀ ਦਾ ਸਾਇਆ ਮੰਡਰਾ ਰਿਹਾ ਹੈ ਕਿਉਂਕਿ ਕਾਂਗਰਸ ਦੇ ਕਈ ਨੇਤਾ ਨੇੜੇ ਦੀ ਬਜਾਏ ਬਾਹਰੀ ਇਲਾਕਿਆਂ 'ਚ ਨਜ਼ਰ ਆ ਰਹੇ ਹਨ।

ਅਜਿਹੇ 'ਚ ਕਾਂਗਰਸੀ ਆਗੂਆਂ ਵੱਲੋਂ ਸਾਰੀਆਂ ਸੀਟਾਂ 'ਤੇ ਜਿੱਤ ਹਾਸਲ ਕਰਨ ਬਾਰੇ ਕੀਤੇ ਜਾ ਰਹੇ ਦਾਅਵਿਆਂ 'ਤੇ ਸਵਾਲ ਖੜ੍ਹੇ ਹੋਣ ਨਾਲ ਜੁੜਿਆ ਇਕ ਹੋਰ ਪਹਿਲੂ ਇਹ ਸਾਹਮਣੇ ਆਇਆ ਹੈ ਕਿ ਉਪ ਚੋਣਾਂ ਦੌਰਾਨ ਡਿਊਟੀ ਲੱਗੀ ਹੋਣ ਦੇ ਬਾਵਜੂਦ ਕਈ ਮੰਤਰੀ ਅਤੇ ਵਿਧਾਇਕ ਉੱਥੋਂ ਗਾਇਬ ਚੱਲ ਰਹੇ ਹਨ, ਜਿਨ੍ਹਾਂ ਸਬੰਧੀ ਸੂਚਨਾ ਕਾਂਗਰਸੀ ਉਮੀਦਵਾਰਾਂ ਵੱਲੋਂ ਕੈਪਟਨ ਅਮਰਿੰਦਰ ਸਿੰਘ ਤੱਕ ਪਹੁੰਚਾ ਦਿੱਤੀ ਗਈ ਹੈ ਅਤੇ ਉਨ੍ਹਾਂ ਵੱਲੋਂ ਇਸ ਸਬੰਧੀ ਹਲਕਾ ਇੰਚਾਰਜਾਂ ਤੋਂ ਰਿਪੋਰਟ ਵੀ ਮੰਗੀ ਗਈ ਹੈ।

ਦੱਸਿਆ ਜਾਂਦਾ ਹੈ ਕਿ ਗੈਰਹਾਜ਼ਰ ਚੱਲ ਰਹੇ ਮੰਤਰੀਆਂ ਅਤੇ ਵਿਧਾਇਕਾਂ ਦੀ ਲਿਸਟ ਤਿਆਰ ਹੋਣ 'ਤੇ ਇਸ ਸਬੰਧੀ ਮੁੱਖ ਮੰਤਰੀ ਦੇ ਹਵਾਲੇ ਨਾਲ ਉਨ੍ਹਾਂ ਨੂੰ ਮੈਸੇਜ ਪਹੁੰਚਾ ਦਿੱਤਾ ਗਿਆ ਹੈ ਅਤੇ ਉਸ ਤੋਂ ਬਾਅਦ ਕਈ ਮੰਤਰੀ ਅਤੇ ਵਿਧਾਇਕ ਸਬੰਧਤ ਹਲਕਿਆਂ 'ਚ ਪੁੱਜਣੇ ਸ਼ੁਰੂ ਹੋ ਗਏ ਹਨ, ਜਦੋਂਕਿ ਕੁਝ ਮੰਤਰੀਆਂ ਅਤੇ ਵਿਧਾਇਕਾਂ ਨੇ ਪਹਿਲਾਂ ਹੀ ਦੂਜੇ ਹਲਕੇ 'ਚ ਕੰਮ ਕਰਨ ਦਾ ਦਾਅਵਾ ਕੀਤਾ ਹੈ।


cherry

Content Editor

Related News