ਹਥਿਆਰਬੰਦ ਲੁਟੇਰੇ ਫਾਇਰਿੰਗ ਕਰ ਕੇ ਨੌਜਵਾਨਾਂ ਕੋਲੋਂ ਮੋਟਰਸਾਈਕਲ ਖੋਹ ਕੇ ਫ਼ਰਾਰ

Thursday, Dec 05, 2024 - 04:42 PM (IST)

ਜ਼ੀਰਾ (ਗੁਰਮੇਲ ਸੇਖਵਾਂ) : ਗਾਦੜੀ ਵਾਲਾ ਰੋਡ ਕੱਚਾ ਜ਼ੀਰਾ ’ਚ ਮੋਟਰਸਾਈਕਲ ਸਵਾਰ 4 ਹਥਿਆਰਬੰਦ ਲੁਟੇਰੇ 2 ਨੌਜਵਾਨਾਂ ’ਤੇ ਫਾਇਰਿੰਗ ਕਰ ਕੇ ਉਨ੍ਹਾਂ ਦਾ ਮੋਟਰਸਾਈਕਲ ਖੋਹ ਕੇ ਫ਼ਰਾਰ ਹੋ ਗਏ ਅਤੇ ਫਾਇਰ ਲੱਗਣ ਨਾਲ ਇਕ ਨੌਜਵਾਨ ਜ਼ਖਮੀ ਹੋ ਗਿਆ। ਇਸ ਘਟਨਾ ਸਬੰਧੀ ਥਾਣਾ ਸਦਰ ਜ਼ੀਰਾ ਦੀ ਪੁਲਸ ਵੱਲੋਂ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਸ ਨੂੰ ਦਿੱਤੇ ਬਿਆਨਾਂ ’ਚ ਸ਼ਿਕਾਇਤਕਰਤਾ ਧਰਮਪ੍ਰੀਤ ਸਿੰਘ ਪੁੱਤਰ ਨਸੀਬ ਸਿੰਘ ਵਾਸੀ ਗਾਦੜੀ ਵਾਲਾ ਨੇ ਦੱਸਿਆ ਕਿ ਬੀਤੇ ਦਿਨ ਉਹ ਆਪਣੇ ਦੋਸਤ ਲਵਪ੍ਰੀਤ ਸਿੰਘ ਪੁੱਤਰ ਕ੍ਰਿਸ਼ਨ ਕੁਮਾਰ ਵਾਸੀ ਪਿੰਡ ਗਾਦੜੀ ਵਾਲਾ ਨਾਲ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਕਿਸੇ ਨਿੱਜੀ ਕੰਮ ਲਈ ਜ਼ੀਰਾ ਗਿਆ ਸੀ।

ਜਦੋਂ ਉਹ ਵਾਪਸ ਆ ਰਹੇ ਸੀ ਤਾਂ ਇਕ ਸਪਲੈਂਡਰ ਮੋਟਰਸਾਈਕਲ ’ਤੇ ਮੂੰਹ ਬੰਨ੍ਹੇ 4 ਵਿਅਕਤੀ ਆਏ, ਜਿਨ੍ਹਾਂ ਨੇ ਆਪਣਾ ਮੋਟਰਸਾਈਕਲ ਅੱਗੇ ਲਾ ਕੇ ਉਨ੍ਹਾਂ ਦਾ ਰਸਤਾ ਰੋਕ ਲਿਆ ਤੇ ਇਕ ਨੇ ਪਿਸਤੌਲ ਨਾਲ ਫਾਇਰ ਕੀਤਾ, ਜੋ ਲਵਪ੍ਰੀਤ ਸਿੰਘ ਦੀ ਲੱਤ ’ਤੇ ਲੱਗਾ ਤੇ ਉਹ ਜ਼ਖਮੀ ਹੋ ਗਿਆ। ਇਸ ਤੋਂ ਬਾਅਦ ਇਕ ਲੁਟੇਰੇ ਨੇ ਉਸਦੀ ਛਾਤੀ ’ਤੇ ਪਿਸਤੌਲ ਰੱਖ ਲਿਆ ਤੇ ਉਸ ਕੋਲੋਂ ਜ਼ਬਰਦਸਤੀ ਮੋਟਰਸਾਈਕਲ ਖੋਹ ਲਿਆ। ਫਾਇਰ ਲੱਗਣ ਨਾਲ ਜ਼ਖਮੀ ਹੋਏ ਨੌਜਵਾਨ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲਸ ਵੱਲੋਂ ਲੁਟੇਰਿਆਂ ਦੀ ਭਾਲ ਜਾਰੀ ਹੈ।


 


Babita

Content Editor

Related News