2 ਫਰਵਰੀ ਦੀ ਰੈਲੀ ਨੂੰ ਲੈ ਕੇ ਲੌਂਗੋਵਾਲ ਤੇ ਢੀਂਡਸਾ ਹੋਏ ਆਹਮੋ-ਸਾਹਮਣੇ

01/31/2020 5:19:39 PM

ਲੌਂਗੋਵਾਲ (ਵਸ਼ਿਸ਼ਟ) : ਸੁਖਦੇਵ ਸਿੰਘ ਢੀਂਡਸਾ ਵੱਲੋਂ ਅਕਾਲੀ ਦਲ ਦੀ ਸੰਗਰੂਰ ਰੈਲੀ ਸਬੰਧੀ ਕੀਤਾ ਜਾ ਰਿਹਾ ਪ੍ਰਚਾਰ ਕਿ ਇਸ ਰੈਲੀ ਵਿਚ ਪੰਜਾਬ ਭਰ ਤੋਂ ਲੋਕਾਂ ਨੂੰ ਇਕੱਠਾ ਕੀਤਾ ਜਾਵੇਗਾ ਦੇ ਜਵਾਬ ਵਿਚ ਐਸ.ਜੀ.ਪੀ.ਸੀ. ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਢੀਂਡਸਾ ਵੱਲੋਂ ਇਹ ਬੇਤੁਕਾ ਅਤੇ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਇਸ ਰੈਲੀ ਵਿਚ ਸਿਰਫ਼ ਸੰਗਰੂਰ ਲੋਕ ਸਭਾ ਹਲਕੇ, ਜਿਸ ਵਿਚ ਸੰਗਰੂਰ ਤੇ ਬਰਨਾਲਾ ਜ਼ਿਲਾ ਪੈਂਦੇ ਹਨ ਦੇ ਲੋਕ ਹੀ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਮੀਡੀਆ ਚਾਹੇ ਤਾਂ ਉਸ ਦਿਨ ਇਸ ਗੱਲ ਦੀ ਪੂਰੀ ਤਰ੍ਹਾਂ ਪੜਤਾਲ ਕਰ ਸਕਦਾ ਹੈ। ਇਕ ਵੀ ਗੱਡੀ ਇਸ ਰੈਲੀ ਵਿਚ ਹੋਰ ਜ਼ਿਲੇ ਦੀ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਰੈਲੀ ਵਿਚ ਦੋਵਾਂ ਜ਼ਿਲਿਆਂ ਦਾ ਹੋਣ ਵਾਲਾ ਇਕੱਠ ਹੀ ਸਭ ਭਰਮ ਭੁਲੇਖੇ ਦੂਰ ਕਰ ਦੇਵੇਗਾ।

ਦਿੱਲੀ ਵਿਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੁੜ ਭਾਰਤੀ ਜਨਤਾ ਪਾਰਟੀ ਨੂੰ ਸਮਰਥਨ ਦੇਣ 'ਤੇ ਭਾਈ ਲੌਂਗੋਵਾਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਾ ਗੱਠਜੋੜ ਕਦੇ ਵੀ ਨਹੀਂ ਟੁੱਟਿਆ ਅਤੇ ਪਿਛਲੇ ਦਿਨੀਂ ਜਿਸ ਕਾਰਨ ਸਦਕਾ ਦਿੱਲੀ ਚੋਣਾਂ ਨਾ ਲੜਨ ਦਾ ਮਨ ਬਣਾਇਆ ਸੀ ਉਸ ਗੱਲ 'ਤੇ ਸ਼੍ਰੋਮਣੀ ਅਕਾਲੀ ਦਲ ਅੱਜ ਵੀ ਸਟੈਂਡ ਕਰਦਾ ਹੈ ਅਤੇ ਨਾਗਰਿਕਤਾ ਸੋਧ ਬਿੱਲ ਦਾ ਸਮਰਥਨ ਕਰਦਾ ਹੈ ਪਰ ਇਸ ਵਿਚ ਮੁਸਲਮਾਨ ਭਾਈਚਾਰੇ ਨੂੰ ਘੇਰੇ ਅੰਦਰ ਲਿਆਉਣ ਦੀ ਮੰਗ ਕਰਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਹੋਰਨਾਂ ਵੱਲੋਂ ਇਸ ਸਬੰਧ ਵਿਚ ਕੀਤੀ ਜਾ ਰਹੀ ਬਿਆਨਬਾਜ਼ੀ ਬੇਤੁਕੀ ਹੈ। ਦੱਸ ਦੇਈਏ ਕਿ ਐਸ.ਜੀ.ਪੀ.ਸੀ. ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਸਥਾਨਕ ਅਗਰਵਾਲ ਧਰਮਸ਼ਾਲਾ ਵਿਚ ਮਾਸਟਰ ਪ੍ਰੇਮ ਮੋਹਨ ਗਰਗ ਦੀ ਅੰਤਿਮ ਅਰਦਾਸ ਵਿਚ ਸ਼ਾਮਲ ਹੋਣ ਲਈ ਪੁੱਜੇ ਸਨ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਉਦੇ ਸਿੰਘ ਲੌਂਗੋਵਾਲ, ਪੀ.ਆਰ.ਟੀ.ਸੀ ਦੇ ਸਾਬਕਾ ਚੇਅਰਮੈਨ ਇੰਜ.ਵਿਨਰਜੀਤ ਸਿੰਘ ਗੋਲਡੀ, ਕਾਕਾ ਨਵਇੰਦਰਪ੍ਰੀਤ ਸਿੰਘ ਲੌਂਗੋਵਾਲ ਆਦਿ ਵੀ ਹਾਜ਼ਰ ਸਨ।


Related News