ਦੋਆਬੇ ਦੀ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਬਣੇਗੀ ‘ਮੁੱਛ ਦਾ ਸਵਾਲ’
Saturday, Mar 04, 2023 - 06:26 PM (IST)

ਲੁਧਿਆਣਾ (ਮੁੱਲਾਂਪੁਰੀ) : ਦੋਆਬੇ ਦੀ ਰਾਜਧਾਨੀ ਜਲੰਧਰ ਲੋਕ ਸਭਾ ਜ਼ਿਮਨੀ ਚੋਣ, ਜਿਸ ਦਾ ਐਲਾਨ ਆਉਣ ਵਾਲੇ ਦਿਨਾਂ ’ਚ ਹੋਣ ਦੇ ਆਸਾਰ ਹਨ, ਨੂੰ ਭਾਂਪ ਕੇ ਪੰਜਾਬ ਦੀਆਂ ਵੱਖ-ਵੱਖ ਸਿਆਸੀ ਪਾਰਟੀਆਂ ਨੇ ਕੰਨ ਚੁੱਕ ਲਏ ਹਨ ਅਤੇ ਜਲੰਧਰ ’ਚ ਤੂਫਾਨੀ ਗੇੜੇ, ਨੁੱਕਰ ਮੀਟਿੰਗਾਂ ਸ਼ਾਮ ਸਵੇਰ ਜੋੜ-ਤੋੜ ਦੀ ਸਿਆਸਤ ਸ਼ੁਰੂ ਕਰ ਦਿੱਤੀ ਹੈ। ਪੰਜਾਬ ’ਚ ਇਹ ਲੋਕ ਸਭਾ ਹਲਕੇ ਦੀ ਚੋਣ ਇਸ ਵਾਰ ਇਨ੍ਹਾਂ ਸਿਆਸੀ ਪਾਰਟੀਆਂ ਦੀ ਮੁੱਛ ਦਾ ਸਵਾਲ ਹੋਵੇਗੀ ਕਿਉਂਕਿ ਜਲੰਧਰ ਜ਼ਿਲ੍ਹੇ ਦੀ ਅਹਿਮੀਅਤ ਅਤੇ ਦੁਆਬੇ ਦੇ ਖਿੱਤੇ ਨਾਲ ਜੁੜੇ ਹੋਣ ਅਤੇ ਮੀਡੀਆ ਦਾ ਘਰ ਹੋਣ ਕਾਰਨ ਇਸ ਹਲਕੇ ਵਿਚ ਸਾਰੀਆਂ ਪਾਰਟੀਆਂ ਆਪੋ-ਆਪਣੀ ਜਿੱਤ ਲਈ ਵਾਹ ਲਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੀਆਂ।
ਇਹ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ਦਾ ਵਿਰੋਧੀਆਂ ਨੂੰ ਦੋ ਟੁੱਕ ’ਚ ਜਵਾਬ, ਟਵੀਟ ਕਰਕੇ ਆਖੀ ਵੱਡੀ ਗੱਲ
ਜੇਕਰ ਇਹ ਆਖ ਲਿਆ ਜਾਵੇ ਕਿ ਜਲੰਧਰ ਸਿਆਸੀ ਨੇਤਾਵਾਂ ਦੀ ਆਉਣ ਵਾਲੇ ਦਿਨਾਂ ’ਚ ਰਾਜਧਾਨੀ ਹੋਵੇਗੀ ਤਾਂ ਕੋਈ ਅਤਿ-ਕਥਨੀ ਨਹੀਂ ਹੋਵੇਗੀ। ਇਸ ਹਲਕੇ ’ਚ ਕਾਂਗਰਸ ਵਲੋਂ ਹਿਮਾਚਲ ਦੇ ਉਪ ਮੁੱਖ ਮੰਤਰੀ ਨੂੰ ਆਬਜ਼ਰਵਰ ਲਾਉਣਾ ਤੇ ਸਵ. ਚੌਧਰੀ ਸਾਹਿਬ ਦੀ ਧਰਮ ਪਤਨੀ ਮੈਡਮ ਚੌਧਰੀ ਵਲੋਂ ਹਲਕੇ ਵਿਚ ਸਰਗਰਮ ਹੋਣਾ, ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਵਲੋਂ ਅੰਦਰਖਾਤੇ ਪਵਨ ਟੀਨੂ ਨੂੰ ਥਾਪੜਾ ਦੇਣਾ ਅਤੇ ਸੁਖਬੀਰ ਬਾਦਲ ਵਲੋਂ ਹਲਕੇ ਦਾ ਤੂਫਾਨੀ ਦੌਰਾ ਕਰਨਾ।
ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਵਲੋਂ ਆਪਣੀ ਸਰਕਾਰ ਦੇ ਇਕ ਸਾਲ ਦਾ ਰਿਪੋਰਟ ਕਾਰਡ ਲੈ ਕੇ ਇਸ ਹਲਕੇ ’ਚ ਕੁੱਦਣ ਲਈ ਆਪਣੇ ਆਬਜ਼ਰਵਰ ਭੇਜਣਾ ਤੇ ਹਰੀ ਝੰਡੀ ਦੇਣਾ। ਭਾਜਪਾ ਵਲੋਂ ਇਸ ਲੋਕ ਸਭਾ ਹਲਕੇ ’ਚ ਆਪਣੇ ਤੌਰ ’ਤੇ ਜਿੱਤ ਲਈ ਬਿਗੁਲ ਵਜਾਉਣਾ ਕਿਸੇ ਤੋਂ ਲੁਕਿਆ ਨਹੀਂ ਹੈ। ਇਨ੍ਹਾਂ ਪਾਰਟੀਆਂ ਦਾ ਸਭ ਕੁਝ ਜੱਗ ਜ਼ਾਹਿਰ ਹੋਣਾ ਸਾਹਮਣੇ ਦਿਖਾਈ ਦੇਣ ਲੱਗ ਗਿਆ ਹੈ ਪਰ ਬਾਦਲ ਵਿਰੋਧੀ ਖੇਮੇ ਵਲੋਂ ਅੰਦਰਖਾਤੇ ਸਰਵਣ ਸਿੰਘ ਫਿਲੌਰ ਨੂੰ ਉਮੀਦਵਾਰ ਬਣਾਉਣ ਦੀਆਂ ਗੁੰਦੀਆਂ ਜਾ ਰਹੀਆਂ ਗੋਂਦਾਂ ਕਿਤੇ ਨਾ ਕਿਤੇ ਦਿਖਾਈ ਦੇਣ ਲੱਗ ਪਈਆਂ ਹਨ, ਜਿਸ ਨੂੰ ਲੈ ਕੇ ਹੁਣ ਚੋਣ ਦਾ ਐਲਾਨ ਹੋਣ ਉਪਰੰਤ ਚੋਣ ਜ਼ਾਬਤਾ ਵੀ ਲੱਗ ਜਾਵੇਗਾ।
ਇਹ ਵੀ ਪੜ੍ਹੋ : ਕੇਂਦਰੀ ਏਜੰਸੀਆਂ ਦਾ ਪੰਜਾਬ ਪੁਲਸ ਨੂੰ ਇਨਪੁੱਟ, ਅੰਮ੍ਰਿਤਪਾਲ ਸਿੰਘ ’ਤੇ ਹੋ ਸਕਦੈ ਵੱਡਾ ਹਮਲਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।