ਅਕਾਲੀ ਦਲ ਨੇ ਖੋਲ੍ਹਿਆ ਪੱਤਾ, ਇਹ ਹੋਣਗੇ ਖਡੂਰ ਸਾਹਿਬ ਤੋਂ ਉਮੀਦਵਾਰ! (ਵੀਡੀਓ)
Sunday, Mar 10, 2019 - 06:37 PM (IST)
ਖਡਰੂ ਸਾਹਿਬ/ਕਪੂਰਥਲਾ : ਟਕਸਾਲੀ ਲੀਡਰ ਰਣਜੀਤ ਸਿੰਘ ਬ੍ਰਹਮਪੁਰਾ ਦੀ ਬਗਾਵਤ ਤੋਂ ਬਾਅਦ ਖਡੂਰ ਸਾਹਿਬ ਸੀਟ 'ਤੇ ਉਮੀਦਵਾਰ ਦੀ ਭਾਲ 'ਚ ਲੱਗੇ ਹੋਏ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਕਪੂਰਥਲਾ ਤੋਂ ਸਾਬਕਾ ਵਿਧਾਇਕ ਬੀਬੀ ਜਗੀਰ ਕੌਰ ਨੂੰ ਇਸ ਸੀਟ 'ਤੇ ਉਤਾਰਨ ਦਾ ਫੈਸਲਾ ਕੀਤਾ ਹੈ। ਇਸ ਗੱਲ ਦਾ ਖੁਲਾਸਾ ਖੁਦ ਬੀਬੀ ਜਗੀਰ ਕੌਰ ਨੇ ਕੀਤਾ ਹੈ। ਕਪੂਰਥਲਾ ਵਿਚ ਵਰਕਰਾਂ ਨਾਲ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬੀਬੀ ਜਗੀਰ ਕੌਰ ਨੇ ਕਿਹਾ ਕਿ ਪਾਰਟੀ ਹਾਈ ਕਮਾਨ ਨੇ ਉਨ੍ਹਾਂ ਨੂੰ ਖਡੂਰ ਸਾਹਿਬ ਤੋਂ ਲੋਕ ਸਭਾ ਸੀਟ ਲਈ ਚੋਣ ਲੜਨ ਦਾ ਹੁਕਮ ਦਿੱਤਾ ਹੈ। ਇਸ ਦੇ ਚੱਲਦੇ ਉਨ੍ਹਾਂ ਕਪੂਰਥਲਾ ਵਿਚ ਵਰਕਰਾਂ ਨਾਲ ਮੀਟਿੰਗ ਕੀਤੀ ਹੈ ਜਿਸ ਵਿਚ ਵਰਕਰਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ। ਬੀਬੀ ਨੇ ਕਿਹਾ ਕਿ ਲੋਕ ਕਾਂਗਰਸ ਦੀਆਂ ਨੀਤੀਆਂ ਤੋਂ ਤੰਗ ਆ ਚੁੱਕੇ ਹਨ ਅਤੇ ਲੋਕ ਸਭਾ ਚੋਣਾਂ 'ਚ ਮੁੜ ਅਕਾਲੀ-ਭਾਜਪਾ ਦਾ ਸਾਥ ਦੇਣਗੇ। ਭਾਵੇਂ ਅਜੇ ਪਾਰਟੀ ਹਾਈਕਮਾਨ ਵਲੋਂ ਅਧਿਕਾਰਕ ਤੌਰ 'ਤੇ ਬੀਬੀ ਜਗੀਰ ਕੌਰ ਦੇ ਨਾਂ ਦਾ ਐਲਾਨ ਨਹੀਂ ਕੀਤਾ ਗਿਆ ਹੈ ਬਾਵਜੂਦ ਇਸ ਦੇ ਬੀਬੀ ਵਲੋਂ ਆਪਣੇ ਨਾਂ ਨੂੰ ਲਗਭਗ ਫਾਈਨਲ ਦੱਸਿਆ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਲਗਾਤਾਰ ਦੋ ਵਾਰ 2009 ਅਤੇ 2014 ਵਿਚ ਅਕਾਲੀ ਦਲ ਖਡੂਰ ਸਾਹਿਬ ਲੋਕ ਸਭਾ ਸੀਟ 'ਤੇ ਜਿੱਤ ਦਰਜ ਕਰ ਚੁੱਕਾ ਹੈ। 2009 'ਚ ਡਾ. ਰਤਨ ਸਿੰਘ ਅਜਨਾਲਾ ਇਸ ਸੀਟ 'ਤੇ ਜੇਤੂ ਰਹੇ ਸਨ ਜਦਕਿ 2014 ਵਿਚ ਰਣਜੀਤ ਸਿੰਘ ਬ੍ਰਹਮਪੁਰਾ ਇਥੇ ਜਿੱਤੇ ਸਨ। ਮੌਜੂਦਾ ਸਮੇਂ ਵਿਚ ਪਾਰਟੀ ਦੀਆਂ ਨੀਤੀਆਂ ਅਤੇ ਸੁਖਬੀਰ ਬਾਦਲ ਦੇ ਪ੍ਰਧਾਨ ਬਣਨ ਤੋਂ ਨਾਰਾਜ਼ ਮੈਂਬਰ ਪਾਰਲੀਮੈਂਟ ਰਣਜੀਤ ਸਿੰਘ ਬ੍ਰਹਮਪੁਰਾ ਪਾਰਟੀ ਨੂੰ ਛੱਡ ਕੇ ਵੱਖਰਾ ਅਕਾਲੀ ਦਲ ਬਣਾ ਚੁੱਕੇ ਹਨ। ਬ੍ਰਹਮਪੁਰਾ ਦੇ ਅਕਾਲੀ ਦਲ ਟਕਸਾਲੀ ਵਲੋਂ ਜੇ. ਜੇ. ਸਿੰਘ ਨੂੰ ਖਡੂਰ ਸਾਹਿਬ ਤੋਂ ਉਮੀਦਵਾਰ ਐਲਾਨਿਆ ਹੈ।
ਯਾਦ ਰਹੇ ਜੇ. ਜੇ. ਸਿੰਘ ਉਹੀ ਸ਼ਖਸ ਹਨ ਜਿਨ੍ਹਾਂ ਨੂੰ ਅਕਾਲੀ ਦਲ ਬਾਦਲ ਵਲੋਂ ਵਿਧਾਨ ਸਭਾ ਚੋਣਾਂ ਦੌਰਾਨ ਪਟਿਆਲਾ ਤੋਂ ਕੈਪਟਨ ਅਮਰਿੰਦਰ ਸਿੰਘ ਖਿਲਾਫ ਚੋਣ ਮੈਦਾਨ ਵਿਚ ਉਤਾਰਿਆ ਗਿਆ ਸੀ ਪਰ ਉਹ ਹਾਰ ਗਏ ਸਨ। ਫਿਲਹਾਲ ਅਜੇ ਤਕ ਨਾ ਤਾਂ ਕਾਂਗਰਸ ਪਾਰਟੀ ਵਲੋਂ ਖਡੂਰ ਸਾਹਿਬ ਲੋਕ ਸਭਾ ਸੀਟ ਲਈ ਉਮੀਦਵਾਰ ਦੇ ਨਾਂ ਦਾ ਐਲਾਨ ਕੀਤਾ ਗਿਆ ਹੈ ਅਤੇ ਨਾ ਹੀ ਆਮ ਆਦਮੀ ਪਾਰਟੀ ਵਲੋਂ ਅਜੇ ਤਕ ਪੱਤੇ ਖੋਲ੍ਹੇ ਗਏ ਸਨ।