ਪੰਜਾਬ ਦੇ ਰਸਤੇ ਡਾ. ਮਨਮੋਹਨ ਸਿੰਘ ਨੂੰ ਰਾਜ ਸਭਾ ਭੇਜਣ ਦੀ ਤਿਆਰੀ

Tuesday, Jan 15, 2019 - 06:57 PM (IST)

ਪੰਜਾਬ ਦੇ ਰਸਤੇ ਡਾ. ਮਨਮੋਹਨ ਸਿੰਘ ਨੂੰ ਰਾਜ ਸਭਾ ਭੇਜਣ ਦੀ ਤਿਆਰੀ

ਜਲੰਧਰ (ਰਵਿੰਦਰ)— ਪੰਜਾਬ ਹੀ ਇਕ ਅਜਿਹਾ ਸੂਬਾ ਹੈ, ਜਿੱਥੇ ਕਾਂਗਰਸ ਦੋ ਤਿਹਾਈ ਬਹੁਮਤ ਨਾਲ ਸੱਤਾ ਵਿਚ ਹੈ। ਪੰਜਾਬ ਦੀ ਸਿਆਸਤ 'ਚ ਜਿੱਥੇ ਸ਼੍ਰੋਮਣੀ ਅਕਾਲੀ ਦਲ ਆਪਣੇ ਇਤਿਹਾਸ ਦੇ ਸਭ ਤੋਂ ਮਾੜੇ ਦੌਰ 'ਚੋਂ ਲੰਘ ਰਿਹਾ ਹੈ, ਉਥੇ ਆਮ ਆਦਮੀ ਪਾਰਟੀ ਦਾ ਗ੍ਰਾਫ ਵੀ ਕਾਫੀ ਥੱਲੇ ਚੱਲ ਰਿਹਾ ਹੈ। ਅਜਿਹੇ 'ਚ ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਪੰਜਾਬ ਕਾਂਗਰਸ ਲਈ ਹੁਕਮ ਦਾ ਯੱਕਾ ਸਾਬਿਤ ਹੋ ਸਕਦਾ ਹੈ, ਬਸ ਪਾਰਟੀ ਨੂੰ ਡਰ ਹੈ ਕਿ 1984 ਸਿੱਖ ਦੰਗਿਆਂ ਨੂੰ  ਪਾਰਟੀ ਦੇ ਸੀਨੀਅਰ ਆਗੂ ਸੱਜਣ ਕੁਮਾਰ ਨੂੰ ਦੋਸ਼ੀ ਠਹਿਰਾਉਣ ਦੇ ਮਾਮਲੇ ਦਾ। ਹਾਈਕਮਾਨ ਨੂੰ ਡਰ ਹੈ ਕਿ 1984 ਸਿੱਖ ਦੰਗਿਆਂ 'ਚ ਕਾਂਗਰਸੀ ਆਗੂ 'ਤੇ ਦੋਸ਼ ਸਾਬਿਤ ਹੋਣ ਤੋਂ ਬਾਅਦ ਕਿਤੇ ਸਿੱਖ ਵੋਟ ਬੈਂਕ ਪਾਰਟੀ ਦੇ ਹੱਥੋਂ ਖਿਸਕ ਨਾ ਜਾਵੇ ਪਰ ਕਾਂਗਰਸੀ ਹਾਈਕਮਾਨ ਨੇ ਇਸ ਦੀ ਵੀ ਕਾਟ ਕੱਢਣ ਲਈ ਡਾ. ਮਨਮੋਹਨ ਸਿੰਘ ਦਾ ਚਿਹਰਾ ਅੱਗੇ ਕਰਨ ਦੀ ਰਣਨੀਤੀ ਬਣਾਈ ਹੈ। ਇਸ ਰਣਨੀਤੀ ਤਹਿਤ ਕਾਂਗਰਸ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਇਸ ਵਾਰ ਪੰਜਾਬ ਤੋਂ ਰਾਜ ਸਭਾ ਭੇਜਣ ਦੀ ਤਿਆਰੀ ਕਰ ਰਹੀ ਹੈ। ਮੌਜੂਦਾ ਸਮੇਂ ਵਿਚ ਡਾ. ਮਨਮੋਹਨ ਸਿੰਘ ਅਸਾਮ ਤੋਂ ਰਾਜ ਸਭਾ ਮੈਂਬਰ ਹਨ ਤੇ ਜੂਨ 2019 ਵਿਚ ਉਨ੍ਹਾਂ ਦੀ ਟਰਮ ਖਤਮ ਹੋਣ ਜਾ  ਰਹੀ ਹੈ। ਸੋਨੀਆ ਗਾਂਧੀ ਚਾਹੁੰਦੀ ਹੈ ਕਿ ਡਾ. ਮਨਮੋਹਨ ਸਿੰਘ ਨੂੰ ਇਕ ਵਾਰ ਫਿਰ ਰਾਜ ਸਭਾ ਭੇਜਿਆ ਜਾਵੇ ਤਾਂ ਜੋ ਉਨ੍ਹਾਂ ਦੇ ਤਜਰਬੇ ਦਾ ਪਾਰਟੀ ਭਵਿੱਖ ਵਿਚ ਵੀ ਫਾਇਦਾ ਉਠਾ ਸਕੇ। 

ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਆਸਾਮ 'ਚ ਕਾਂਗਰਸ ਕੋਲ ਵਿਧਾਇਕਾਂ ਦੀ ਇੰਨੀ ਗਿਣਤੀ  ਨਹੀਂ ਹੈ ਕਿ  ਡਾ. ਮਨਮੋਹਨ ਸਿੰਘ ਨੂੰ ਦੁਬਾਰਾ ਉਥੋਂ ਰਾਜ ਸਭਾ ਭੇਜਿਆ ਜਾਵੇ। ਡਾ. ਮਨਮੋਹਨ ਸਿੰਘ ਨੂੰ ਪਾਰਟੀ ਪੰਜਾਬ ਦੇ ਰਸਤੇ ਭੇਜਣ ਦੀ ਤਿਆਰੀ 'ਚ ਜੁਟ ਗਈ ਹੈ, ਤਾਂ ਜੋ ਖਿਸਕੇ ਵੋਟ ਬੈਂਕ ਨੂੰ ਦੁਬਾਰਾ ਨਾਲ ਜੋੜਿਆ ਜਾ ਸਕੇ ਅਤੇ ਅਗਲੇ ਤਿੰਨ ਸਾਲਾਂ ਤੱਕ ਇਥੋਂ ਰਾਜ ਸਭਾ ਦੀ ਕੋਈ ਸੀਟ ਖਾਲੀ ਨਹੀਂ ਹੋ ਰਹੀ। ਅਜਿਹੇ 'ਚ ਪੰਜਾਬ ਤੋਂ ਰਾਜ ਸਭਾ ਸੰਸਦ ਮੈਂਬਰ ਅੰਬਿਕਾ ਸੋਨੀ ਆਪਣੀ ਸੀਟ ਡਾ. ਮਨਮੋਹਨ ਸਿੰਘ ਲਈ ਛੱਡਣ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ 2014 ਲੋਕ ਸਭਾ ਚੋਣਾਂ ਅੰਬਿਕਾ ਸੋਨੀ ਸ੍ਰੀ ਅਨੰਦਪੁਰ ਸਾਹਿਬ ਤੋਂ ਅਕਾਲੀ ਦਲ ਦੇ  ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਤੋਂ ਹਾਰ ਗਈ ਸੀ। ਲੋਕ ਸਭਾ ਚੋਣਾਂ ਵਿਚ ਹਾਰ ਤੋਂ  ਬਾਅਦ ਅੰਬਿਕਾ ਸੋਨੀ ਨੇ ਰਾਜ ਸਭਾ ਦੇ ਰਸਤੇ ਸੰਸਦ ਵਿਚ ਪਹੁੰਚਣ ਲਈ ਪੂਰਾ ਜ਼ੋਰ ਲਾ ਦਿੱਤਾ  ਸੀ ਤੇ ਇਸ ਵਿਚ ਉਹ ਕਾਮਯਾਬ ਵੀ ਰਹੀ ਸੀ। ਰਾਜ ਸਭਾ ਵਿਚ ਜਾਣ ਤੋਂ ਬਾਅਦ ਅੰਬਿਕਾ ਸੋਨੀ ਨੇ  ਸ੍ਰੀ ਅਨੰਦਪੁਰ ਵਿਚ ਆਪਣੀਆਂ ਸਰਗਰਮੀਆਂ ਬਿਲਕੁਲ ਖਤਮ ਕਰ ਦਿੱਤੀਆਂ ਸਨ ਤੇ ਉਥੋਂ  ਦੁਬਾਰਾ 2019 ਵਿਚ ਲੋਕ ਸਭਾ ਚੋਣਾਂ ਲੜਣ ਦੀ ਚਾਹਵਾਨ ਨਹੀਂ ਹੈ ਪਰ ਉਹ ਆਪਣੀ ਰਾਜ ਸਭਾ ਸੀਟ  ਇਸ ਸ਼ਰਤ 'ਤੇ ਛੱਡਣ ਲਈ ਤਿਆਰ ਹੈ ਕਿ ਇਸ ਵਾਰ ਅਨੰਦਪੁਰ ਸਾਹਿਬ ਤੋਂ ਉਨ੍ਹਾਂ ਦੇ ਬੇਟੇ  ਅਨੂਪ ਸੋਨੀ ਨੂੰ ਲੋਕ ਸਭਾ  ਟਿਕਟ ਦਿੱਤੀ ਜਾਵੇ । ਜੇਕਰ ਡਾ. ਮਨਮੋਹਨ ਸਿੰਘ ਲਈ ਅੰਬਿਕਾ ਸੋਨੀ ਆਪਣੀ ਰਾਜ ਸਭਾ ਸੀਟ  ਪੰਜਾਬ ਤੋਂ ਕੁਰਬਾਨ ਕਰਦੀ ਹੈ ਤਾਂ ਪਾਰਟੀ ਲਈ ਇਹ ਮਜਬੂਰੀ ਬਣ ਜਾਵੇਗੀ ਕਿ ਉਨ੍ਹਾਂ ਦੇ ਬੇਟੇ ਅਨੂਪ ਸੋਨੀ ਨੂੰ ਸ੍ਰੀ ਅਨੰਦਪੁਰ ਸਾਹਿਬ ਸੀਟ ਤੋਂ ਲੜਾਇਆ  ਜਾਵੇ। ਜੇਕਰ ਅਜਿਹਾ ਹੁੰਦਾ ਹੈ ਤਾਂ ਇਸ ਸੀਟ 'ਤੇ ਪਿਛਲੇ ਕਈ ਸਾਲਾਂ ਤੋਂ ਨਜ਼ਰਾਂ ਗੱਡੀ ਬੈਠੇ ਕਈ ਸੀਨੀਅਰ ਆਗੂਆਂ ਦੇ ਅਰਮਾਨ ਹੰਝੂਆਂ 'ਚ ਵਹਿ ਜਾਣਗੇ।


author

shivani attri

Content Editor

Related News