ਭਾਜਪਾ ਦੀ ਬੈਠਕ ''ਚ ਦਿਖੀ ਗੁਟਬੰਦੀ, ਮੀਡੀਆ ''ਤੇ ਕੱਢੀ ਭੜਾਸ

Tuesday, Sep 12, 2017 - 12:47 PM (IST)

ਭਾਜਪਾ ਦੀ ਬੈਠਕ ''ਚ ਦਿਖੀ ਗੁਟਬੰਦੀ, ਮੀਡੀਆ ''ਤੇ ਕੱਢੀ ਭੜਾਸ

ਗੁਰਦਾਸਪੁਰ (ਵਿਨੋਦ, ਦੀਪਕ) — ਲੋਕਸਭਾ ਉਪ ਚੋਣ 'ਚ ਜਿੱਤ ਹਾਂਸਲ ਕਰਨ ਦਾ ਸਪਨਾ ਦੇਖ ਰਹੀ ਭਾਜਪਾ ਲਈ ਗੁੱਟਬਾਜ਼ੀ ਇਕ ਵੱਡੀ ਚਿੰਤਾ ਬਣ ਕੇ ਉਭਰੀ ਹੈ। ਇਸ ਗੁੱਟਬਾਜ਼ੀ ਦੀ ਕੜਵਾਹਟ ਭਾਜਪਾ ਦੇ ਕੁਝ ਆਗੂਆਂ ਦੇ ਵਿਵਹਾਰ 'ਚ ਝਲਕ ਗਈ। ਸੋਮਵਾਰ ਨੂੰ ਪਹਿਲਾਂ ਦੀਨਾਨਗਰ ਤੇ ਬਾਅਦ 'ਚ ਗੁਰਦਾਸਪੁਰ 'ਚ ਜ਼ਿਲਾ ਪੱਧਰੀ ਮੀਟਿੰਗ 'ਚ ਪਾਰਟੀ ਆਗੂਆਂ ਨੇ ਗੁੱਟਬਾਜ਼ੀ ਤੋਂ ਉਪਜੀ ਉਲਝਣ ਦੀ ਭੜਾਸ ਮੀਡੀਆ 'ਤੇ ਕੱਢੀ। ਰਾਤ ਨੂੰ ਮੀਡੀਆ ਨੂੰ ਫੋਨ ਕਰਕੇ ਖੁਦ ਹੀ ਬੁਲਾਇਆ ਗਿਆ ਤੇ ਸਵੇਰੇ ਪ੍ਰੋਗਰਾਮ ਤੋਂ ਬਾਹਰ ਨਿਕਲ ਜਾਣ ਲਈ ਕਹਿ ਦਿੱਤਾ ਗਿਆ। ਜਾਹਰ ਹੈ ਮੀਡੀਆ ਨੂੰ ਇਹ ਗੱਲ ਪੰਸਦ ਨਹੀਂ ਆਈ। ਬਾਅਦ 'ਚ ਪਾਰਟੀ ਦੇ ਇਕ ਸੀਨੀਅਰ ਆਗੂ ਨੇ ਮੁਆਫੀ ਵੀ ਮੰਗੀ ਪਰ ਮੀਡੀਆ ਕਰਮੀਆਂ ਦਾ ਗੁੱਸਾ ਠੰਡਾ ਨਹੀਂ ਹੋਇਆ।
ਭਾਜਪਾ ਦੇ ਰਾਸ਼ਟਰੀ ਉਪ-ਪ੍ਰਧਾਨ ਤੇ ਰਾਜ ਸਭਾ ਸੰਸਦ ਪ੍ਰਭਾਤ ਝਾ ਨੇ ਗੁਰਦਾਸਪੁਰ ਲੋਕ ਸਭਾ ਸੀਟ 'ਤੇ ਹੋਣ ਵਾਲੀ ਉਪ ਚੋਣ ਨੂੰ ਲੈ ਕੇ ਬਹਿਰਾਮਪੁਰ ਰੋਡ 'ਤੇ ਸਥਿਤ ਮੰਦਰ 'ਚ ਮੰਡਲ ਪ੍ਰਧਾਨਾਂ ਤੇ ਹੋਰ ਭਾਜਪਾ ਵਰਕਰਾਂ ਦੇ ਨਾਲ ਬੈਠਕ ਕੀਤੀ ਜਿਸ 'ਚ ਭਾਜਪਾ ਵਰਕਰਾਂ ਦੀ ਗੁਟਬੰਦੀ ਖੁੱਲ੍ਹ ਕੇ ਸਾਹਮਣੇ ਆਈ। ਬੈਠਕ 'ਚ ਝਾ ਦੇ ਨਾਲ ਸਾਬਕਾ ਕੈਬਨਿਟ ਮੰਤਰੀ ਤੇ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਇੰਚਾਰਜ ਮਦਨ ਮੋਹਨ ਮਿੱਤਲ, ਪ੍ਰਦੇਸ਼ ਸੰਗਠਨ ਮੰਤਰੀ ਦਿਨੇਸ਼, ਜ਼ਿਲਾ ਮਹਾਮੰਤਰੀ ਰਾਜਾ ਗੋਇਲ ਤੇ ਹੋਰ ਕਈ ਸੀਨੀਅਰ ਭਾਜਪਾ ਨੇਤਾ ਸ਼ਾਮਲ ਹੋਏ।
ਬੈਠਕ 'ਚ ਗੁਰਦਾਸਪੁਰ ਭਾਜਪਾ ਦੇ ਕਈ ਸੀਨੀਅਰ ਨੇਤਾ ਸ਼ਾਮਲ ਨਹੀਂ ਹੋਏ। ਇਸ ਮੌਕੇ 'ਤੇ ਸਾਬਕਾ ਮੀਡੀਆ ਇੰਚਾਰਜ ਅਮਨ ਮਹਾਜਨ ਨੇ ਦਸਿਆ ਕਿ ਭਾਜਪਾ 'ਚ ਗੁਟਬੰਦੀ ਚਲ ਰਹੀ ਹੈ ਤੇ ਪਾਰਟੀ 'ਚ  ਕਿਸੇ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਬੈਠਕ 'ਚ ਪ੍ਰਭਾਤ ਝਾ ਨੂੰ ਆਪਣੀ ਮੁਸ਼ਕਲ ਸੰਬੰਧੀ ਜਾਣਕਾਰੀ ਦੇਣੀ ਚਾਹੀ ਤਾਂ ਉਨ੍ਹਾਂ ਨੂੰ ਬੋਲਣ ਨਹੀਂ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਬੈਠਕਾਂ 'ਚ ਪਾਰਟੀ ਵਰਕਰ ਇਕ-ਦੂਜੇ ਨੂੰ ਨੀਵਾਂ ਦਿਖਾਉਣ 'ਚ ਲੱਗੇ ਹੋਏ ਹਨ, ਜਿਸ ਦਾ ਨੁਕਸਾਨ ਆਉਣ ਲਾਸੇ ਗੁਰਦਾਸੁਪਰ ਉਪਚੋਣ 'ਚ ਪਾਰਟੀ ਨੂੰ ਪਹੁੰਚ ਸਕਦਾ ਹੈ। ਇਸ ਮੌਕੇ 'ਤੇ ਪ੍ਰਦੀਪ ਸ਼ਰਮਾ ਜ਼ਿਲਾ ਪ੍ਰਧਾਨ, ਸਵਰਣ ਸਲਾਰਿਆ, ਕਵਿਤਾ ਖੰਨਾ, ਨੀਲਮ ਮਹੰਤ ਸਾਬਕਾ ਚੇਅਰਪਰਸਨ ਭਾਜਪਾ ਆਗੂ ਬਾਲਕਿਸ਼ਨ ਮਿੱਤਲ, ਪ੍ਰਵੀਨ ਕੁਮਾਰ ਮੰਡਲ ਪ੍ਰਧਾਨ ਤੇ ਹੋਰ ਹਾਜ਼ਰ ਸਨ।
ਜ਼ਿਕਰਯੋਗ ਹੈ ਕਿ ਭਾਜਪਾ ਵਰਕਰਾਂ ਨੂੰ ਬੈਠਕ ਦਾ ਸਮਾਂ 12:30 ਵਜੇ ਦਾ ਦੱਸਿਆ ਗਿਆ ਸੀ ਪਰ ਪ੍ਰਭਾਤ ਝਾ ਬੈਠਕ 'ਚ 2:15 ਵਜੇ ਦੇ ਕਰੀਬ ਪਹੁੰਚੇ। ਪ੍ਰਭਾਤ ਝਾ ਦੇ ਆਉਂਦੇ ਹੀ ਗੁਰਦਾਸਪੁਰ ਭਾਜਪਾ ਦੇ ਕਈ ਸੀਨੀਅਰ ਆਗੂਆਂ ਨੇ ਮੀਡੀਆ ਨੂੰ ਬੈਠਕ ਹਾਲ 'ਚੋਂ ਬਾਹਰ ਜਾਣ ਲਈ ਕਹਿ ਦਿੱਤਾ। ਜਿਸ ਕਾਰਨ ਮੀਡੀਆ ਕਰਮਚਾਰੀਆਂ 'ਚ ਰੋਸ ਪਾਇਆ ਜਾ ਰਿਹਾ ਹੈ।
ਇਸ ਮੀਟਿੰਗ 'ਚ ਗੁਰਦਾਸਪੁਰ ਤੋਂ ਸੰਬੋਧਿਤ ਭਾਜਪਾ ਦੇ ਸਾਬਕਾ ਜ਼ਿਲਾ ਪ੍ਰਧਾਨ ਰਮੇਸ਼ ਸ਼ਰਮਾ, ਅਸ਼ੋਕ ਵੈਦ, ਬਾਲ ਕ੍ਰਿਸ਼ਨ ਮਿੱਤਲ, ਜ਼ਿਲਾ ਉਪ ਪ੍ਰਧਾਨ ਹਰਦੀਪ ਸਿੰਘ ਰਿਆੜ,  ਸਾਬਕਾ ਮਹਾ ਸਕੱਤਰ ਵਿਜੇ ਵਰਮਾ ਤੇ ਹੋਰ ਲਗਭਗ ਸਾਰੇ ਸੀਨੀਅਰ ਆਗੂ ਗੈਰ ਹਾਜ਼ਰ ਸਨ।
ਉਥੇ ਹੀ ਤਿਬੜ ਮੰਡਲ ਦੇ ਪ੍ਰਧਾਨ ਡਾ. ਦਿਲਬਾਗ ਰਾਇ ਨੂੰ ਜਦ ਮੀਟਿੰਗ ਦੌਰਾਨ ਆਪਣੇ ਕੰਮਾਂ ਸਮੇਤ ਹੋਰ ਜਾਣਕਾਰੀ ਦੇਣ ਲਈ ਸੱਦਾ ਦਿੱਤਾ ਗਿਆ ਤਾਂ ਉਨ੍ਹਾਂ ਨੇ ਸਾਥੀਆਂ ਦਾ ਬਿਓਰਾ ਦਿੰਦਾ ਸਮੇਂ ਰੋਸ ਜਤਾਉਂਦੇ ਹੋਏ ਸਵਾਲ ਕੀਤਾ ਕਿ ਜੇਕਰ ਮੀਟਿੰਗ ਨੂੰ 2 ਤੋਂ 2:30 ਵਜੇ ਸ਼ੁਰੂ ਕਰਨਾ ਸੀ ਤਾਂ ਸਾਨੂੰ 12:30 ਵਜੇ ਕਿਉਂ ਦਿੱਤਾ ਗਿਆ ਤੇ ਹੁਣ ਸਾਨੂੰ ਕਿਹਾ ਜਾ ਰਿਹਾ ਹੈ ਕਿ ਆਪਣੇ ਨਾਲ ਲਿਆਂਦੇ ਵਰਕਰਾਂ ਦਾ ਬਿਊਰਾ ਦਿਓ ਤਾਂ ਅਸੀਂ ਕਿਵੇਂ ਦੇ ਸਕਦੇ ਹਾਂ ਕਿਉਂਕਿ ਲੰਮੇ ਸਮੇਂ ਤੋਂ ਬੈਠੇ ਸਾਡੇ ਅਹੁਦਾ ਅਧਿਕਾਰੀ ਉਠ ਕੇ ਚਲੇ ਗਏ ਹਨ ਤੇ ਹੋਰ ਅਹੁਦਾ ਅਧਿਕਾਰੀ ਵੀ ਜਾ ਚੁੱਕੇ ਹਨ। ਅਜਿਹੇ ਸਵਾਲਾਂ ਨਾਲ ਇਕ ਵਾਰ ਤਾਂ ਮੀਟਿੰਗ ਹਾਲ 'ਚ ਮੌਜੂਦ ਸਾਰੇ ਅਹੁਦਾ ਅਧਿਕਾਰੀਆਂ ਤੇ ਕਾਰਜਕਰਤਾਵਾਂ ਨੇ ਚੁੱਪੀ ਧਾਰ ਲਈ ਕਿ ਕੋਈ ਤਾਂ ਹੈ ਜੋ ਸੱਚਾਈ ਨਾਲ ਆਪਣੀ ਗੱਲ ਰੱਖਣ ਦਾ ਦਮ ਰੱਖਦਾ ਹੈ। 


Related News