ਖਹਿਰਾ, ਮਨਪ੍ਰੀਤ ਅਤੇ ਹਰਸਿਮਰਤ, ਬਠਿੰਡਾ 'ਚ ਕਿਸਦੀ ਬੋਲੇਗੀ ਤੂਤੀ (ਵੀਡੀਓ)
Tuesday, Feb 05, 2019 - 03:43 PM (IST)
ਬਠਿੰਡਾ(ਅਮਿਤ)— ਬਠਿੰਡਾ ਲੋਕ ਸਭਾ ਚੋਣਾਂ ਵਿਚ ਇਸ ਵਾਰ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਲਈ ਜਿੱਤਣਾ ਇੰਨਾ ਆਸਾਨ ਨਹੀਂ ਹੈ। ਕਿਉਂਕਿ ਇਸ ਵਾਰ ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਸੁਖਪਾਲ ਖਹਿਰਾ ਵੀ ਬਠਿੰਡਾ ਤੋਂ ਚੋਣ ਲੜਨ ਦੀਆਂ ਤਿਆਰੀਆਂ ਵੱਟੀ ਬੈਠੇ ਹਨ। ਮਨਪ੍ਰੀਤ ਬਾਦਲ ਨੇ ਮੀਡੀਆ ਨੂੰ ਕਿਹਾ ਸੀ ਕਿ ਜੇਕਰ ਪਾਰਟੀ ਉਨ੍ਹਾਂ ਨੂੰ ਟਿਕਟ ਦਿੰਦੀ ਹੈ ਤਾਂ ਉਹ ਬਠਿੰਡਾ ਤੋਂ ਚੋਣ ਲੜਨਗੇ। ਉਥੇ ਹੀ ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਵੱਲੋਂ ਬਠਿੰਡਾ ਤੋਂ ਹੀ ਚੋਣ ਲੜਨ ਦੀ ਚਰਚਾ ਹੈ। ਜ਼ਿਕਰਯੋਗ ਹੈ ਕਿ ਹਰਸਿਮਰਤ ਕੌਰ ਬਾਦਲ ਬਠਿੰਡਾ ਤੋਂ 2 ਵਾਰ ਜਿੱਤ ਚੁੱਕੇ ਹਨ।
ਇਸ ਬਾਰੇ ਵਿਚ ਬਠਿੰਡਾ ਦੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਇਸ ਦੌਰਾਨ ਜਿੱਥੇ ਕੁਝ ਲੋਕਾਂ ਨੇ ਹਰਸਿਮਰਤ ਕੌਰ ਬਾਦਲ ਵੱਲੋਂ ਬਠਿੰਡਾ ਵਿਚ ਕਰਵਾਏ ਗਏ ਵਿਕਾਸ ਕੰਮਾਂ ਦੀ ਗੱਲ ਕਹੀ, ਉਥੇ ਹੀ ਦੂਜੇ ਪਾਸੇ ਕੁਝ ਲੋਕਾਂ ਨੇ ਮਨਪ੍ਰੀਤ ਬਾਦਲ ਵੱਲੋਂ ਬਠਿੰਡਾ ਨੂੰ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਦੇਣ ਦੀ ਗੱਲ ਆਖੀ। ਇਸ ਲਈ ਇਸ ਵਾਰ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਅਤੇ ਮਨਪ੍ਰੀਤ ਬਾਦਲ ਵਿਚ ਹੀ ਕਾਂਟੇ ਦੀ ਟੱਕਰ ਹੋਵੇਗੀ, ਜਦਕਿ ਸੁਖਪਾਲ ਖਹਿਰਾ ਦੀ ਪਾਰਟੀ ਦਾ ਬਠਿੰਡਾ ਵਿਚ ਕੋਈ ਆਧਾਰ ਨਹੀਂ ਹੈ। ਲੋਕਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਵਿਚ ਹਰਸਿਮਰਤ ਕੌਰ ਬਾਦਲ ਲਈ ਜਿੱਤ ਦਾ ਰਾਹ ਇੰਨਾ ਸੌਖਾ ਨਹੀਂ ਹੈ, ਜਿੰਨਾ ਪਹਿਲਾਂ ਸੀ।