ਪੰਜਾਬ ''ਚ ਕਾਂਗਰਸ ਦਾ ਵੋਟ ਬੈਂਕ ਵਧ ਕੇ 40 ਫੀਸਦੀ ਤੱਕ ਪੁੱਜਾ

Sunday, May 26, 2019 - 06:28 PM (IST)

ਪੰਜਾਬ ''ਚ ਕਾਂਗਰਸ ਦਾ ਵੋਟ ਬੈਂਕ ਵਧ ਕੇ 40 ਫੀਸਦੀ ਤੱਕ ਪੁੱਜਾ

ਜਲੰਧਰ (ਧਵਨ)— ਦੇਸ਼ 'ਚ ਜ਼ਬਰਦਸਤ ਮੋਦੀ ਲਹਿਰ ਕਾਰਨ ਜਿੱਥੇ ਲਗਭਗ 2017-18 ਸੂਬਿਆਂ ਅਤੇ ਕੇਂਦਰ ਸ਼ਾਸਤ ਖੇਤਰਾਂ 'ਚ ਕਾਂਗਰਸ ਆਪਣਾ ਖਾਤਾ ਖੋਲ੍ਹਣ 'ਚ ਸਫਲ ਨਹੀਂ ਹੋਈ, ਉਥੇ ਹੀ ਦੂਜੇ ਪਾਸੇ ਪੰਜਾਬ 'ਚ ਕਾਂਗਰਸ ਨੇ ਨਾ ਸਿਰਫ ਮੋਦੀ ਲਹਿਰ ਨੂੰ ਰੋਕਿਆ ਸਗੋਂ ਆਪਣਾ ਵੋਟ ਬੈਂਕ ਵਧਾ ਕੇ 40 ਫੀਸਦੀ ਕਰ ਲਿਆ। ਸਭ ਸਿਆਸੀ ਮਾਹਿਰ ਇਸ ਦਾ ਸਿੱਧਾ ਸਿਹਰਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮਜ਼ਬੂਤ ਰਾਸ਼ਟਰਵਾਦੀ ਅਕਸ ਨੂੰ ਦੇ ਰਹੇ ਹਨ। ਸੂਬੇ 'ਚ 13 ਲੋਕ ਸਭਾ ਸੀਟਾਂ 'ਚੋਂ ਕਾਂਗਰਸ ਨੇ 8 ਲੋਕ ਸਭਾ ਸੀਟਾਂ 'ਤੇ ਜਿੱਤ ਹਾਸਲ ਕੀਤੀ ਹੈ। 2014 ਦੀਆਂ ਆਮ ਚੋਣਾਂ ਦੇ ਮੁਕਾਬਲੇ ਕਾਂਗਰਸ ਨੇ ਆਪਣੀਆਂ ਸੀਟਾਂ ਵਧਾ ਕੇ ਦੁੱਗਣੀਆਂ ਤੋਂ ਵੱਧ ਕਰ ਲਈਆਂ ਹਨ।

ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਿਕ 2017 'ਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਸਮੇਂ ਕਾਂਗਰਸ ਦਾ ਵੋਟ ਬੈਂਕ 38.50 ਫੀਸਦੀ ਸੀ ਜੋ ਹੁਣ ਵਧ ਕੇ 40 ਫੀਸਦੀ ਤੱਕ ਪਹੁੰਚ ਗਿਆ ਹੈ। ਇਸ ਤਰ੍ਹਾਂ ਕਾਂਗਰਸ ਦੇ ਵੋਟ ਬੈਂਕ 'ਚ ਇਸ ਵਾਰ 1.62 ਫੀਸਦੀ ਦਾ ਵਾਧਾ ਹੋਇਆ ਹੈ ਜੇ 2014 ਦੀਆਂ ਲੋਕ ਸਭਾ ਚੋਣਾਂ ਦੇ ਨਾਲ ਕਾਂਗਰਸ ਦੇ ਵੋਟ ਬੈਂਕ ਦਾ ਤੁਲਨਾਮਤਕ ਅਧਿਐਨ ਕੀਤਾ ਜਾਏ ਤਾਂ ਉਸ ਸਮੇਂ ਕਾਂਗਰਸ ਦਾ ਵੋਟ ਬੈਂਕ 33.10 ਫੀਸਦੀ ਸੀ। 2014 ਦੇ ਮੁਕਾਬਲੇ ਹੁਣ 2019 'ਚ ਲੋਕ ਸਭਾ ਦੀਆਂ ਚੋਣਾਂ 'ਚ ਕਾਂਗਰਸ ਦਾ ਵੋਟ ਬੈਂਕ ਲਗਭਗ 7 ਫੀਸਦੀ ਵਧ ਗਿਆ ਹੈ।
ਕਾਂਗਰਸ ਦੀ ਤੁਲਨਾ 'ਚ ਪੰਜਾਬ ਅਕਾਲੀ ਦਲ ਦਾ ਵੋਟ ਬੈਂਕ 27.45 ਫੀਸਦੀ ਰਿਹਾ। ਭਾਜਪਾ ਦਾ ਵੋਟ ਬੈਂਕ 9.63 ਫੀਸਦੀ ਦਰਜ ਕੀਤਾ ਗਿਆ ਸੀ। ਆਮ ਆਦਮੀ ਪਾਰਟੀ ਦੇ ਵੋਟ ਬੈਂਕ 'ਚ ਭਾਰੀ ਗਿਰਾਵਟ ਦਰਜ ਕੀਤੀ ਗਈ। ਬਸਪਾ ਦਾ ਵੋਟ ਬੈਂਕ ਇਨ੍ਹਾਂ ਚੋਣਾਂ 'ਚ 3.49 ਫੀਸਦੀ ਦਰਜ ਹੋਇਆ। ਬਸਪਾ ਨੂੰ 2014 'ਚ 1.9 ਅਤੇ 2017 'ਚ 1.5 ਫੀਸਦੀ ਵੋਟਾਂ ਮਿਲੀਆਂ ਸਨ। ਇਸ ਹਿਸਾਬ ਨਾਲ ਬਸਪਾ ਨੇ ਆਪਣੇ ਵੋਟ ਬੈਂਕ ਨੂੰ ਵਧਾਇਆ ਹੈ। ਆਮ ਆਦਮੀ ਪਾਰਟੀ ਨੂੰ ਕੁਲ ਪਈਆਂ ਵੋਟਾਂ 'ਚੋਂ 7.38 ਫੀਸਦੀ ਵੋਟਾਂ ਮਿਲੀਆਂ ਹਨ। 2014 ਦੀਆਂ ਲੋਕ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਨੂੰ 24.5 ਫੀਸਦੀ ਤੇ 2017 'ਚ ਪੰਜਾਬ ਅਸੰਬਲੀ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੂੰ 23.72 ਫੀਸਦੀ ਵੋਟਾਂ ਮਿਲੀਆਂ ਸਨ।

ਕਾਂਗਰਸ ਨੂੰ ਭਾਵੇਂ ਸ਼ਹਿਰੀ ਖੇਤਰਾਂ 'ਚ ਵੋਟ ਬੈਂਕ 'ਚ ਨੁਕਸਾਨ ਝੱਲਣਾ ਪਿਆ ਪਰ ਪੇਂਡੂ ਖੇਤਰਾਂ 'ਚ ਕਾਂਗਰਸ ਦੇ ਵੋਟ ਬੈਂਕ 'ਚ ਭਾਰੀ ਸੁਧਾਰ ਦੇਖਿਆ ਗਿਆ। ਪੰਜਾਬ ਦੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ 2017 ਦੀਆਂ ਅਸੰਬਲੀ ਚੋਣਾਂ ਅਤੇ 2019 ਦੀਆਂ ਲੋਕ ਸਭਾ ਚੋਣਾਂ 'ਚ ਸਿੱਖ ਭਾਈਚਾਰੇ ਨੇ ਡਟ ਕੇ ਕਾਂਗਰਸ ਦਾ ਸਾਥ ਦਿੱਤਾ। ਇਸ ਕਾਰਨ ਪਾਰਟੀ ਦੇ ਵੋਟ ਬੈਂਕ 'ਚ ਭਾਰੀ ਵਾਧਾ ਹੋਇਆ। ਅਸਲ 'ਚ 2015 'ਚ ਸੂਬੇ 'ਚ ਸਾਬਕਾ ਅਕਾਲੀ ਸਰਕਾਰ ਦੇ ਰਾਜਕਾਲ ਦੌਰਾਨ ਧਾਰਮਿਕ ਗ੍ਰੰਥਾਂ ਦੀ ਹੋਈ ਬੇਅਦਬੀ ਦੀਆਂ ਘਟਨਾਵਾਂ ਨੂੰ ਦੇਖਦਿਆਂ ਸਿੱਖ ਵੋਟਰ ਅਕਾਲੀ ਦਲ ਨਾਲੋਂ ਨਾਰਾਜ਼ ਹਨ। ਕੁਲ ਮਿਲਾ ਕੇ ਲੋਕ ਸਭਾ ਦੀਆਂ ਚੋਣਾਂ ਨੇ ਪੰਜਾਬ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਭ ਤੋਂ ਵੱਡੇ ਨੇਤਾ ਉਭਾਰਿਆ ਹੈ ਅਤੇ ਪੰਥਕ ਤੇ ਸੂਬੇ ਦੇ ਮਸਲਿਆਂ ਨੂੰ ਲੈ ਕੇ ਕੈਪਟਨ ਦੇ ਵਿਚਾਰਾਂ 'ਤੇ ਆਪਣੀ ਮੋਹਰ ਲਾਈ ਹੈ।


author

shivani attri

Content Editor

Related News