ਸਿਆਸਤ ''ਚ ਵੱਡਾ ਨਾਮਣਾ ਖੱਟਣ ਵਾਲੇ ਇਹ ਚੋਟੀ ਦੇ ਲੀਡਰ ਵੀ ਬਦਲ ਚੁੱਕੇ ਹਨ ਪਾਰਟੀਆਂ

Wednesday, Mar 27, 2019 - 12:39 PM (IST)

ਸਿਆਸਤ ''ਚ ਵੱਡਾ ਨਾਮਣਾ ਖੱਟਣ ਵਾਲੇ ਇਹ ਚੋਟੀ ਦੇ ਲੀਡਰ ਵੀ ਬਦਲ ਚੁੱਕੇ ਹਨ ਪਾਰਟੀਆਂ

ਪਟਿਆਲਾ : ਉਂਝ ਤਾਂ ਪੰਜਾਬ ਦੀ ਸਿਆਸਤ ਵਿਚ ਲੀਡਰਾਂ ਦਾ ਦਲ ਬਦਲਣ ਦਾ ਸਿਲਸਿਲਾ ਆਮ ਰਿਹਾ ਹੈ ਅਤੇ ਚੋਣਾਂ ਨੇੜੇ ਆਉਂਦਿਆਂ ਹੀ ਪਾਰਟੀਆਂ ਬਦਲਣ ਦੀ ਕਿਵਾਇਦ ਹੋਰ ਤੇਜ਼ ਹੋ ਜਾਂਦੀ ਹੈ ਪਰ ਰਿਆਸਤੀ ਸ਼ਹਿਰ ਪਟਿਆਲਾ ਦੇ ਸਿਆਸੀ ਘਰਾਣਿਆਂ ਵਿਚ ਪਾਰਟੀਆਂ ਬਦਲਣ ਦਾ ਵਰਤਾਰਾ ਆਮ ਰਿਹਾ ਹੈ। ਇਥੋਂ ਤੱਕ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਸਿਆਸੀ ਤੌਰ 'ਤੇ ਤਿੰਨ ਵਾਰ ਪਲਟੀਆਂ ਮਾਰੀਆਂ ਹਨ। ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਵੀ ਇਕ ਵਾਰ ਸਿਆਸੀ ਮੋੜ ਕੱਟਣ ਲਈ ਮਜਬੂਰ ਹੋਣਾ ਪਿਆ ਸੀ। ਅਕਾਲੀ ਸਫਾਂ 'ਚ ਮੋਢੀ ਦੇ ਤੌਰ 'ਤੇ ਵਿਚਰਦੇ ਰਹੇ ਮਰਹੂਮ ਜਸਦੇਵ ਸਿੰਘ ਸੰਧੂ ਦੇ ਪਰਿਵਾਰ ਨੇ ਵੀ ਲੰਘੇ ਕੱਲ੍ਹ ਸਿਆਸਤ ਦਾ ਮੋੜਾ ਕੱਟ ਕੇ ਦਲ-ਬਦਲੂਆਂ ਦੀ ਪਿਰਤ ਨੂੰ ਅੱਗੇ ਤੋਰ ਦਿੱਤਾ ਹੈ।
ਪਟਿਆਲਾ ਰਿਆਸਤ ਦੇ ਆਖ਼ਰੀ ਸ਼ਾਸਕ ਮਹਾਰਾਜਾ ਯਾਦਵਿੰਦਰ ਸਿੰਘ ਦੀ ਪਤਨੀ ਮਹਿੰਦਰ ਕੌਰ, ਅਕਾਲੀ ਦਲ ਦੇ ਆਗੂ ਮਰਹੂਮ ਜਸਦੇਵ ਸਿੰਘ ਸੰਧੂ ਤੇ ਪੰਥ ਰਤਨ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌਹੜਾ ਅਜਿਹੇ ਸਿਆਸੀ ਆਗੂਆਂ 'ਚ ਸ਼ਾਮਲ ਹਨ, ਜਿਨ੍ਹਾਂ ਨੂੰ ਸਿਆਸੀ ਪਾਲੇ ਬਦਲਣ ਦੀ ਨੌਬਤ ਸਹਿਣੀ ਪਈ। ਮਹਿੰਦਰ ਕੌਰ 1967 'ਚ ਕਾਂਗਰਸ ਵਲੋਂ ਹੀ ਪਟਿਆਲਾ ਤੋਂ ਸੰਸਦ ਮੈਂਬਰ ਜਿੱਤੇ ਸਨ ਪਰ 1977 'ਚ ਕਾਂਗਰਸ ਦੀਆਂ ਨੀਤੀਆਂ ਤੋਂ ਖਫ਼ਾ ਹੁੰਦਿਆਂ ਜਨਤਾ ਪਾਰਟੀ 'ਚ ਸ਼ਾਮਲ ਹੋ ਗਏ ਸਨ। ਕੈਪਟਨ ਅਮਰਿੰਦਰ ਸਿੰਘ 1980 'ਚ ਕਾਂਗਰਸ ਵਲੋਂ ਪਟਿਆਲਾ ਤੋਂ ਐੱਮ. ਪੀ. ਬਣੇ ਪਰ 1984 'ਚ ਅਪਰੇਸ਼ਨ ਬਲਿਊ ਸਟਾਰ ਦੇ ਵਿਰੋਧ 'ਚ ਅਸਤੀਫ਼ਾ ਦੇਣ ਮਗਰੋਂ ਅਗਲੀ ਰਾਜਨੀਤੀ ਲਈ ਉਨ੍ਹਾਂ ਅਕਾਲੀ ਦਲ ਨੂੰ ਚੁਣ ਲਿਆ ਸੀ। ਉਨ੍ਹਾਂ ਸਿਆਸਤ ਦੀ ਦੂਜੀ ਪਲਟੀ ਮਾਰਦਿਆਂ ਅਕਾਲੀ ਦਲ 'ਪੰਥਕ' ਸਥਾਪਿਤ ਕਰ ਲਿਆ ਤੇ 1996 ਦੇ ਸਿਆਸੀ ਝਮੇਲਿਆਂ ਮਗਰੋਂ ਮੁੜ ਅਕਾਲੀ ਦਲ 'ਬਾਦਲ' ਦੇ ਦਲ 'ਚ ਸ਼ਾਮਲ ਹੋ ਗਏ। ਮਗਰੋਂ ਉਹ ਮੁੜ ਕਾਂਗਰਸੀ ਬਣ ਗਏ। ਮਰਹੂਮ ਜਸਦੇਵ ਸਿੰਘ ਸੰਧੂ ਨੇ 1991-92 'ਚ ਸਿਆਸੀ ਪਲਟੀ ਮਾਰਦਿਆਂ ਅਕਾਲੀ ਦਲ ਨੂੰ ਅਲਵਿਦਾ ਕਹਿੰਦਿਆਂ ਅਮਰਿੰਦਰ ਸਿੰਘ ਵੱਲੋਂ ਕਾਇਮ ਅਕਾਲੀ ਦਲ 'ਪੰਥਕ' ਨੂੰ ਅਪਣਾ ਲਿਆ ਸੀ। ਹੁਣ ਦਹਾਕਿਆਂ ਮਗਰੋਂ ਸੰਧੂ ਪਰਿਵਾਰ ਦੇ ਫਰਜ਼ੰਦ ਤੇਜਿੰਦਰਪਾਲ ਸਿੰਘ ਸੰਧੂ ਨੇ ਅਮਰਿੰਦਰ ਸਿੰਘ ਦੀ ਅਗਵਾਈ 'ਚ ਕਾਂਗਰਸ ਦਾ ਪੱਲਾ ਫੜ ਲਿਆ ਹੈ।
ਇਸੇ ਤਰ੍ਹਾਂ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਵੀ ਪਿਤਰੀ ਪਾਰਟੀ ਅਕਾਲੀ ਦਲ ਨੂੰ ਅਲਵਿਦਾ ਕਹਿੰਦਿਆਂ ਸਰਬਹਿੰਦ ਅਕਾਲੀ ਦਲ ਬਣਾ ਲਿਆ ਸੀ, ਜਿਹੜੇ ਕੁਝ ਸਾਲਾਂ ਬਾਅਦ ਮੁੜ ਪਿਤਰੀ ਧਿਰ ਦਾ ਹਿੱਸਾ ਬਣੇ। ਕੈਪਟਨ ਅਮਰਿੰਦਰ ਸਿੰਘ ਦੇ ਛੋਟੇ ਭਰਾ ਰਾਜਾ ਮਾਲਵਿੰਦਰ ਸਿੰਘ ਨੇ 2012 ਦੇ ਵਿਧਾਨ ਸਭਾ ਪਿੜ ਤੋਂ ਪਹਿਲਾਂ ਕਾਂਗਰਸ ਨੂੰ ਛੱਡਦਿਆਂ ਇਕ ਵਾਰ ਅਕਾਲੀ ਦਲ ਅਪਣਾ ਲਿਆ ਸੀ। ਇਸ ਤੋਂ ਇਲਾਵਾ ਪੰਜਾਬ ਦੇ ਹੋਰ ਲੀਡਰ ਵੀ ਹਨ ਜਿਹੜੇ ਚੋਣਾਂ ਆਉਣ 'ਤੇ ਆਪਣੀ ਸਿਆਸੀ ਫਿਜ਼ਾ ਅਕਸਰ ਬਦਲਦੇ ਰਹਿੰਦੇ ਹਨ।


author

Gurminder Singh

Content Editor

Related News