ਜ਼ੀਰਾ ਨੇ ਜਗੀਰ ਕੌਰ ਤੇ ਸੁਖਬੀਰ ਖਿਲਾਫ ਅਕਾਲ ਤਖਤ ਨੂੰ ਲਿਖੀ ਚਿੱਠੀ

Sunday, Mar 17, 2019 - 06:23 PM (IST)

ਜ਼ੀਰਾ ਨੇ ਜਗੀਰ ਕੌਰ ਤੇ ਸੁਖਬੀਰ ਖਿਲਾਫ ਅਕਾਲ ਤਖਤ ਨੂੰ ਲਿਖੀ ਚਿੱਠੀ

ਖਡੂਰ ਸਾਹਿਬ/ਵੈਰੋਵਾਲ (ਗਿੱਲ) : ਸਾਬਕਾ ਮੰਤਰੀ ਜਥੇ. ਇੰਦਰਜੀਤ ਸਿੰਘ ਜ਼ੀਰਾ ਅੱਜ ਖਡੂਰ ਸਾਹਿਬ ਵਿਖੇ ਨਤਮਸਤਕ ਹੋਏ। ਜਿਸ ਉਪਰੰਤ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਅਕਾਲੀ ਦਲ ਬਾਦਲ 'ਤੇ ਵਰਦੇ ਹੋਏ ਕਿਹਾ ਕਿ ਜਿਥੇ ਇਕ ਪਾਸੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪੁਰਬ ਸਿੱਖ ਸੰਗਤਾਂ ਮਨਾਉਣ ਦੀ ਤਿਆਰੀ ਕਰ ਰਹੀਆਂ ਹਨ, ਉਥੇ ਹੀ ਆਪਣੇ ਆਪ ਨੂੰ ਪੰਥਕ ਅਖਵਾਉਣ ਵਾਲਾ ਅਕਾਲੀ ਦਲ ਇਸ ਪੰਥਕ ਸੀਟ ਲਈ ਬੀਬੀ ਜਗੀਰ ਕੌਰ ਨੂੰ ਮੈਦਾਨ 'ਚ ਉਤਾਰ ਰਿਹਾ ਹੈ ਅਤੇ ਇਸ ਦੀ ਚੋਣ ਮੁਹਿੰਮ ਦੇ ਸ਼ੁਰੂ 'ਚ ਹੀ ਸ਼ਰੇਆਮ ਸ਼ਰਾਬ ਵਰਤਾਈ ਗਈ। ਇਸਦਾ ਚੋਣ ਕਮਿਸ਼ਨ ਨੇ ਵੀ ਨੋਟਿਸ ਲਿਆ ਹੈ । 
ਜ਼ੀਰਾ ਨੇ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਚਿੱਠੀ ਲਿਖ ਕੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਤੇ ਬੀਬੀ ਜਗੀਰ ਕੌਰ ਨੂੰ ਤਲਬ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਸੁਖਬੀਰ ਬਾਦਲ ਅਤੇ ਬੀਬੀ ਜਗੀਰ ਕੌਰ ਨੂੰ ਪੰਥ ਕੋਲੋਂ ਮੁਆਫ਼ੀ ਮੰਗਣ ਲਈ ਵੀ ਕਿਹਾ ਹੈ। ਲੋਕ ਸਭਾ ਹਲਕਾ ਖਡੂਰ ਸਾਹਿਬ ਦੀ ਟਿਕਟ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦੇ ਹੋਏ ਜ਼ੀਰਾ ਨੇ ਕਿਹਾ ਕਿ ਖਡੂਰ ਸਾਹਿਬ ਇਕ ਪੰਥਕ ਹਲਕਾ ਹੈ, ਇਸ ਨੂੰ 8 ਗੁਰੂ ਸਹਿਬਾਨਾਂ ਦੀ ਚਰਨ ਛੋਹ ਪ੍ਰਾਪਤ ਹੈ। ਇਸ ਹਲਕੇ ਦੇ ਲੋਕ ਸਿੱਖੀ ਸਿਧਾਂਤਾ 'ਤੇ ਚੱਲਣ ਵਾਲੇ ਹਨ, ਇਸ ਲਈ ਕਾਂਗਰਸ ਪਾਰਟੀ ਨੂੰ ਵੀ ਇਥੋਂ ਇਕ ਪੂਰਨ ਸਿੱਖ ਨੂੰ ਹੀ ਮੈਦਾਨ ਵਿਚ ਉਤਾਰਨਾ ਚਾਹੀਦਾ ਹੈ ।


author

Gurminder Singh

Content Editor

Related News