ਚੋਣਾਂ ਤੋਂ ਪਹਿਲਾਂ ਇਕ ਹੋਰ ਲੀਡਰ ਨੇ ਕਾਂਗਰਸ ਖਿਲਾਫ ਖੋਲ੍ਹਿਆ ਮੋਰਚਾ (ਵੀਡੀਓ)

Sunday, Apr 14, 2019 - 06:18 PM (IST)

ਸੰਗਰੂਰ (ਕੋਹਲੀ) : ਲੋਕ ਸਭਾ ਚੋਣਾਂ ਤੋਂ ਪਹਿਲਾਂ ਟਿਕਟ ਵੰਡ ਨੂੰ ਲੈ ਕੇ ਕਾਂਗਰਸ ਪਾਰਟੀ 'ਚ ਉੱਠੀਆਂ ਬਾਗਵਤੀ ਸੁਰਾਂ ਹੋਰ ਤੇਜ਼ ਹੁੰਦੀਆਂ ਜਾ ਰਹੀਆਂ ਹਨ। ਹੁਣ ਕਾਂਗਰਸੀ ਦੇ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਸੁਰਜੀਤ ਧੀਮਾਨ ਦੇ ਪੁੱਤਰ ਜਸਵਿੰਦਰ ਧੀਮਾਨ ਨੇ ਟਿਕਟ ਨਾ ਮਿਲਣ 'ਤੇ ਪਾਰਟੀ ਨਾਲ ਤਿੱਖੀ ਨਾਰਾਜ਼ੀ ਜ਼ਾਹਰ ਕੀਤੀ ਹੈ। ਜਸਵਿੰਦਰ ਧੀਮਾ ਨੇ ਆਜ਼ਾਦ ਚੋਣ ਲੜਨ ਦੇ ਵੀ ਸੰਕੇਤ ਦਿੱਤੇ ਹਨ। ਉਨ੍ਹਾਂ ਕਿਹਾ ਕਿ ਉਹ ਆਜ਼ਾਦ ਚੋਣ ਲੜਨਗੇ ਕਿ ਨਹੀਂ ਇਸ ਦਾ ਫੈਸਲਾ ਆਉਂਦੇ ਦਿਨਾਂ ਵਿਚ ਲਿਆ ਜਾਵੇਗਾ। 

ਪਾਰਟੀ 'ਤੇ ਪਛੜੀਆਂ ਸ਼੍ਰੇਣੀਆਂ ਨੂੰ ਅੱਖੋਂ ਪਰੋਖੇ ਕਰਨ ਅਤੇ ਪੱਖਪਾਤ ਦੇ ਦੋਸ਼ ਲਗਾਉਂਦੇ ਹੋਏ ਧੀਮਾਨ ਨੇ ਕਿਹਾ ਕਿ ਅਜਿਹਾ ਕਰਨ ਨਾਲ ਪਾਰਟੀ ਦਾ ਪੰਜਾਬ ਦੀਆਂ 13 ਦੀਆਂ 13 ਸੀਟਾਂ ਜਿੱਤਣ ਦਾ ਸੁਪਨਾ ਟੁੱਟ ਸਕਦਾ ਹੈ। ਧੀਮਾਨ ਨੇ ਕਿਹਾ ਕਿ ਕਾਂਗਰਸ ਜਿਸ ਤਰ੍ਹਾਂ ਫੈਸਲੇ ਲੈ ਰਹੇ ਰਹੀ ਹੈ, ਇਸ ਨਾਲ 13 ਸੀਟਾਂ ਤਾਂ ਦੂਰ ਗੱਲ ਲਾਜ ਹੀ ਬਚ ਜਾਵੇ ਉਹ ਹੀ ਕਾਫੀ ਹੈ। ਜਸਵਿੰਦਰ ਨੇ ਕਿਹਾ ਕਿ ਸੰਗਰੂਰ ਦੀ ਜਨਤਾ ਤਾਂ ਉਨ੍ਹਾਂ ਸੰਤੁਸ਼ਟ ਹੈ ਪਰ ਪਾਰਟੀ ਵਲੋਂ ਬਾਵਜੂਦ ਇਸ ਦੇ ਉਨ੍ਹਾਂ 'ਤੇ ਭਰੋਸਾ ਨਹੀਂ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਸੰਗਰੂਰ ਵਿਚ ਰਾਮਗੜ੍ਹੀਆ ਦੇ ਨਾਲ-ਨਾਲ ਹੋਰ ਬੀ. ਸੀ. ਭਾਈਚਾਰੇ ਦਾ ਚੰਗਾ ਆਧਾਰ ਹੈ ਪਰ ਪਾਰਟੀ ਨੇ ਭਰੋਸਾ ਦੇਣ ਮਗਰੋਂ ਟਿਕਟ ਨਾ ਦੇਣ ਨਾਲ ਜਿੱਤੀ ਹੋਈ ਸੀਟ ਹਾਰ ਲਈ ਹੈ। ਦੱਸ ਦੇਈਏ ਕਿ ਬੀਤੇ ਮਹੀਨੇ ਸੁਰਜੀਤ ਧੀਮਾਨ ਨੇ ਆਪਣੇ ਪੁੱਤਰ ਜਸਵਿੰਦਰ ਧੀਮਾਨ ਨੂੰ ਸੰਗਰੂਰ ਤੋਂ ਲੋਕ ਸਭਾ ਟਿਕਟ ਦਿਵਾਉਣ ਲਈ ਕਾਫੀ ਕੋਸ਼ਿਸ਼ਾਂ ਕੀਤੀਆਂ ਸਨ ਪਰ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਬੂਰ ਨਹੀਂ ਪਿਆ ਅਤੇ ਪਾਰਟੀ ਨੇ ਸੰਗਰੂਰ ਦੀ ਸੀਟ ਕੇਵਲ ਸਿੰਘ ਢਿੱਲੋਂ ਦੀ ਝੋਲੀ ਵਿਚ ਪਾ ਦਿੱਤੀ।


author

Gurminder Singh

Content Editor

Related News