ਖਹਿਰਾ ਦੀ ਨਵਜੋਤ ਕੌਰ ਨੂੰ ਕੀਤੀ ਪੇਸ਼ਕਸ਼ ''ਤੇ ਭਗਵੰਤ ਮਾਨ ਦੀ ਚੁਟਕੀ! (ਵੀਡੀਓ)
Wednesday, Apr 10, 2019 - 07:00 PM (IST)
ਜਲੰਧਰ (ਵੈੱਬ ਡੈਸਕ) : ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਸੁਖਪਾਲ ਖਹਿਰਾ ਵਲੋਂ ਬੀਬਾ ਨਵਜੋਤ ਕੌਰ ਸਿੱਧੂ ਨੂੰ ਚੰਡੀਗੜ੍ਹ ਤੋਂ ਚਣ ਲੜਨ ਦੀ ਕੀਤੀ ਗਈ ਪੇਸ਼ਕਸ਼ 'ਤੇ ਚੁਟਕੀ ਲਈ ਹੈ। ਮਾਨ ਨੇ ਕਿਹਾ ਕਿ ਖਹਿਰਾ ਨਵਜੋਤ ਕੌਰ ਨੂੰ ਚੰਡੀਗੜ੍ਹ ਤੋਂ ਚੋਣ ਲੜਨ ਦੀ ਪੇਸ਼ਕਸ਼ ਤਾਂ ਕਰ ਰਹੇ ਹਨ ਪਰ ਅਜੇ ਤਕ ਇਨ੍ਹਾਂ ਨੂੰ ਚੋਣ ਨਿਸ਼ਾਨ ਤਾਂ ਅਲਾਟ ਨਹੀਂ ਹੋਇਆ, ਫਿਰ ਇਹ ਕਿਹੜੇ ਨਿਸ਼ਾਨ 'ਤੇ ਉਮੀਦਵਾਰਾਂ ਨੂੰ ਚੋਣ ਲੜਵਾਉਣਗੇ। ਮਾਨ ਨੇ ਕਿਹਾ ਕਿ ਅਜੇ ਤਕ ਤਾਂ ਇਹ ਵੀ ਨਹੀਂ ਪਤਾ ਲੱਗ ਸਕਿਆ ਕਿ ਖਹਿਰਾ ਦੀ ਪਾਰਟੀ (ਪੰਜਾਬ ਏਕਤਾ ਪਾਰਟੀ) ਦਾ ਪ੍ਰਧਾਨ ਕੌਣ ਹੈ।
ਇਸ ਦੇ ਨਾਲ ਹੀ ਪੀ. ਡੀ. ਏ. ਦੇ ਸੰਗਰੂਰ ਤੋਂ ਉਮੀਦਵਾਰ ਜੱਸੀ ਜਸਰਾਜ ਵਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਮੁਆਫੀ ਮੰਗਣ ਅਤੇ ਉਨ੍ਹਾਂ ਦਾ ਸਾਥ ਦੇਣ ਦੇ ਬਿਆਨ 'ਤੇ ਮਾਨ ਨੇ ਕਿਹਾ ਕਿ ਕੌਣ ਸਹੀ ਤੇ ਕੌਣ ਗਲਤ ਹੈ, ਇਸ ਦਾ ਫੈਸਲਾ ਲੋਕ 23 ਮਈ ਨੂੰ ਕਰਨਗੇ। ਮਾਨ ਨੇ ਕਿਹਾ ਕਿ ਜੋ ਵੀ ਲੋਕਾਂ ਦਾ ਫਤਵਾ ਹੋਵੇਗਾ, ਉਹ ਸਿਰ ਮੱਥੇ ਕਬੂਲ ਕਰਨਗੇ।
ਅੱਗੇ ਬੋਲਦੇ ਹੋਏ ਮਾਨ ਨੇ ਕਿਹਾ ਕਿ ਅੱਜ ਅਕਾਲੀ ਦਲ ਸਥਿਤੀ ਇਹ ਹੈ ਕਿ ਸੁਖਬੀਰ ਬਾਦਲ ਨੂੰ ਲੋਕ ਸਭਾ ਚੋਣਾਂ ਲਈ 10 ਉਮੀਦਵਾਰ ਨਹੀਂ ਲੱਭ ਰਹੇ ਹਨ ਅਤੇ ਚੋਣ ਨਤੀਜਿਆਂ 'ਚ ਅਕਾਲੀ ਦਲ ਵੀ ਕਿਤੇ ਨਜ਼ਰ ਨਹੀਂ ਆਵੇਗਾ। ਸੁਖਬੀਰ 'ਤੇ ਚੁਟਕੀ ਲੈਂਦੇ ਹੋਏ ਮਾਨ ਨੇ ਕਿਹਾ ਕਿ ਸੁਖਬੀਰ ਬਾਦਲ ਦੇਖ ਕੇ ਪਾਰਟੀ ਦੇ ਪੁਰਾਣੇ ਜਥੇਦਾਰ ਇਹ ਆਖ ਕੇ ਕੁੰਡਾ ਬੰਦ ਕਰ ਲੈਂਦੇ ਹਨ ਕਿ ਕਿਤੇ ਸੁਖਬੀਰ ਬਾਦਲ ਕੰਧ ਉਪਰੋਂ ਵੀ ਟਿਕਟ ਨਾ ਸੁੱਟ ਜਾਣ।