ਵਿਧਾਨ ਸਭਾ ਚੋਣਾਂ ਤੋਂ ਬਾਅਦ ਲੋਕ ਸਭਾ ਚੋਣਾਂ ''ਚ ਵੀ ਨੁੱਕਰੇ ਲੱਗਾ ਅਕਾਲੀ ਦਲ

05/23/2019 7:21:00 PM

ਜਲੰਧਰ (ਗੁਰਮਿੰਦਰ ਸਿੰਘ) : ਵਿਧਾਨ ਸਭਾ ਚੋਣਾਂ ਵਿਚ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਡੈਮੇਜ ਕੰਟਰੋਲ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾਉਣ ਤੋਂ ਬਾਅਦ ਹੀ ਅਕਾਲੀ ਦਲ ਬਾਦਲ ਨੂੰ ਲੋਕ ਸਭਾ ਚੋਣਾਂ 'ਚ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਆਲਮ ਇਹ ਹੈ ਕਿ ਮਾਲਵੇ ਦੀਆਂ ਸੱਤ ਸੀਟਾਂ 'ਚ ਅਕਾਲੀ ਦਲ ਸਿਰਫ ਦੋ ਸੀਟਾਂ 'ਤੇ ਸੁੰਘੜ ਕੇ ਰਹਿ ਗਿਆ ਹੈ। ਇਹ ਸੀਟਾਂ ਵੀ ਬਾਦਲ ਪਰਿਵਾਰ ਦੇ ਹਿੱਸੇ ਆਈਆਂ ਹਨ। ਇਨ੍ਹਾਂ 'ਚੋਂ ਬਠਿੰਡਾ ਸੀਟ 'ਤੇ ਹਰਸਿਮਰਤ ਕੌਰ ਬਾਦਲ ਮਸਾਂ ਹੀ ਜਿੱਤ ਹਾਸਲ ਕਰ ਸਕੀ ਹੈ। ਜਦਕਿ ਫਿਰੋਜ਼ਪੁਰ ਸੀਟ 'ਤੇ ਖੁਦ ਮੈਦਾਨ ਵਿਚ ਉਤਰੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 198850 ਵੋਟਾਂ ਦੀ ਇਤਿਹਾਸਕ ਲੀਡ ਨਾਲ ਜੇਤੂ ਰਹੇ ਹਨ। ਅਕਾਲੀ ਦਲ ਵਲੋਂ ਮਾਲਵੇ ਦੀਆਂ 7 ਸੀਟਾਂ ਬਠਿੰਡਾ, ਫਿਰੋਜ਼ਪੁਰ, ਫਤਿਹਗੜ੍ਹ ਸਾਹਿਬ, ਫਰੀਦਕੋਟ, ਪਟਿਆਲਾ, ਸੰਗਰੂਰ ਤੇ ਲੁਧਿਆਣਾ 'ਤੇ ਆਪਣੇ ਉਮੀਦਵਾਰ ਉਤਾਰੇ ਗਏ ਸਨ ਜਦਕਿ ਬਠਿੰਡਾ ਅਤੇ ਫਿਰੋਜ਼ਪੁਰ ਨੂੰ ਛੱਡ ਕੇ ਬਾਕੀ ਪੰਜ ਸੀਟਾਂ 'ਤੇ ਅਕਾਲੀ ਦਲ ਨੂੰ ਹਾਰ ਦਾ ਸਵਾਦ ਚੱਖਣਾ ਪਿਆ ਹੈ। 2014 ਵਿਚ ਵੀ ਅਕਾਲੀ ਦਲ ਨੂੰ ਪੂਰੇ ਮਾਲਵੇ ਵਿਚ 7 ਸੀਟਾਂ 'ਚੋਂ ਸਿਰਫ ਦੋ ਸੀਟਾਂ ਹੀ ਬਠਿੰਡਾ-ਫਿਰੋਜ਼ਪੁਰ ਨਸੀਬ ਹੋਈਆਂ ਸਨ। ਇਸ ਵਾਰ ਵੀ ਅਕਾਲੀ ਦਲ ਦੇ ਹਿੱਸੇ ਇਹੋ ਦੋ ਸੀਟਾਂ ਆਈਆਂ ਹਨ। 

PunjabKesari
2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਅਕਾਲੀ ਦਲ ਨੂੰ ਸੂਬੇ ਭਰ 'ਚੋਂ 4 ਸੀਟਾਂ ਬਠਿੰਡਾ, ਫਿਰੋਜ਼ਪੁਰ, ਖਡੂਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ 'ਤੇ ਜਿੱਤ ਹਾਸਲ ਕੀਤੀ ਸੀ। ਜਿਨ੍ਹਾਂ ਵਿਚ ਮਾਲਵੇ ਦੀਆਂ ਦੋ, ਦੋਆਬੇ ਦੀ ਇਕ ਅਤੇ ਮਾਝੇ ਦੀ ਇਕ ਸੀਟ ਸ਼ਾਮਲ ਸੀ। ਬੇਅਦਬੀ ਕਾਰਨ ਪਹਿਲਾਂ ਵਿਧਾਨ ਸਭਾ ਚੋਣਾਂ ਵਿਚ ਮੂਧੇ ਮੂੰਹ ਡਿੱਗੇ ਅਕਾਲੀ ਦਲ ਦਾ ਮਾੜਾ ਪ੍ਰਦਰਸ਼ਨ ਲੋਕ ਸਭਾ ਚੋਣਾਂ ਵਿਚ ਵੀ ਜਾਰੀ ਰਿਹਾ। ਲਿਹਾਜ਼ਾ ਅਕਾਲੀ ਦਲ ਨੂੰ ਦੁਆਬੇ ਅਤੇ ਮਾਝੇ ਵਿਚ ਇਕ ਸੀਟ ਵੀ ਨਸੀਬ ਨਹੀਂ ਹੋਈ। ਜਦਕਿ ਭਾਈਵਾਲ ਭਾਜਪਾ ਦਾ ਪ੍ਰਦਰਸ਼ਨ 2014 ਦੇ ਮੁਕਾਬਲੇ ਬਿਹਤਰ ਰਿਹਾ ਹੈ ਅਤੇ ਭਾਜਪਾ ਨੇ ਕੋਟੇ 'ਚ ਆਉਂਦੀਆਂ 3 ਸੀਟਾਂ 'ਚੋਂ 2 'ਤੇ ਫਤਿਹ ਹਾਸਲ ਕੀਤੀ ਹੈ। 

PunjabKesari
ਕੀ ਸਨ ਵਿਧਾਨ ਸਭਾ ਚੋਣਾਂ ਦੇ ਨਤੀਜੇ 
ਜੇਕਰ 2017 'ਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ 'ਤੇ ਨਜ਼ਰ ਮਾਰੀ ਜਾਵੇ ਇਨ੍ਹਾਂ ਚੋਣਾਂ ਦੌਰਾਨ ਅਕਾਲੀ ਦਲ ਨੂੰ ਮੂੰਹ ਦੀ ਖਾਣੀ ਪਈ ਸੀ। ਬੇਅਦਬੀ ਤੇ ਨਸ਼ੇ ਦੇ ਮਾਮਲੇ ਵਿਚ ਪੂਰੀ ਤਰ੍ਹਾਂ ਘਿਰੇ ਅਕਾਲੀ ਦਲ ਨੂੰ ਪੰਜਾਬ ਦੀ ਜਨਤਾ ਨੇ ਇਥੋਂ ਤਕ ਨਕਾਰ ਦਿੱਤਾ ਕਿ ਅਕਾਲੀ ਦਲ ਨੂੰ ਵਿਰੋਧੀ ਧਿਰ ਦਾ ਅਹੁਦਾ ਵੀ ਨਸੀਬ ਨਹੀਂ ਹੋਇਆ। 10 ਸਾਲ ਪੰਜਾਬ ਦੀ ਸੱਤਾ 'ਤੇ ਰਾਜ ਕਰਨ ਵਾਲਾ ਅਕਾਲੀ ਦਲ ਵਿਧਾਨ ਸਭਾ ਚੋਣਾਂ ਦੌਰਾਨ 'ਚ ਸਿਰਫ 14 ਸੀਟਾਂ 'ਤੇ ਹੀ ਸਿਮਿਟ ਕੇ ਰਹਿ ਗਿਆ ਸੀ। ਆਲਮ ਤਾਂ ਇਹ ਸੀ ਕਿ ਜਨਤਾ ਨੇ ਅਕਾਲੀ ਦਲ ਦੇ ਕਈ ਚੋਟੀ ਦੇ ਲੀਡਰਾਂ ਨੂੰ ਹਾਰ ਦਾ ਸਵਾਦ ਚਖਾਇਆ ਸੀ।


Gurminder Singh

Content Editor

Related News