ਵੋਟਾਂ ਮੰਗਣ ਆਏ ''ਆਪ'' ਉਮੀਦਵਾਰ ਪ੍ਰੋ. ਸਾਧੂ ਸਿੰਘ ਨੂੰ ਲੋਕਾਂ ਨੇ ਸੁਣਾਈਆਂ ਖਰੀਆਂ-ਖਰੀਆਂ
Friday, May 03, 2019 - 06:41 PM (IST)

ਫਰੀਦਕੋਟ (ਜਗਤਾਰ ਦੁਸਾਂਝ) : ਫਰੀਦਕੋਟ ਦੇ ਪਿੰਡ ਖੱਚੜਾਂ ਵਿਚ ਵੋਟਾਂ ਮੰਗਣ ਆਏ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਮੌਜੂਦਾ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ ਨੂੰ ਲੋਕਾਂ ਦੇ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ। ਦਰਅਸਲ ਫਰੀਦਕੋਟ ਸੀਟ ਫਤਿਹ ਕਰਨ ਤੋਂ ਪੰਜ ਸਾਲ ਬਾਅਦ ਜਦੋਂ ਦੁਬਾਰਾ ਸਾਧੂ ਸਿੰਘ ਇਸ ਪਿੰਡ ਵਿਚ ਵੋਟਾਂ ਮੰੰਗਣ ਆਏ ਤਾਂ ਪਿੰਡ ਵਾਸੀਆਂ ਦਾ ਗੁੱਸਾ ਫੁੱਟ ਗਿਆ ਅਤੇ ਉਨ੍ਹਾਂ ਨੇ ਸਾਧੂ ਸਿੰਘ ਨੂੰ ਵਿਚ ਬਿਠਾ ਕੇ ਖਰੀਆਂ-ਖਰੀਆਂ ਸੁਣਾ ਦਿੱਤੀਆਂ। ਇੰਨਾ ਹੀ ਨਹੀਂ ਪ੍ਰੋ. ਸਾਧੂ ਸਿੰਘ ਨੂੰ ਤਾਂ ਪਿੰਡ ਵਾਸੀਆਂ ਨੇ ਪਾਣੀ ਤੱਕ ਨਾ ਪੁੱਛਿਆ ਅਤੇ ਨਾਲ ਹੀ ਹੱਥ ਜੋੜ ਕੇ ਪਿੰਡ 'ਚੋਂ ਚਲੇ ਜਾਣ ਲਈ ਆਖ ਦਿੱਤਾ।
ਇਸ ਮੌਕੇ ਗੱਲਬਾਤ ਕਰਦਿਆਂ ਪਿੰਡ ਵਾਸੀਆਂ ਨੇ ਕਿਹਾ ਕਿ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਉਨ੍ਹਾਂ ਨੇ ਬਿਨਾ ਪ੍ਰੋ. ਸਾਧੂ ਸਿੰਘ ਨੂੰ ਜਾਣਦਿਆਂ ਪਿੰਡ 'ਚੋਂ ਵੱਡੀ ਲੀਡ ਦਵਾਈ ਸੀ ਪਰ ਜਿੱਤਣ ਤੋਂ ਬਾਅਦ ਪ੍ਰੋ. ਸਾਧੂ ਸਿੰਘ ਨੇ ਨਾ ਤਾਂ ਉਨ੍ਹਾਂ ਦੀ ਕੋਈ ਸਾਰ ਲਈ ਅਤੇ ਨਾ ਹੀ ਪਿੰਡ ਨੂੰ ਕੋਈ ਗ੍ਰਾਂਟ ਦਿਤੀ। ਉਨ੍ਹਾਂ ਕਿਹਾ ਸਾਧੂ ਸਿੰਘ ਆਏ ਤਾਂ ਆਮ ਆਦਮੀ ਦੀ ਗੱਲ ਕਰਨ ਪਰ ਆਮ ਆਦਮੀ ਵਾਲੀ ਕੋਈ ਗੱਲ ਉਨ੍ਹਾਂ ਦੇ ਪੱਲੇ ਨਹੀਂ ਹੈ। ਉਨ੍ਹਾਂ ਕਿਹਾ ਕਿ ਅੱਜ ਸਾਧੂ ਸਿੰਘ ਉਨ੍ਹਾਂ ਦੇ ਪਿੰਡ ਵੋਟਾਂ ਮੰਗਣ ਆਏ ਸਨ ਪਰ ਪਿੰਡ ਵਾਸੀਆਂ ਨੇ ਉਹਨਾਂ ਨੂੰ ਇਥੇ ਬੋਲਣ ਨਹੀਂ ਦਿੱਤਾ ਅਤੇ ਉਨ੍ਹਾਂ ਦਾ ਵਿਰੋਧ ਕੀਤਾ।
ਉੱਧਰ ਇਸ ਸੰਬੰਧੀ ਜਦੋਂ ਪ੍ਰੋ. ਸਾਧੂ ਸਿੰਘ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇਕੱਲਾ ਐੱਮ. ਪੀ. ਸਾਰੇ ਪਿੰਡਾਂ 'ਚ ਨਹੀਂ ਜਾ ਸਕਦਾ ਹੈ ਤੇ ਨਾ ਹੀ ਗ੍ਰਾਂਟ ਵੰਡ ਸਕਦਾ ਹੈ। ਇਸ ਲਈ ਕਈ ਪਿੰਡ ਗ੍ਰਾਂਟ ਤੋਂ ਵਾਂਝੇ ਰਹਿ ਗਏ ਹੋਣਗੇ। ਫਿਲਹਾਲ ਪਿੰਡ ਖੱਚੜਾਂ ਦੇ ਲੋਕ ਸਾਧੂ ਸਿੰਘ ਤੋਂ ਕਾਫੀ ਨਾਰਾਜ਼ ਨਜ਼ਰ ਆ ਰਹੇ ਹਨ। ਸਾਧੂ ਸਿੰਘ ਹੀ ਨਹੀਂ ਹੋਰ ਕਈ ਲੀਡਰਾਂ ਨੂੰ ਵੀ ਪ੍ਰਚਾਰ ਦੌਰਾਨ ਇਸੇ ਤਰ੍ਹਾਂ ਨੌਜਵਾਨਾਂ ਦੇ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।