ਨਾਮਜ਼ਦਗੀ ਦਾਖ਼ਲ ਕਰਦੇ ਹੀ ਉਮੀਦਵਾਰਾਂ ਦੇ ਖ਼ਾਤੇ ’ਚ ਜੁੜਨਾ ਸ਼ੁਰੂ ਹੋ ਜਾਵੇਗਾ ਪ੍ਰਚਾਰ ਦਾ ਖ਼ਰਚ

05/08/2024 9:48:14 AM

ਲੁਧਿਆਣਾ (ਹਿਤੇਸ਼) : ਲੋਕ ਸਭਾ ਚੋਣਾਂ ਦੌਰਾਨ ਪੰਜਾਬ ’ਚ ਆਖ਼ਰੀ ਪੜਾਅ ’ਚ ਹੋਣ ਵਾਲੀ ਵੋਟਿੰਗ ਨੂੰ ਲੈ ਕੇ ਉਮੀਦਵਾਰਾਂ ਦੇ ਨਾਮਜ਼ਦਗੀ ਦਾਖ਼ਲ ਕਰਨ ਦੀ ਪ੍ਰਕਿਰਿਆ ਮੰਗਲਵਾਰ ਨੂੰ ਸ਼ੁਰੂ ਹੋ ਗਈ ਹੈ। ਭਾਵੇਂ ਪਹਿਲੇ ਦਿਨ ਲੁਧਿਆਣਾ ’ਚ ਕਿਸੇ ਉਮੀਦਵਾਰ ਵੱਲੋਂ ਨਾਮਜ਼ਦਗੀ ਦਾਖ਼ਲ ਨਹੀਂ ਕੀਤਾ ਗਿਆ ਹੈ ਪਰ ਚੋਣ ਕਮਿਸ਼ਨ ਵੱਲੋਂ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਨਾਮਜ਼ਦਗੀ ਦਾਖ਼ਲ ਕਰਨ ਦੇ ਨਾਲ ਹੀ ਉਮੀਦਵਾਰਾਂ ਦੇ ਖ਼ਾਤੇ ’ਚ ਪ੍ਰਚਾਰ ਦਾ ਖ਼ਰਚ ਜੁੜਨਾ ਸ਼ੁਰੂ ਹੋ ਜਾਵੇਗਾ। ਇਸ ਤੋਂ ਪਹਿਲਾਂ ਇਹ ਖ਼ਰਚ ਸਿਆਸੀ ਪਾਰਟੀਆਂ ਦੇ ਅਕਾਊਂਟ ’ਚ ਜੋੜਿਆ ਜਾ ਰਿਹਾ ਸੀ। ਇਸ ਸਬੰਧ ’ਚ ਡੀ. ਸੀ. ਸਾਕਸ਼ੀ ਸਾਹਨੀ ਦਾ ਕਹਿਣਾ ਹੈ ਕਿ ਚੋਣ ਪ੍ਰਚਾਰ ’ਤੇ ਹੋਣ ਵਾਲੇ ਖ਼ਰਚ ਨੂੰ ਲੈ ਕੇ ਚੋਣ ਕਮਿਸ਼ਨ ਵੱਲੋਂ ਫਾਈਨਲ ਕੀਤੀ ਗਈ ਰੇਟ ਲਿਸਟ ਪਹਿਲਾਂ ਹੀ ਸਿਆਸੀ ਪਾਰਟੀਆਂ ਨੂੰ ਦੇ ਦਿੱਤੀ ਗਈ ਹੈ ਅਤੇ ਹੁਣ ਨਾਮਜ਼ਦਗੀ ਦਾਖ਼ਲ ਕਰਨ ਸਮੇਂ ਵੀ ਉਮੀਦਵਾਰਾਂ ਨੂੰ ਦਿੱਤੀਆਂ ਜਾਣਗੀਆਂ, ਜਿਸ ਦੇ ਆਧਾਰ ’ਤੇ ਉਨ੍ਹਾਂ ਦੇ ਖ਼ਾਤੇ ’ਚ ਖ਼ਰਚ ਦਰਜ ਕਰਨ ਲਈ ਵਿਧਾਨ ਸਭਾ ਏਰੀਆ ਵਾਈਜ਼ ਐੱਸ. ਐੱਸ. ਟੀ. ਅਤੇ ਫਲਾਈਂਗ ਸਕੁਐਡ ਟੀਮਾਂ ਦੀ ਡਿਊਟੀ ਲਗਾਈ ਗਈ ਹੈ।

ਇਹ ਵੀ ਪੜ੍ਹੋ : ਪੂਰੇ ਪੰਜਾਬ 'ਚ Heat Wave ਦਾ ਅਲਰਟ, ਸੂਬਾ ਵਾਸੀਆਂ ਲਈ Advisory ਜਾਰੀ, ਬਚ ਕੇ ਰਹੋ

ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ ਲਈ ਜੋ ਆਬਜ਼ਰਵਰਾਂ ਦੀ ਨਿਯੁਕਤੀ ਕੀਤੀ ਗਈ ਹੈ, ਉਹ ਲੁਧਿਆਣਾ ਪੁੱਜਣੇ ਸ਼ੁਰੂ ਹੋ ਗਏ ਹਨ। ਇਨ੍ਹਾਂ ’ਚ 2 ਆਈ. ਆਰ. ਐੱਸ. ਅਫ਼ਸਰ ਸ਼ਾਮਲ ਹਨ, ਜਿਨ੍ਹਾਂ ਨੂੰ ਉਮੀਦਵਾਰਾਂ ਵੱਲੋਂ 95 ਲੱਖ ਦੀ ਲਿਮਟ ਦੇ ਅੰਦਰ ਖ਼ਰਚ ਕਰਨ ਦੀ ਨਿਗਰਾਨੀ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਉਕਤ ਆਬਜ਼ਰਵਰਾਂ ਵੱਲੋਂ ਮੰਗਲਵਾਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੇ ਸਬੰਧਿਤ ਅਫ਼ਸਰਾਂ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ ਆਬਜ਼ਰਵਰਾਂ ਨੂੰ ਕੋਡ ਆਫ ਕੰਡਕਟ ਲਾਗੂ ਕਰਵਾਉਣ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਜਾਣਕਾਰੀ ਦਿੱਤੀ ਗਈ, ਜਿਸ ਵਿਚ ਹੁਣ ਤੱਕ 30 ਕਰੋੜ ਤੋਂ ਜ਼ਿਆਦਾ ਦੀ ਨਕਦੀ, ਸ਼ਰਾਬ, ਨਸ਼ਾ ਅਤੇ ਹੋਰ ਪਾਬੰਦੀਸ਼ੁਦਾ ਸਾਮਾਨ ਜ਼ਬਤ ਕਰਨ ਦਾ ਪਹਿਲੂ ਮੁੱਖ ਰੂਪ ਵਿਚ ਸ਼ਾਮਲ ਹੈ।

ਇਹ ਵੀ ਪੜ੍ਹੋ : Alert ਹੋ ਜਾਣ ਲੋਕ, ਚਲਾਨ ਹੋਣ 'ਤੇ ਲਾਇਸੈਂਸ ਰੱਦ ਹੋਇਆ ਤਾਂ ਪਵੇਗਾ ਵੱਡਾ ਪੰਗਾ, ਇਹ ਕੰਮ ਹੋਇਆ ਲਾਜ਼ਮੀ
ਨਕਦੀ ਤੇ ਸ਼ਰਾਬ ਦੀ ਚੈਕਿੰਗ ਨੂੰ ਲੈ ਕੇ ਵਧਾਈ ਸਖ਼ਤੀ
ਲੋਕ ਸਭਾ ਚੋਣਾਂ ਲਈ ਮਾਨਜ਼ਦਗੀ ਦਾਖ਼ਲ ਕਰਨ ਦੀ ਪ੍ਰਕਿਰਿਆ ਸ਼ੁਰੂ ਹੋਣ ਦੇ ਨਾਲ ਹੀ ਚੋਣ ਕਮਿਸ਼ਨ ਵਲੋਂ ਨਕਦੀ ਅਤੇ ਸ਼ਰਾਬ ਦੀ ਚੈਕਿੰਗ ਨੂੰ ਲੈ ਕੇ ਸਖ਼ਤੀ ਵਧਾ ਦਿੱਤੀ ਗਈ ਹੈ, ਜਿਸ ਦੇ ਲਈ ਵਿਧਾਨ ਸਭਾ ਏਰੀਆ ਵਾਈਜ਼ ਨਾਕਾਬੰਦੀ ਕਰ ਕੇ 50 ਹਜ਼ਾਰ ਤੋਂ ਜ਼ਿਆਦਾ ਨਕਦੀ ਲੈ ਜਾਣ ਦੇ ਮਾਮਲੇ ’ਚ ਪੁੱਛਗਿੱਛ ਕੀਤੀ ਜਾ ਰਹੀ ਹੈ। ਇਨ੍ਹਾਂ ਟੀਮਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ 10 ਲੱਖ ਤੋਂ ਜ਼ਿਆਦਾ ਦੀ ਨਕਦੀ ਹੋਣ ’ਤੇ ਇਨਕਮ ਟੈਕਸ, ਨਸ਼ੀਲੇ ਪਦਾਰਥ ਫੜ੍ਹੇ ਜਾਣ ’ਤੇ ਐੱਨ. ਸੀ. ਬੀ. ਅਤੇ ਸ਼ਰਾਬ ਦੀ ਬਰਾਮਦਗੀ ਦੀ ਸੂਚਨਾ ਐਕਸਾਈਜ਼ ਵਿਭਾਗ ਨੂੰ ਦੇਣ ਦੇ ਲਈ ਬੋਲਿਆ ਗਿਆ ਹੈ। ਡੀ. ਸੀ. ਸਾਕਸ਼ੀ ਸਾਹਨੀ ਦੇ ਮੁਤਾਬਕ ਇਹ ਟੀਮਾਂ ਉਸ ਮਟੀਰੀਅਲ ਦੀ ਟਰਾਂਸਪੋਟੇਸ਼ਨ ’ਤੇ ਵੀ ਨਜ਼ਰ ਰੱਖਣਗੀਆਂ, ਜਿਸ ਨਾਲ ਚੋਣ ਦੌਰਾਨ ਵੰਡਣ ’ਤੇ ਵੋਟਰਾਂ ਨੂੰ ਪ੍ਰਭਾਵਿਤ ਕੀਤਾ ਜਾ ਸਕਦਾ ਹੈ।
ਇਸ ਤਰਾਂ ਕੰਮ ਕਰ ਰਹੀਆਂ ਹਨ ਫਲਾਇੰਗ ਸਕਵਾਇਡ ਟੀਮਾਂ
ਚੋਣ ਕਮਿਸ਼ਨ ਵਲੋਂ ਕੋਡ ਆਫ ਕੰਡਕਟ ਲਾਗੂ ਕਰਵਾਉਣ ਦੇ ਲਈ ਜੋ ਫਲਾਇੰਗ ਸਕਵਾਇਡ ਟੀਮਾਂ ਲਗਾਈਆਂ ਗਈਆਂ ਹਨ। ਉਨ੍ਹਾਂ ਵਿਚ ਪੁਲਸ ਦੇ ਨਾਲ ਡਿਊਟੀ ਮਜਿਸਟਰੇਟ ਦੀ ਪਾਵਰ ਵਾਲੇ ਅਫ਼ਸਰ ਨੂੰ ਲਗਾਇਆ ਗਿਆ ਹੈ। ਇਨਾਂ ਟੀਮਾਂ ਵਲੋਂ ਨਾਕਾਬੰਦੀ ਦੇ ਦੌਰਾਨ ਕੀਤੀ ਜਾਣ ਵਾਲੀ ਚੈਕਿੰਗ ਬਕਾਇਦਾ ਵੀਡੀਓਗ੍ਰਾਫ਼ੀ ਕੀਤੀ ਜਾ ਸਕਦੀ ਹੈ। ਕੋਡ ਆਫ ਕੰਡਕਟ ਦੇ ਉਲੰਘਣ ਦੀ ਸ਼ਿਕਾਇਤ ਮਿਲਣ ’ਤੇ ਸਾਈਟ ’ਤੇ ਜਾ ਕੇ ਰਿਪੋਰਟ ਕਰਨ ਦੀ ਜ਼ਿੰਮੇਵਾਰੀ ਵੀ ਇਨ੍ਹਾਂ ਟੀਮਾਂ ਦੀ ਹੀ ਹੈ, ਜਿਸ ਦੇ ਲਈ ਇਨ੍ਹਾਂ ਟੀਮਾਂ ਨੂੰ ਦਿੱਤੀਆਂ ਗਈਆਂ ਗੱਡੀਆਂ ਸੀ. ਸੀ. ਟੀ. ਵੀ ਅਤੇ ਜੀ. ਪੀ. ਐੱਸ. ਸਿਸਟਮ ਵੀ ਲਗਾਏ ਗਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


Babita

Content Editor

Related News