ਲੋਕ ਸਭਾ ਚੋਣਾਂ : ਪੰਜਾਬ ''ਚ ਗਰਜਣਗੇ ਮੋਦੀ ਤੇ ਅਮਿਤ ਸ਼ਾਹ
Monday, Apr 29, 2019 - 01:14 PM (IST)
ਚੰਡੀਗੜ੍ਹ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਦੇ ਪੰਜਾਬ ਆਉਣ ਨੂੰ ਲੈ ਕੇ ਸਥਿਤੀ ਸਾਫ ਹੋਣ ਲੱਗੀ ਹੈ। ਅਮਿਤ ਸ਼ਾਹ ਪੰਜਾਬ 'ਚ 2 ਲੋਕ ਸਭਾ ਹਲਕਿਆਂ 'ਚ ਰੈਲੀਆਂ ਕਰਨਗੇ, ਜਦੋਂ ਕਿ ਮੋਦੀ ਦੀ ਅਕਾਲੀ ਦਲ ਦੇ 2 ਹਲਕਿਆਂ ਅਤੇ ਅੰਮ੍ਰਿਤਸਰ 'ਚ ਰੈਲੀ ਤੈਅ ਹੈ। ਅਮਿਤ ਸ਼ਾਹ ਨੇ ਪੰਜਾਬ 'ਚ 3 ਰੈਲੀਆਂ ਕਰਨ ਦੀ ਮੰਗ ਕੀਤੀ ਸੀ ਪਰ ਹੁਣ ਉਹ 2 ਰੈਲੀਆਂ ਹੀ ਕਰਨਗੇ। ਸ਼ਾਹ 5 ਮਈ ਨੂੰ ਪਠਾਨਕੋਟ ਅਤੇ 12 ਮਈ ਨੂੰ ਹੁਸ਼ਿਆਰਪੁਰ ਪੁੱਜਣਗੇ। ਪਠਾਨਕੋਟ 'ਚ ਉਹ ਗੁਰਦਾਸਪੁਰ ਤੋਂ ਪਾਰਟੀ ਉਮੀਦਵਾਰ ਸੰਨੀ ਦਿਓਲ ਅਤੇ ਹੁਸ਼ਿਆਰਪੁਰ ਤੋਂ ਸੋਮ ਪ੍ਰਕਾਸ਼ ਲਈ ਵੋਟ ਮੰਗਣਗੇ।
ਦੂਜੇ ਪਾਸੇ ਪ੍ਰਧਾਨ ਮੰਤਰੀ ਅੰਤਿਮ ਦੌਰ 'ਚ ਪੰਜਾਬ ਆਉਣਗੇ। ਮੋਦੀ ਅੰਮ੍ਰਿਤਸਰ ਤੋਂ ਪਾਰਟੀ ਉਮੀਦਵਾਰ ਹਰਦੀਪ ਪੁਰੀ ਲਈ ਵੋਟ ਮੰਗਣਗੇ। ਇਸ ਤੋਂ ਇਲਾਵਾ ਅਕਾਲੀ ਦਲ ਦੇ 2 ਹਲਕਿਆਂ 'ਚ ਵੀ ਜਾਣਗੇ। ਮੰਨਿਆ ਜਾ ਰਿਹਾ ਹੈ ਕਿ ਅਕਾਲੀ ਦਲ ਦੀਆਂ 2 ਸੀਟਾਂ 'ਚੋਂ ਉਹ ਬਠਿੰਡਾ ਜ਼ਰੂਰ ਜਾਣਗੇ, ਜਿੱਥੋਂ ਹਰਸਿਮਰਤ ਬਾਦਲ ਚੋਣਾਂ ਲੜ ਰਹੀ ਹੈ। ਦੱਸ ਦੇਈਏ ਕਿ ਮੋਦੀ ਨੇ 2014 'ਚ ਪੰਜਾਬ ਦੇ 5 ਲੋਕ ਸਭਾ ਹਲਕਿਆਂ 'ਚ ਚੋਣ ਪ੍ਰਚਾਰ ਕੀਤਾ ਸੀ ਪਰ ਇਸ ਵਾਰ ਉਨ੍ਹਾਂ ਦੇ 3 ਇਲਾਕਿਆਂ 'ਚ ਜਾਣ ਦੀ ਹੀ ਉਮੀਦ ਹੈ।