ਪੰਜਾਬ ਦੇ '118 ਆਗੂ' ਨਹੀਂ ਲੜਨਗੇ ਚੋਣ!
Wednesday, Apr 10, 2019 - 11:57 AM (IST)

ਚੰਡੀਗੜ੍ਹ : ਪੰਜਾਬ ਦੇ 118 ਆਗੂ ਲੋਕ ਸਭਾ ਚੋਣ ਨਹੀਂ ਲੜ ਸਕਣਗੇ ਕਿਉਂਕਿ ਚੋਣ ਕਮਿਸ਼ਨ ਨੇ ਇਨ੍ਹਾਂ ਆਗੂਆਂ ਦੇ ਚੋਣ ਲੜਨ 'ਤੇ ਪਾਬੰਦੀ ਲਾ ਦਿੱਤੀ ਹੈ। ਅਸਲ 'ਚ ਕਮਿਸ਼ਨ ਨੂੰ ਪਿਛਲੀਆਂ ਚੋਣਾਂ ਦੇ ਖਰਚੇ ਦਾ ਵੇਰਵਾ ਨਾ ਦੇਣ ਅਤੇ ਉਸ ਦਾ ਕੋਈ ਤਸੱਲੀਬਖਸ਼ ਜਵਾਬ ਨਾ ਦੇਣ ਕਾਰਨ ਇਨ੍ਹਾਂ ਆਗੂਆਂ ਨੂੰ 3 ਸਾਲ ਲਈ ਚੋਣ ਲੜਨ ਤੋਂ ਅਯੋਗ ਕਰਾਰ ਦਿੱਤਾ ਗਿਆ ਹੈ। ਇਸ ਨੂੰ ਮੁੱਖ ਰੱਖਦਿਆਂ 19 ਮਈ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਪ੍ਰਕਿਰਿਆ ਸ਼ੁਰੂ ਹੋਣ 'ਤੇ ਚੋਣ ਕਮਿਸ਼ਨ ਇਨ੍ਹਾਂ ਆਗੁਆਂ ਦੀਆਂ ਨਾਮਜ਼ਦਗੀਆਂ ਨਹੀਂ ਲਵੇਗਾ ਜਾਂ ਫਿਰ ਸਕਰੂਟਨੀ ਵੇਲੇ ਇਨ੍ਹਾਂ ਦੇ ਨਾਮਜ਼ਦਗੀ ਕਾਗਜ਼ ਰੱਦ ਕਰ ਦਿੱਤੇ ਜਾਣਗੇ।
ਜ਼ਿਆਦਾਤਰ ਆਜ਼ਾਦ ਲੜਨ ਵਾਲੇ ਅਯੋਗ ਕਰਾਰ
ਜਿਨ੍ਹਾਂ ਉਮੀਦਵਾਰਾਂ ਦੇ ਚੋਣ ਲੜਨ 'ਤੇ ਰੋਕ ਲਾਈ ਗਈ ਹੈ, ਉਨ੍ਹਾਂ 'ਚੋਂ ਜ਼ਿਆਦਾਤਰ ਆਜ਼ਾਦ ਲੜਨ ਵਾਲੇ ਹਨ, ਜਦੋਂ ਕਿ ਕੁਝ ਛੋਟੀਆਂ ਪਾਰਟੀਆਂ ਦੇ ਹਨ।
ਸੈਕਟਰ 10ਏ ਤਹਿਤ ਲਾਈ ਰੋਕ
ਚੋਣ ਕਮਿਸ਼ਨ ਨੇ 'ਲੋਕ ਨੁਮਾਇੰਦਾ ਐਕਟ-1951' ਦੀ 'ਧਾਰਾ-10ਏ' ਤਹਿਤ ਇਨ੍ਹਾਂ ਆਗੂਆਂ ਦੇ ਚੋਣ ਲੜਨ 'ਤੇ ਰੋਕ ਲਾਈ ਹੈ। ਇਸ ਧਾਰਾ ਮੁਤਾਬਕ ਚੋਣ ਖਰਚ ਬਾਰੇ ਜਾਣਕਾਰੀ ਨਾ ਦੇਣਾ ਅਯੋਗਤਾ ਦਾ ਆਧਾਰ ਬਣਦਾ ਹੈ। ਜੇਕਰ ਉਮੀਦਵਾਰ ਨੇ ਤੈਅ ਸਮੇਂ 'ਤੇ ਇਸ ਐਕਟ ਮੁਤਾਬਕ ਚੋਣ ਖਰਚੇ ਦੀ ਜਾਣਕਾਰੀ ਨਹੀਂ ਦਿੱਤੀ ਤਾਂ ਅਜਿਹੇ ਉਮੀਦਵਾਰ ਦੇ ਤਿੰਨ ਸਾਲ ਤੱਕ ਚੋਣ ਲੜਨ 'ਤੇ ਰੋਕ ਲਾ ਦਿੱਤੀ ਜਾਂਦੀ ਹੈ।