ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਦੇ ਕਈ ਆਗੂ ਚੋਣ ਲੜਨ ਦੇ ਇਛੁੱਕ

Wednesday, Feb 28, 2024 - 05:29 PM (IST)

ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਦੇ ਕਈ ਆਗੂ ਚੋਣ ਲੜਨ ਦੇ ਇਛੁੱਕ

ਮਾਛੀਵਾੜਾ ਸਾਹਿਬ (ਟੱਕਰ) : ਲੋਕ ਸਭਾ ਚੋਣਾਂ ਲਈ ਸਿਆਸੀ ਪਾਰਟੀਆਂ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਜੇਕਰ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਦੀ ਗੱਲ ਕਰੀਏ ਤਾਂ ਇੱਥੇ ਮੌਜੂਦਾ ਕਾਂਗਰਸ ਪਾਰਟੀ ਨਾਲ ਸਬੰਧਤ ਐੱਮ.ਪੀ. ਅਮਰ ਸਿੰਘ ਤੋਂ ਇਲਾਵਾ ਹੋਰ ਕਈ ਕਾਂਗਰਸੀ ਆਗੂ ਚੋਣ ਲੜਨ ਦੇ ਇਛੁੱਕ ਦਿਖਾਈ ਦੇ ਰਹੇ ਹਨ। ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਮੌਜੂਦਾ ਐੱਮ.ਪੀ. ਅਮਰ ਸਿੰਘ ਕਾਂਗਰਸ ਪਾਰਟੀ ਵਲੋਂ ਪਿਛਲੀਆਂ ਚੋਣਾਂ ਭਾਰੀ ਬਹੁਮਤ ਨਾਲ ਜਿੱਤੇ ਜਿਨ੍ਹਾਂ ਨੇ ਸੈਸ਼ਨ ਦੌਰਾਨ ਲੋਕ ਹਿੱਤਾਂ ਅਤੇ ਹਲਕੇ ਨਾਲ ਸਬੰਧਿਤ ਕਈ ਮੁੱਦੇ ਉਠਾ ਕੇ ਇਲਾਕੇ ਦੇ ਲੋਕਾਂ ਦੀ ਆਵਾਜ਼ ਬੁਲੰਦ ਕੀਤੀ। ਸੇਵਾਮੁਕਤ ਆਈ.ਏ.ਐੱਸ. ਅਧਿਕਾਰੀ ਅਮਰ ਸਿੰਘ ਇਕ ਪੜ੍ਹੇ-ਲਿਖੇ ਸਿਆਸੀ ਆਗੂ ਹਨ ਜਿਨ੍ਹਾਂ ਨੇ ਆਪਣੇ 5 ਸਾਲਾ ਕਾਰਜਕਾਲ ਦੌਰਾਨ ਲੋਕ ਸਭਾ ਮੈਂਬਰ ਵਜੋਂ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਈ ਅਤੇ ਮੁੜ ਦੁਬਾਰਾ ਇਸ ਹਲਕੇ ਤੋਂ ਚੋਣ ਲੜਨ ਦੀ ਤਿਆਰੀ ਵਿਚ ਜੁਟੇ ਹੋਏ ਹਨ। 

ਦੂਸਰੇ ਪਾਸੇ ਕਾਂਗਰਸ ਦੀ ਸਿਆਸਤ ਵਿਚ ਟਕਸਾਲੀ ਅਤੇ ਦਲਿੱਤ ਭਾਈਚਾਰੇ ਦਾ ਪ੍ਰਸਿੱਧ ਚਿਹਰਾ ਸ਼ਮਸ਼ੇਰ ਸਿੰਘ ਦੂਲੋਂ ਵਲੋਂ ਵੀ ਇਸ ਵਾਰ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਚੋਣ ਲੜਨ ਦੀਆਂ ਚਰਚਾਵਾਂ ਹਨ। ਇਸ ਸਮੇਂ ਦੂਲੋਂ ਰਾਜ ਸਭਾ ਦੇ ਮੈਂਬਰ ਹਨ ਅਤੇ ਉਹ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਤੋਂ ਇਲਾਵਾ ਸਰਕਾਰ ਤੇ ਪਾਰਟੀ ਦੇ ਕਈ ਉੱਚ ਅਹੁਦਿਆਂ ’ਤੇ ਬਿਰਾਜਮਾਨ ਰਹਿ ਚੁੱਕੇ ਹਨ। ਸ਼ਮਸ਼ੇਰ ਸਿੰਘ ਦੂਲੋਂ ਦੀ ਦਲਿੱਤ ਭਾਈਚਾਰੇ ਵਿਚ ਚੰਗੀ ਪਕੜ ਵੀ ਹੈ। ਇਸ ਤੋਂ ਇਲਾਵਾ ਵਿਧਾਨ ਸਭਾ ਹਲਕਾ ਪਾਇਲ ਤੋਂ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਵੀ ਇਸ ਵਾਰ ਐੱਮ.ਪੀ. ਦੀ ਚੋਣ ਲੜਨ ਲਈ ਮੈਦਾਨ ਵਿਚ ਆ ਸਕਦੇ ਹਨ। ਸਾਬਕਾ ਵਿਧਾਇਕ ਲੱਖਾ ਜੋ ਕਿ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਤੋਂ ਇਲਾਵਾ ਕਾਂਗਰਸ ਹਾਈਕਮਾਂਡ ਦੇ ਕਾਫ਼ੀ ਨਜ਼ਦੀਕ ਹਨ ਅਤੇ ਜੇਕਰ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਬਦਲਣ ਦੀ ਨੌਬਤ ਆਉਂਦੀ ਹੈ ਤਾਂ ਹਾਈਕਮਾਂਡ ਲੱਖਾ ਪਾਇਲ ’ਤੇ ਮੇਹਰਬਾਨ ਹੋ ਸਕਦੀ ਹੈ। ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਦੀ ਨੌਜਵਾਨ ਵਰਗ ਵਿਚ ਚੰਗਾ ਆਧਾਰ ਹੈ ਉੱਥੇ ਉਹ ਇਕ ਆਮ ਵਰਕਰ ਤੋਂ ਮਿਹਨਤ ਸਦਕਾ ਇਕ ਵੱਡੇ ਸਿਆਸੀ ਮੁਕਾਮ ’ਤੇ ਪਹੁੰਚੇ ਹਨ। 

ਹਲਕਾ ਕੂੰਮਕਲਾਂ ਤੋਂ ਸਾਬਕਾ ਵਿਧਾਇਕ ਤੇ ਸਾਬਕਾ ਮੰਤਰੀ ਈਸ਼ਰ ਸਿੰਘ ਮੇਹਰਬਾਨ ਨੇ ਵੀ ਕਾਂਗਰਸ ਹਾਈਕਮਾਂਡ ਕੋਲ ਲੋਕ ਸਭਾ ਹਲਕਾ ਫਤਹਿਗੜ੍ਹ ਸਾਹਿਬ ਤੋਂ ਚੋਣ ਲੜਨ ਦੀ ਇੱਛਾ ਪ੍ਰਗਟਾਈ ਹੈ। ਮੇਹਰਬਾਨ ਵੀ ਕਾਂਗਰਸ ਪਾਰਟੀ ਵਿਚ ਕਈ ਉੱਚ ਅਹੁਦਿਆਂ ’ਤੇ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਟਕਸਾਲੀ ਕਾਂਗਰਸੀ ਆਗੂ ਤੇ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਵੀ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਚੋਣ ਮੈਦਾਨ ਵਿਚ ਆਉਣ ਦੇ ਇਛੁੱਕ ਹਨ। ਮਲਕੀਤ ਸਿੰਘ ਦਾਖਾ ਦੀ ਸਿਆਸਤ ਵਿਚ ਅਕਸ ਨੇਕ ਦਿਲ ਤੇ ਈਮਾਨਦਾਰ ਸਖ਼ਸ਼ੀਅਤ ਵਜੋਂ ਹੈ। ਲੋਕ ਸਭਾ ਹਲਕਾ ਫਤਹਿਗੜ੍ਹ ਵਿਚ ਹੀ ਪੈਂਦੇ ਵਿਧਾਨ ਸਭਾ ਹਲਕਾ ਬੱਸੀ ਪਠਾਣਾ ਤੋਂ ਸਾਬਕਾ ਵਿਧਾਇਕ ਜੀ.ਪੀ. ਸਿੰਘ ਵੀ ਚੋਣ ਲੜਨ ਦੇ ਇਛੁੱਕ ਹਨ ਜਿਨ੍ਹਾਂ ਗੱਲਬਾਤ ਕਰਦਿਆਂ ਦੱਸਿਆ ਕਿ ਜੇਕਰ ਹਾਈਕਮਾਂਡ ਉਨ੍ਹਾਂ ’ਤੇ ਭਰੋਸਾ ਜਿਤਾਏਗੀ ਤਾਂ ਉਹ ਇਹ ਚੋਣ ਜ਼ਰੂਰ ਲੜਨਗੇ।


author

Gurminder Singh

Content Editor

Related News