ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਕੈਪਟਨ ਦਾ ਨਵਜੋਤ ਸਿੱਧੂ ''ਤੇ ਵੱਡਾ ਬਿਆਨ

Thursday, May 23, 2019 - 07:21 PM (IST)

ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਕੈਪਟਨ ਦਾ ਨਵਜੋਤ ਸਿੱਧੂ ''ਤੇ ਵੱਡਾ ਬਿਆਨ

ਚੰਡੀਗੜ੍ਹ : ਪੰਜਾਬ ਵਿਚ ਲੋਕ ਸਭਾ ਚੋਣਾਂ ਦੇ ਪ੍ਰਦਰਸ਼ਨ ਤੋਂ ਭਾਵੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਸੱਲੀ ਪ੍ਰਗਟ ਕੀਤੀ ਹੈ ਪਰ ਬਠਿੰਡਾ, ਗੁਰਦਾਸਪੁਰ, ਫਿਰੋਜ਼ਪੁਰ, ਸੰਗਰੂਰ ਵਰਗੀਆਂ ਹਾਟ ਸੀਟਾਂ 'ਤੇ ਮਿਲੀ ਹਾਰ ਦਾ ਠਿੱਕਰਾ ਨਵਜੋਤ ਸਿੱਧੂ ਸਿਰ ਭੰਨਿਆ ਹੈ। ਮੁੱਖ ਮੰਤਰੀ ਨੇ ਨਵਜੋਤ ਸਿੱਧੂ ਦੀ ਬਿਆਨਬਾਜ਼ੀ ਅਤੇ ਉਨ੍ਹਾਂ ਦੇ ਕੰਮ 'ਤੇ ਸਵਾਲ ਵੀ ਚੁੱਕੇ ਹਨ। ਪ੍ਰੈੱਸ ਕਾਨਫਰੰਸ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਬਠਿੰਡਾ ਵਿਚ ਨਵਜੋਤ ਸਿੱਧੂ ਵਲੋਂ ਦਿੱਤੇ ਗਏ ਬਿਆਨ ਨਾਲ ਪਾਰਟੀ ਨੂੰ ਨੁਕਸਾਨ ਹੋਇਆ ਹੈ। ਦੱਸਣਯੋਗ ਹੈ ਕਿ ਸਿੱਧੂ ਨੇ ਚੋਣ ਪ੍ਰਚਾਰ ਦੇ ਅਖੀਰਲੇ ਦਿਨ ਬਠਿੰਡੇ ਵਿਚ ਰੈਲੀ ਦੌਰਾਨ 'ਮੈਚ ਫਿਕਸਿੰਗ' ਦਾ ਬਿਆਨ ਦਿੱਤਾ ਸੀ। ਜਿਸ ਤੋਂ ਬਾਅਦ ਕੈਪਟਨ ਸਮੇਤ ਪੰਜਾਬ ਦੇ ਕਈ ਮੰਤਰੀਆਂ ਨੇ ਸਿੱਧੂ ਖਿਲਾਫ ਮੋਰਚਾ ਖੋਲ੍ਹਦੇ ਅਸਤੀਫਾ ਦੇਣ ਲਈ ਤੱਕ ਆਖ ਦਿੱਤਾ ਸੀ। 
ਕੈਪਟਨ ਨੇ ਇਹ ਵੀ ਕਿਹਾ ਕਿ ਜੋ ਸਿੱਧੂ ਨੇ ਬਠਿੰਡਾ ਵਿਚ ਬੋਲਿਆ ਉਹ ਇਕ ਦਿਨ ਰੁਕ ਕੇ ਬੋਲ ਦਿੰਦੇ ਤਾਂ ਪਾਰਟੀ ਨੂੰ ਇੰਨਾ ਨੁਕਸਾਨ ਨਾ ਹੁੰਦਾ। ਉਨ੍ਹਾਂ ਕਿਹਾ ਕਿ ਜੇਕਰ ਸਿੱਧੂ ਦੇ ਮਨ ਵਿਚ ਮੱਤਭੇਦ ਸਨ ਤਾਂ ਉਹ ਇਕ ਦਿਨ ਰੁਕ ਜਾਂਦੇ, ਉਸੇ ਦਿਨ ਕਿਉਂ ਬੋਲੇ। ਮੁੱਖ ਮੰਤਰੀ ਨੇ ਸਿੱਧੂ ਦੇ ਬੇਅਦਬੀਆਂ ਤੇ ਗੋਲ਼ੀਕਾਂਡਾਂ ਦੀ ਜਾਂਚ ਲਈ ਬਣਾਈ ਐੱਸ. ਆਈ. ਟੀ. ਖ਼ਿਲਾਫ਼ ਕੀਤੀ ਬਿਆਨਬਾਜ਼ੀ 'ਤੇ ਘੇਰਦਿਆਂ ਕਿਹਾ ਕਿ ਜਦੋਂ ਉਨ੍ਹਾਂ ਐੱਸ. ਆਈ. ਟੀ. ਦੇ ਗਠਨ ਦਾ ਐਲਾਨ ਕੀਤਾ ਸੀ ਤਾਂ ਸਿੱਧੂ ਨੇ ਉਨ੍ਹਾਂ ਦਾ ਧੰਨਵਾਦ ਕੀਤਾ ਸੀ।
ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਦੇ ਪਾਕਿਸਤਾਨ ਦੌਰੇ ਦੌਰਾਨ ਪਾਕਿਸਤਾਨ ਫੌਜ ਮੁਖੀ ਨਾਲ ਪਾਈ ਜੱਫੇ 'ਤੇ ਸਵਾਲ ਚੁੱਕੇ। ਮੁੱਖ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਫੌਜ ਦੇ ਮੁਖੀ ਦੇ ਇਸ਼ਾਰੇ 'ਤੇ ਹੀ ਸਾਡੇ ਜਵਾਨਾਂ ਦਾ ਖੂਨ ਵਹਾਇਆ ਜਾਂਦਾ ਹੈ ਅਤੇ ਭਾਰਤੀ ਅਤੇ ਪੰਜਾਬੀ ਪਾਕਿਸਤਾਨੀ ਫੌਜ ਦੇ ਮੁਖੀ ਨਾਲ ਜੱਫੀ ਅਤੇ ਦੋਸਤੀ ਕਦੇ ਮਨਜ਼ੂਰ ਨਹੀਂ ਕਰਨਗੇ। 


author

Gurminder Singh

Content Editor

Related News