ਖਡੂਰ ਸਾਹਿਬ ਤੋਂ ਬੀਬੀ ਜਗੀਰ ਕੌਰ ਦੇ ਮੁਕਾਬਲੇ ਕਾਂਗਰਸ ਦੇ ਡਿੰਪਾ ਦਾ ਨਾਂ ਲਗਭਗ ਤੈਅ!

Thursday, Mar 21, 2019 - 06:19 PM (IST)

ਖਡੂਰ ਸਾਹਿਬ ਤੋਂ ਬੀਬੀ ਜਗੀਰ ਕੌਰ ਦੇ ਮੁਕਾਬਲੇ ਕਾਂਗਰਸ ਦੇ ਡਿੰਪਾ ਦਾ ਨਾਂ ਲਗਭਗ ਤੈਅ!

ਜਲੰਧਰ (ਧਵਨ)— ਸ਼੍ਰੋਮਣੀ ਅਕਾਲੀ ਦਲ ਵੱਲੋਂ ਖਡੂਰ ਸਾਹਿਬ ਦੀ ਲੋਕ ਸਭਾ ਸੀਟ 'ਤੇ ਬੀਬੀ ਜਗੀਰ ਕੌਰ ਨੂੰ ਆਪਣਾ ਉਮੀਦਵਾਰ ਬਣਾਇਆ ਗਿਆ ਹੈ, ਜਿਸ ਦੇ ਮੁਕਾਬਲੇ ਕਾਂਗਰਸ ਦੀ ਪਹਿਲੀ ਪਸੰਦ ਵਜੋਂ ਸਾਬਕਾ ਕਾਂਗਰਸੀ ਵਿਧਾਇਕ ਜਸਬੀਰ ਸਿੰਘ ਡਿੰਪਾ ਬਣ ਕੇ ਉਭਰੇ ਹਨ। ਦੱਸਿਆ ਜਾਂਦਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਵੀ ਡਿੰਪਾ ਦੇ ਹੱਕ 'ਚ ਹਨ। ਸਕ੍ਰੀਨਿੰਗ ਕਮੇਟੀ ਨੇ ਡਿੰਪਾ ਦਾ ਨਾਂ ਖਡੂਰ ਸਾਹਿਬ ਲਈ ਤਿਆਰ ਕੀਤੇ ਗਏ ਪੈਨਲ 'ਚ ਪਹਿਲੇ ਨੰਬਰ 'ਤੇ ਰੱਖਿਆ ਹੈ।


ਦੱਸਿਆ ਜਾਂਦਾ ਹੈ ਕਿ ਸੰਕੇਤ ਮਿਲਣ ਪਿੱਛੋਂ ਡਿੰਪਾ ਨੇ ਖਡੂਰ ਸਾਹਿਬ ਲੋਕ ਸਭਾ ਹਲਕੇ 'ਚ ਪੈਂਦੇ ਸਭ ਵਿਧਾਨ ਸਭਾ ਖੇਤਰਾਂ 'ਚ ਚੋਣ ਪ੍ਰਚਾਰ ਦਾ ਕੰਮ ਆਪਣੇ ਪੱਧਰ 'ਤੇ ਸ਼ੁਰੂ ਕਰ ਦਿੱਤਾ ਹੈ। ਭਾਵੇਂ ਕਾਂਗਰਸ ਵੱਲੋਂ ਰਸਮੀ ਤੌਰ 'ਤੇ ਆਪਣੇ ਉਮੀਦਵਾਰਾਂ ਦੀ ਸੂਚੀ ਅਜੇ ਜਾਰੀ ਕੀਤੀ ਜਾਣੀ ਬਾਕੀ ਹੈ ਪਰ ਜਿਨ੍ਹ੍ਹਾਂ ਸੀਟਾਂ 'ਤੇ ਅਕਾਲੀ ਦਲ ਨੇ ਆਪਣੇ ਉਮੀਦਵਾਰ ਤੈਅ ਕਰ ਲਏ, ਉਥੇ ਕਾਂਗਰਸ ਵੱਲੋਂ ਸੰਭਾਵਿਤ ਉਮੀਦਵਾਰਾਂ ਨੂੰ ਆਪਣਾ ਪ੍ਰਚਾਰ ਸ਼ੁਰੂ ਕਰਨ ਦੇ ਸੰਕੇਤ ਭੇਜੇ ਜਾ ਚੁੱਕੇ ਹਨ।
ਖਡੂਰ ਸਾਹਿਬ ਲੋਕ ਸਭਾ ਹਲਕੇ ਅਧੀਨ ਆਉਣ ਵਾਲੇ 9 ਵਿਧਾਨ ਸਭਾ ਖੇਤਰਾਂ 'ਚ ਤਰਨਤਾਰਨ, ਖਡੂਰ ਸਾਹਿਬ, ਪੱਟੀ, ਖੇਮਕਰਨ, ਜੰਡਿਆਲਾ, ਬਾਬਾ ਬਕਾਲਾ, ਜ਼ੀਰਾ, ਕਪੂਰਥਲਾ ਅਤੇ ਸੁਲਤਾਨਪੁਰ ਲੋਧੀ ਆਉਂਦੇ ਹਨ। 1977 ਤੋਂ ਬਾਅਦ ਇਥੋਂ ਅਕਾਲੀ ਦਲ ਦਾ ਉਮੀਦਵਾਰ ਹੀ ਚੋਣਾਂ ਜਿੱਤਦਾ ਆਇਆ ਹੈ ਪਰ ਹੁਣ ਹਾਲਾਤ ਬਦਲਦੇ ਨਜ਼ਰ ਆ ਰਹੇ ਹਨ। ਵਧੇਰੇ ਅਸੈਂਬਲੀ ਹਲਕਿਆਂ ਦੀ ਪ੍ਰਤੀਨਿਧਤਾ ਇਸ ਸਮੇਂ ਕਾਂਗਰਸੀ ਵਿਧਾਇਕ ਕਰ ਰਹੇ ਹਨ ਜਦਕਿ ਇਸ ਤੋਂ ਪਹਿਲਾਂ ਵੱਖ-ਵੱਖ ਅਸੈਂਬਲੀ ਹਲਕੇ ਅਕਾਲੀ ਦਲ ਦੇ ਆਗੂਆਂ ਕੋਲ ਸਨ।


ਡਿੰਪਾ ਵਿਆਸ ਤੋਂ ਵਿਧਾਇਕ ਵੀ ਰਹਿ ਚੁੱਕੇ ਹਨ। ਵਿਆਸ ਵਿਧਾਨ ਸਭਾ ਹਲਕੇ ਦਾ ਨਾਂ ਬਦਲ ਕੇ ਬਾਅਦ 'ਚ ਬਾਬਾ ਬਕਾਲਾ ਰੱਖ ਦਿੱਤਾ ਗਿਆ। 2014 'ਚ ਡਿੰਪਾ ਦਾ ਨਾਂ ਖਡੂਰ ਸਾਹਿਬ ਲੋਕ ਸਭਾ ਸੀਟ ਲਈ ਆਇਆ ਸੀ ਪਰ ਉਦੋਂ ਟਿਕਟ ਹਰਮਿੰਦਰ ਸਿੰਘ ਗਿੱਲ ਨੂੰ ਦੇ ਦਿੱਤੀ ਗਈ ਸੀ। ਖਡੂਰ ਸਾਹਿਬ ਦੀ ਪ੍ਰਤੀਨਿਧਤਾ ਇਸ ਤੋਂ ਪਹਿਲਾਂ ਅਕਾਲੀ ਦਲ ਦੇ ਰਣਜੀਤ ਸਿੰਘ ਬ੍ਰਹਮਪੁਰਾ ਕਰ ਰਹੇ ਸਨ ਪਰ ਉਨ੍ਹਾਂ ਅਕਾਲੀ ਦਲ ਨੂੰ ਅਲਵਿਦਾ ਕਹਿ ਦਿੱਤੀ ਅਤੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦਾ ਗਠਨ ਕੀਤਾ। ਟਕਸਾਲੀ ਅਕਾਲੀ ਦਲ ਨੇ ਇਸ ਸੀਟ ਤੋਂ ਭਾਰਤੀ ਜ਼ਮੀਨੀ ਫੌਜ ਦੇ ਸਾਬਕਾ ਮੁਖੀ ਜਨਰਲ ਜੇ. ਜੇ. ਸਿੰਘ ਨੂੰ ਚੋਣ ਮੈਦਾਨ 'ਚ ਉਤਾਰਿਆ ਹੈ। ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਵਾਲੀ ਪੰਜਾਬ ਏਕਤਾ ਪਾਰਟੀ ਨੇ ਪਰਮਜੀਤ ਕੌਰ ਖਾਲੜਾ ਨੂੰ ਟਿਕਟ ਦਿੱਤੀ ਹੈ ਜੋ ਮਨੁੱਖੀ ਅਧਿਕਾਰ ਵਰਕਰ ਜਸਵੰਤ ਸਿੰਘ ਖਾਲੜਾ ਦੀ ਪਤਨੀ ਹੈ।


author

shivani attri

Content Editor

Related News