ਕਾਂਗਰਸ ਹਾਈਕਮਾਨ ਲਈ ਕੇਰਲ ਦੀਆਂ 20 ਸੀਟਾਂ ''ਤੇ ਉਮੀਦਵਾਰਾਂ ਦੀ ਚੋਣ ਕਰਨੀ ਹੋਈ ਮੁਸ਼ਕਿਲ

Thursday, Mar 14, 2019 - 10:17 AM (IST)

ਕਾਂਗਰਸ ਹਾਈਕਮਾਨ ਲਈ ਕੇਰਲ ਦੀਆਂ 20 ਸੀਟਾਂ ''ਤੇ ਉਮੀਦਵਾਰਾਂ ਦੀ ਚੋਣ ਕਰਨੀ ਹੋਈ ਮੁਸ਼ਕਿਲ

ਜਲੰਧਰ (ਚੋਪੜਾ)— ਚੋਣ ਮੌਸਮ 'ਚ ਕਾਂਗਰਸ ਦੀ ਆਦਤ ਅਨੁਸਾਰ ਜਿੱਥੇ ਦੇਸ਼ ਦੇ ਸਾਰੇ ਸੂਬਿਆਂ ਦੇ ਨੇਤਾ ਦਿੱਲੀ ਪਹੁੰਚ ਕੇ ਕਾਂਗਰਸ ਦੀ ਟਿਕਟ ਨੂੰ ਲੈ ਕੇ ਹਾਈ ਕਮਾਨ ਦੇ ਸਾਹਮਣੇ ਬਣੇ ਖਿੱਚ-ਧੂਹ ਦੇ ਮਾਹੌਲ 'ਚ ਆਪਣਾ ਜੁਗਾੜ ਕਰਨ 'ਚ ਲੱਗੇ ਹੁੰਦੇ ਹਨ, ਉਥੇ ਹੀ ਕੇਰਲ 'ਚ ਇਸ ਵਾਰ ਹਾਲਾਤ ਉਲਟ ਨਜ਼ਰ ਆ ਰਹੇ ਹਨ। ਜਿੱਥੇ ਲੋਕਸਭਾ 2019 ਦੀਆਂ ਚੋਣਾਂ 'ਚ ਪਾਰਟੀ ਲੀਡਰਸ਼ਿਪ ਇਸ ਵਾਰ ਚੋਣ ਲੜਨ ਲਈ ਸੂਬੇ ਦੇ ਨੇਤਾਵਾਂ ਨੂੰ ਮਨਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਕੇਰਲ 'ਚ ਕਾਂਗਰਸ ਲਈ ਬਣੇ ਸੰਕਟ ਦਾ ਮੁੱਖ ਕਾਰਨ ਹੈ ਕਿ ਕਾਂਗਰਸ ਦੇ ਕੁਝ ਸੀਨੀਅਰ ਨੇਤਾਵਾਂ ਨੇ ਚੋਣ ਲੜਨ ਤੋਂ ਸਪੱਸ਼ਟ ਨਾਂਹ ਕਰ ਦਿੱਤੀ ਹੈ। ਇਹੀ ਕਾਰਨ ਹੈ ਕਿ ਆਲ ਇੰਡੀਆ ਕਾਂਗਰਸ ਅਜੇ ਤੱਕ ਕੇਰਲ 'ਚ 20 ਸੀਟਾਂ 'ਤੇ ਆਪਣੇ ਉਮੀਦਵਾਰਾਂ ਦਾ ਐਲਾਨ ਨਹੀਂ ਕਰ ਪਾ ਰਹੀ ਹੈ ਜਦਕਿ ਸੂਬੇ 'ਚ ਕਾਂਗਰਸ ਦੇ ਮੁੱਖ ਵਿਰੋਧੀ ਸੱਤਾਧਾਰੀ ਪਾਰਟੀ ਐੱਲ. ਡੀ. ਐੱਫ. ਨੇ ਪਿਛਲੇ ਹਫਤੇ ਹੀ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਸੀ। 


ਕਾਂਗਰਸ 'ਚ ਚੋਣ ਲੜਨ ਤੋਂ ਪਿੱਛੇ ਹਟ ਰਹੇ ਨੇਤਾਵਾਂ ਕਾਰਨ ਪਏ ਰੌਲੇ ਦਾ ਮੁੱਖ ਕਾਰਨ ਇਹ ਹੈ ਕਿ ਮੁੱਖ ਮੰਤਰੀ ਓਮਾਨ ਚਾਂਡੀ, ਕੇਰਲ ਕਾਂਗਰਸ ਦੇ ਪ੍ਰਧਾਨ ਮੁੱਲਾਪੱਲੀ ਰਾਮਚੰਦਰਨ, ਸਾਬਕਾ ਸੰਸਦ ਮੈਂਬਰ ਅਤੇ ਉੱਤਰ ਕੇਰਲ ਦੇ ਮਜ਼ਬੂਤ ਨੇਤਾ ਕੇ. ਸੁਧਾਕਰਨ ਅਤੇ ਪਾਰਟੀ ਦੇ ਜਨਰਲ ਸਕੱਤਰ ਅਤੇ ਸਾਬਕਾ ਕੇਂਦਰੀ ਰਾਜ ਮੰਤਰੀ ਕੇ. ਸੀ. ਵੇਣੂਗੋਪਾਲ ਨੇ ਜਨਤਕ ਤੌਰ 'ਤੇ ਕਿਹਾ ਹੈ ਕਿ ਉਹ ਕਾਂਗਰਸ ਦੇ ਉਮੀਦਵਾਰਾਂ ਵਜੋਂ ਚੋਣ ਨਹੀਂ ਲੜਨਾ ਚਾਹੁਣਗੇ। ਕੁਝ ਦਿਨ ਪਹਿਲਾਂ ਹੀ ਵੇਣੂਗੋਪਾਲ ਨੇ ਦੋਹਰਾਇਆ ਕਿ ਉਹ ਚੋਣ ਲੜਨਾ ਤਾਂ ਚਾਹੁੰਦੇ ਹਨ ਪਰ ਸੰਗਠਨ ਦੀ ਡਿਊਟੀ ਕਾਰਨ ਇਹ ਅਸੰਭਵ ਸੀ। ਚਾਂਡੀ ਨੇ ਕੇਰਲ ਦੀ ਰਾਜਨੀਤੀ ਲਈ ਕੰਮ ਕਰਦੇ ਰਹਿਣ ਦਾ ਬਹਾਨਾ ਬਣਾਇਆ ਹੈ। 


ਜ਼ਿਕਰਯੋਗ ਹੈ ਕਿ ਚਾਂਡੀ ਕੇਰਲ 'ਚ ਕਾਂਗਰਸ ਦੇ 2 ਮੁੱਖ ਧੜਿਆਂ 'ਚੋਂ ਇਕ ਦੇ ਨੇਤਾ ਵੀ ਹਨ। ਦੂਜੇ ਦੀ ਅਗਵਾਈ ਵਿਰੋਧੀ ਧਿਰ ਦੇ ਨੇਤਾ ਰਮੇਸ਼ ਚੇਨੀਥਲਾ ਕਰ ਰਹੇ ਹਨ ਅਤੇ ਦੋਵੇਂ ਅਗਲੇ ਮੁੱਖ ਮੰਤਰੀ ਦੇ ਰੂਪ 'ਚ ਖੁਦ ਨੂੰ ਜਗ੍ਹਾ ਦੇਣ ਲਈ ਜੱਦੋ-ਜਹਿਦ ਕਰ ਰਹੇ ਹਨ। ਰਾਮਚੰਦਰਨ ਵੀ ਪਾਰਟੀ ਨੂੰ ਮਜ਼ਬੂਤ ਕਰਨ 'ਤੇ ਧਿਆਨ ਦੇਣਾ ਚਾਹੁੰਦੇ ਸਨ ਜਦਕਿ ਸੁਧਾਕਰਨ ਨੇ ਸਿਹਤ ਸਬੰਧੀ ਮੁੱਦਿਆਂ ਦਾ ਹਵਾਲਾ ਦਿੱਤਾ।
ਉੱਧਰ ਐੱਲ. ਡੀ. ਐੱਫ. ਦਾ ਆਪਣੇ ਸੀਨੀਅਰ ਨੇਤਾਵਾਂ ਤੇ ਸਥਾਨਕ ਵਿਧਾਇਕਾਂ ਦੇ ਮਜ਼ਬੂਤ ਪੈਨਲ ਦੇ ਐਲਾਨ ਦੇ ਨਾਲ-ਨਾਲ ਇਕ ਹਾਈ-ਪ੍ਰੋਫਾਈਲ ਪੈਨਲ ਵੀ ਕਾਂਗਰਸ ਦੇ ਸਾਹਮਣੇ ਇਕ ਵੱਡੀ ਚੁਣੌਤੀ ਬਣ ਕੇ ਉਭਰਿਆ ਹੈ। ਦਿੱਲੀ 'ਚ ਸੋਮਵਾਰ ਨੂੰ ਸੂਬੇ ਦੇ ਨੇਤਾਵਾਂ ਤੇ ਕਾਂਗਰਸ ਸਕ੍ਰੀਨਿੰਗ ਕਮੇਟੀ ਵਿਚਾਲੇ ਇਕ ਮਹੱਤਵਪੂਰਨ ਬੈਠਕ ਬਿਨਾਂ ਕਿਸੇ ਫੈਸਲੇ ਦੇ ਖਤਮ ਹੋ ਗਈ। ਹਾਲਾਂਕਿ ਕਮੇਟੀ ਨੇ ਸੁੰਨਕਰਨ ਨੂੰ ਕੰਨੂਰ ਚੋਣ ਹਲਕੇ ਤੋਂ ਖੜ੍ਹੇ ਹੋਣ ਲਈ ਕਹਿਣ ਦਾ ਫੈਸਲਾ ਕੀਤਾ ਹੈ। ਕਾਂਗਰਸ ਦੇ ਇਕ ਸੀਨੀਅਰ ਨੇਤਾ ਨੇ ਨਾਂ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ 14 ਮਾਰਚ ਨੂੰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਕੇਰਲ ਦੌਰੇ 'ਤੇ ਆ ਰਹੇ ਹਨ, ਉਸ ਦੌਰਾਨ ਪਾਰਟੀ 'ਚ ਉਮੀਦਵਾਰਾਂ ਦੀ ਚੋਣ ਬਾਰੇ ਫੈਸਲੇ ਕੀਤੇ ਜਾ ਸਕਦੇ ਹਨ ਪਰ ਮੌਜੂਦਾ ਹਾਲਾਤ ਕਾਰਨ ਚੋਣ ਜੰਗ ਤੋਂ ਪਹਿਲਾਂ ਹੀ ਕੇਰਲ 'ਚ ਕਾਂਗਰਸ ਦੀ ਹਾਲਤ ਕਾਫੀ ਕਮਜ਼ੋਰ ਨਜ਼ਰ ਆ ਰਹੀ ਹੈ।


author

shivani attri

Content Editor

Related News