ਲੋਕ ਕਾਂਗਰਸ ਤੋਂ ਮੁਕਤੀ ਚਾਹੁੰਦੇ ਹਨ, ‘ਆਪ’ ’ਤੇ ਵਿਸ਼ਵਾਸ ਨਹੀਂ ਕਰਦੇ : ਸੁਖਬੀਰ ਬਾਦਲ

Wednesday, Feb 16, 2022 - 11:53 AM (IST)

ਲੋਕ ਕਾਂਗਰਸ ਤੋਂ ਮੁਕਤੀ ਚਾਹੁੰਦੇ ਹਨ, ‘ਆਪ’ ’ਤੇ ਵਿਸ਼ਵਾਸ ਨਹੀਂ ਕਰਦੇ : ਸੁਖਬੀਰ ਬਾਦਲ

ਜਲੰਧਰ (ਬਿਊਰੋ) - ਵਿਧਾਨ ਸਭਾ ਚੋਣਾਂ ਵਿਚ ਜਿੱਤ ਲਈ ਸਾਰੀਆਂ ਪਾਰਟੀਆਂ ਦੇ ਨੇਤਾ ਅੱਡੀ-ਚੋਟੀ ਦਾ ਜ਼ੋਰ ਲਗਾ ਰਹੇ ਹਨ। ਸਾਰਿਆਂ ਦਾ ਦਾਅਵਾ ਹੈ ਕਿ ਸਰਕਾਰ ਉਨ੍ਹਾਂ ਦੀ ਬਣੇਗੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿੱਥੇ ਜਲਾਲਾਬਾਦ ਤੋਂ ਚੋਣ ਮੈਦਾਨ ਵਿਚ ਹਨ, ਉੱਥੇ ਹੀ ਉਹ ਪੂਰੇ ਸੂਬੇ ਵਿਚ ਆਪਣੇ ਉਮੀਦਵਾਰਾਂ ਲਈ ਪ੍ਰਚਾਰ ਵਿਚ ਵੀ ਲੱਗੇ ਹਨ। ਉਹ ਦਾਅਵਾ ਕਰ ਰਹੇ ਹਨ ਕਿ ਇਸ ਵਾਰ 80 ਸੀਟਾਂ ਜਿੱਤ ਕੇ ਸਰਕਾਰ ਬਣਾਉਣਗੇ। ਪੇਸ਼ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਜਗ ਬਾਣੀ/ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਹਿੰਦ ਸਮਾਚਾਰ ਦੇ ਨਵੀਨ ਸੇਠੀ ਦੀ ਵਿਸ਼ੇਸ਼ ਗੱਲਬਾਤ ਦੇ ਮੁੱਖ ਅੰਸ਼...

1. ਸੁਖਬੀਰ ਜੀ ਲੋਕ ਤੁਹਾਨੂੰ ਵੋਟ ਕਿਉਂ ਪਾਉਣ?
ਜਵਾਬ - ਜੋ ਸਾਡੀ ਸਰਕਾਰ ਦਾ 10 ਸਾਲਾਂ ਵਿਚ ਕੰਮ ਹੋਇਆ ਹੈ, ਉਹੋ ਜਿਹਾ ਕਦੇ ਨਹੀਂ ਹੋਇਆ। ਬਿਜਲੀ ਦੀ ਵਿਵਸਥਾ ਕੀਤੀ, ਸੜਕਾਂ ਬਣਾਈਆਂ, ਏਅਰਪੋਰਟ ਬਣਾਏ, ਟਿਊਬਵੈੱਲ ਕਨੈਕਸ਼ਨ ਦਿੱਤੇ, ਆਟਾ-ਦਾਲ ਸਕੀਮ, ਸ਼ਗਨ ਸਕੀਮ, ਪੈਨਸ਼ਨ, ਐੱਸ. ਸੀ. ਬੱਚਿਆਂ ਨੂੰ ਮੁਫ਼ਤ ਵਿਚ ਪੜ੍ਹਾਈ, ਵਰਲਡ ਕੱਪ ਕਬੱਡੀ ਕਰਵਾਉਂਦੇ ਸੀ। ਨੌਜਵਾਨਾਂ ਨੂੰ ਸਪੋਰਟਸ ਕਿੱਟਾਂ ਦਿੰਦੇ ਸੀ। ਸੇਵਾ ਕੇਂਦਰ ਖੋਲ੍ਹੇ ਸਨ, ਪਿਛਲੇ ਪੰਜ ਸਾਲਾਂ ਵਿਚ ਇਹ ਸਾਰਾ ਕੁਝ ਰੁਕ ਗਿਆ ਹੈ। ਲੋਕ ਕਾਂਗਰਸ ਤੋਂ ਮੁਕਤੀ ਚਾਹੁੰਦੇ ਹਨ, ਆਮ ਆਦਮੀ ਪਾਰਟੀ ’ਤੇ ਕੋਈ ਵਿਸ਼ਵਾਸ ਨਹੀਂ ਕਰਦਾ। ਸ਼੍ਰੋਮਣੀ ਅਕਾਲੀ ਦਲ ਇਕੱਲੀ ਪੰਜਾਬੀਆਂ ਦੀ ਪਾਰਟੀ ਹੈ। ਜੋ ਕੁਝ ਵੀ ਪੰਜਾਬ ਵਿਚ ਬਣਿਆ ਹੈ, ਅਕਾਲੀ ਦਲ ਦੀਆਂ ਸਰਕਾਰਾਂ ਦੌਰਾਨ ਬਣਿਆ ਹੈ। ਇਸ ਕਰਕੇ ਇਕ ਪਾਸੜ ਗੇਮ ਚੱਲ ਰਹੀ ਹੈ। ਮੈਨੂੰ ਲੱਗਦਾ ਹੈ ਕਿ 80 ਤੋਂ ਜ਼ਿਆਦਾ ਸੀਟਾਂ ਅਕਾਲੀ ਦਲ-ਬਸਪਾ ਨੂੰ ਮਿਲਣਗੀਆਂ।

2. ਤੁਸੀਂ ਵਰਲਡ ਕੱਪ ਕਬੱਡੀ ਅਤੇ ਸੇਵਾ ਕੇਂਦਰਾਂ ਦੀ ਗੱਲ ਕੀਤੀ। ਮੋਹਾਲੀ ਦਾ ਬਸ ਅੱਡਾ ਬਣਿਆ ਸੀ, ਜੋ ਹੁਣ ਬੰਦ ਹੈ, ਕੀ ਸਰਕਾਰ ਬਣਨ ’ਤੇ ਤੁਸੀਂ ਫਿਰ ਇਨ੍ਹਾਂ ਨੂੰ ਚਲਾਓਗੇ?
ਜਵਾਬ - ਸਾਰਾ ਕੁਝ ਫਿਰ ਤੋਂ ਚੱਲੇਗਾ। ਅਰਵਿੰਦ ਕੇਜਰੀਵਾਲ ਤਾਂ ਸਭ ਤੋਂ ਵੱਡੇ ਝੂਠੇ ਹਨ। ਪੰਜ ਸਾਲ ਪਹਿਲਾਂ ਵੋਟਾਂ ਲਈਆਂ ਪਰ ਪੰਜਾਬ ਨਹੀਂ ਆਏ। ਹੁਣ ਕੰਧਾਂ ’ਤੇ ਲਿਖਿਆ ਹੈ, ਇਕ ਮੌਕਾ ਦਿਓ, ਕੀ ਉਹ ਪੰਜਾਬ ਦੇ ਦੁਖ-ਦਰਦ ਜਾਣਦੇ ਹਨ? ਕੋਰੋਨਾ ਕਾਲ ਵਿਚ ਲੋਕ ਇੱਥੇ ਮਰ ਰਹੇ ਸਨ, ਇਕ ਦਿਨ ਨਹੀਂ ਆਏ ਪੁੱਛਣ। ਕੇਜਰੀਵਾਲ ਨੂੰ ਲੋਕਾਂ ਦੀ ਪ੍ਰਵਾਹ ਨਹੀਂ ਹੈ। ਅਕਾਲੀ ਦਲ ਅਜਿਹੀ ਪਾਰਟੀ ਹੈ, ਜਿਸ ਨੇ ਰਹਿਣਾ ਹੈ, ਜਿਉਣਾ ਹੈ, ਮਰਨਾ ਹੈ ਪੰਜਾਬ ਲਈ।

3. ਕੇਜਰੀਵਾਲ ਕਹਿੰਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਆਪਸ ਵਿਚ ਮਿਲੇ ਹੋਏ ਹਨ?
ਜਵਾਬ - ਕੋਈ ਕਹਿੰਦਾ ਹੈ ਅਕਾਲੀ ਦਲ ਕਾਂਗਰਸ ਨਾਲ ਮਿਲਿਆ ਹੋਇਆ ਹੈ, ਕੋਈ ਕਹਿੰਦਾ ਹੈ ਦੂਜਿਆਂ ਨਾਲ ਮਿਲਿਆ ਹੋਇਆ ਹੈ। ਇਹ ਸਾਰੇ ਸਟੰਟ ਹਨ, ਕਿਉਂਕਿ ਉਨ੍ਹਾਂ ਦੇ ਖੁਦ ਦੇ ਪੈਰਾਂ ਦੇ ਹੇਠੋਂ ਜ਼ਮੀਨ ਖਿਸਕ ਗਈ ਹੈ।

4. ਦਿੱਲੀ ਮਾਡਲ ਦੀ ਗੱਲ ਕਰਦੇ ਹੋ, ਕਹਿੰਦੇ ਹੋ ਦਿੱਲੀ ਮਾਡਲ ਅਲੱਗ ਹੈ?
ਜਵਾਬ - ਦਿੱਲੀ ਮਾਡਲ ਦਾ ਮਤਲੱਬ ਹੈ ਟਿਊਬਵੈਲ ’ਤੇ ਬਿੱਲ ਲਾਏ ਜਾਣਗੇ। ਆਟਾ-ਦਾਲ ਅਤੇ ਸ਼ਗਨ ਸਕੀਮ ਬੰਦ ਹੋਵੇਗੀ, ਕਿਉਂਕਿ ਦਿੱਲੀ ਮਾਡਲ ਤਾਂ ਇਹ ਹੈ ਹੀ ਨਹੀਂ। ਇੱਥੇ ਦੁਕਾਨਾਂ ਦੇ 12 ਤੋਂ 13 ਰੁਪਏ ਪ੍ਰਤੀ ਯੂਨਿਟ ਬਿਜਲੀ ਦੇ ਬਿੱਲ ਹੋਣਗੇ।

5. ਚੰਨੀ ਸਾਹਿਬ ਕਹਿੰਦੇ ਹਨ ਕਿ ਮੇਰੇ 111 ਦਿਨਾਂ ਦੇ ਕੰਮ ’ਤੇ ਲੋਕ ਵੋਟ ਪਾਉਣਗੇ?
ਜਵਾਬ - 111 ਦਿਨਾਂ ਵਿਚ 300 ਕਰੋੜ ਕਮਾ ਲਏ, ਲੋਕ ਗਰੀਬ ਹੋ ਗਏ ਅਤੇ ਚੰਨੀ ਅਮੀਰ ਹੋ ਗਏ। ਇਹੀ ਕੰਮ ਕੀਤਾ ਹੈ ਚੰਨੀ ਨੇ। ਜਿਸ ਮੁੱਖ ਮੰਤਰੀ ਦੇ ਘਰੋਂ 10-10 ਕਰੋੜ ਰੁਪਏ ਮਿਲਣ, ਉਸ ਨੂੰ ਤਾਂ ਰਾਜਨੀਤੀ ਛੱਡ ਦੇਣੀ ਚਾਹੀਦੀ ਹੈ।

6. ਇਹ ਤਾਂ ਕੈਪਟਨ ਅਮਰਿੰਦਰ ਸਿੰਘ ਵੀ ਕਹਿੰਦੇ ਸਨ?
ਜਵਾਬ - ਕੈਪਟਨ ਅਮਰਿੰਦਰ ਸਿੰਘ ਤਾਂ ਘਰੋਂ ਨਿਕਲੇ ਨਹੀਂ, ਪੁਲਸ ਮੀਟਿੰਗ ਬੁਲਾਈ ਨਹੀਂ, ਜੋ ਪੁਲਸ ਵਾਲੇ ਲਗਾਏ ਹਨ, ਸਿਫਾਰਿਸ਼ੀ ਹਨ, ਉਹ ਜੋ ਪੈਸੇ ਦੇ ਕੇ ਐੱਸ. ਐੱਸ. ਪੀ. ਲੱਗਾ ਹੈ, ਡੀ. ਐੱਸ. ਪੀ. ਲੱਗਾ ਹੈ, ਉਨ੍ਹਾਂ ਨੇ ਨਸ਼ੇ ਵਾਲਿਆਂ ਨੂੰ ਅੱਗੇ ਕਰਨਾ ਹੈ। ਅਸੀਂ ਸਖਤ ਕਾਨੂੰਨ ਬਣਾਵਾਂਗੇ, ਤਾਂ ਕਿ ਜ਼ਮਾਨਤ ਹੀ ਨਾ ਹੋ ਸਕੇ। ਜਦੋਂ ਜ਼ਮਾਨਤ ਨਹੀਂ ਹੋਵੇਗੀ ਅਤੇ ਨਾਲ ਦੀ ਨਾਲ ਅਜਿਹੇ ਲੋਕਾਂ ਨੂੰ ਫੜਨਾ ਸ਼ੁਰੂ ਕਰ ਦੇਣਗੇ ਤਾਂ ਨਸ਼ੇ ’ਤੇ ਲਗਾਮ ਲੱਗ ਜਾਵੇਗੀ। ਜਿਨ੍ਹਾਂ ਨੇ ਜਿੱਥੋਂ ਨਸ਼ੇ ਦਾ ਕਾਰੋਬਾਰ ਸ਼ੁਰੂ ਕੀਤਾ, ਜਿਸ ਨੇ ਲਿਆ ਅਤੇ ਇਸ ਦੇ ਪਿੱਛੇ ਕੌਣ ਹੈ, ਕਿਸੇ ਨੂੰ ਨਹੀਂ ਛੱਡਾਂਗੇ, ਭਾਵੇਂ ਉਹ ਮੰਤਰੀ ਹੋਵੇ ਜਾਂ ਕੋਈ ਹੋਰ।

5. ਬਿਕਰਮ ਮਜੀਠੀਆ ਦੀ ਸੀਟ ਹਾਟ ਸੀਟ ਬਣੀ ਹੈ? ਕੀ ਫੀਡਬੈਕ ਉੱਥੋਂ ਆ ਰਿਹਾ ਹੈ?
ਜਵਾਬ -ਬਿਕਰਮ ਮਜੀਠੀਆ ਜਿੱਤੇਗਾ, ਕਿਉਂਕਿ ਨਵਜੋਤ ਸਿੰਘ ਸਿੱਧੂ ਨੂੰ ਕੋਈ ਵੀ ਨਹੀਂ ਪੁੱਛਦਾ। 10 ਸਾਲ ਉੱਥੋਂ ਵਿਧਾਇਕ ਰਹੇ ਹਨ, ਇਕ ਦਿਨ ਨਹੀਂ ਗਏ, ਬੁਰਾ ਹਾਲ ਹੈ, ਸੀਵਰੇਜ ਨਹੀਂ ਹੈ, ਪੀਣ ਦੇ ਪਾਣੀ ਦਾ ਪ੍ਰਬੰਧ ਨਹੀਂ ਹੈ। ਨਾਲੀਆਂ ਕੱਚੀਆਂ ਹਨ, ਅਜਿਹਾ ਬੁਰਾ ਹਾਲ ਮੈਂ ਕਿਤੇ ਨਹੀਂ ਵੇਖਿਆ।

6. ਚੰਨੀ ਸਾਹਿਬ ਦੋ ਸੀਟਾਂ ਤੋਂ ਲੜ ਰਹੇ ਹਨ, ਕੀ ਕਹੋਗੇ?
ਜਵਾਬ - ਦੋਵਾਂ ਸੀਟਾਂ ਤੋਂ ਹਾਰਨਗੇ।

7. ਭਗਵੰਤ ਮਾਨ ਲਈ ਕੀ ਕਹੋਗੇ?
ਜਵਾਬ - ਭਗਵੰਤ ਮਾਨ ਦਾ ਕੀ ਹੈ, ਤੁਸੀਂ ਵੇਖਿਆ ਹੈ, ਜਲੂਸ ਨਿਕਲਿਆ ਹੋਇਆ ਹੈ। ਹੁਣ ਭਗਵੰਤ ਫਿਰ ਪੰਜਾਬ ਵਿਚ ਦਿਸੇ ਹਨ।

8. ਸਟਾਰ ਪ੍ਰਚਾਰਕ ਰੈਲੀਆਂ ਕਰ ਰਹੇ ਹਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ ਰਾਹੁਲ ਗਾਂਧੀ ਵੀ ਪਹੁੰਚੇ ਹਨ। ਡੇਰਿਆਂ ਦੀ ਸਿਆਸਤ ਚੱਲ ਰਹੀ ਹੈ। ਤੁਹਾਨੂੰ ਕੀ ਲੱਗਦਾ ਹੈ?
ਜਵਾਬ - ਚੋਣਾਂ ਦਾ ਦੌਰ ਹੈ। ਹੁਣ ਕਾਂਗਰਸ ਅਤੇ ਬੀ.ਜੇ.ਪੀ. ਦਾ ਬਿਲਕੁਲ ਸਫਾਇਆ ਹੈ, ਉਹ ਆਪਣਾ ਅਕਸ ਬਚਾਉਣਾ ਚਾਹੁੰਦੇ ਹਨ।

9. 2017 ਦੀ ਗੱਲ ਕਰੀਏ ਤਾਂ ਨਸ਼ੇ ਦਾ ਮੁੱਦਾ ਬਹੁਤ ਛਾਇਆ ਸੀ। ਹੁਣ ਵੀ ਚੱਲ ਰਿਹਾ ਹੈ। ਉਸ ’ਤੇ ਲਗਾਮ ਕਿਵੇਂ ਲੱਗੇਗੀ?
ਜਵਾਬ - ਨਸ਼ਾ ਕੰਟਰੋਲ ਕਰਨਾ ਕੋਈ ਜ਼ਿਆਦਾ ਮੁਸ਼ਕਿਲ ਨਹੀਂ ਹੈ, ਤੁਹਾਡੇ ਵਿਚ ਹਿੰਮਤ ਹੋਣੀ ਚਾਹੀਦੀ ਹੈ।

10. ਮਾਝਾ, ਮਾਲਵਾ, ਦੋਆਬੇ ਤੋਂ ਕਿੰਨੀਆਂ ਸੀਟਾਂ ਜਿੱਤੋਗੇ? ਤੁਸੀਂ 80 ਸੀਟਾਂ ਕਹਿ ਰਹੇ ਹੋ?
ਜਵਾਬ - ਬੀ.ਜੇ.ਪੀ. ਨੂੰ ਕੁਝ ਨਹੀਂ ਮਿਲੇਗਾ। 80 ਸੀਟਾਂ ਸਾਡੀਆਂ ਆਉਣਗੀਆਂ, ਜਿਨ੍ਹਾਂ ਵਿਚ 16-17 ਮਾਝੇ ਤੋਂ, 18 ਦੇ ਆਸਪਾਸ ਦੋਆਬਾ ਅਤੇ ਬਾਕੀ ਮਾਲਵੇ ਤੋਂ ਆਉਣਗੀਆਂ। ਦੋ ਥਾਵਾਂ ’ਤੇ ਮੈਂ ਪੂਰਾ ਜ਼ੋਰ ਦੇਵਾਂਗਾ, ਇਕ ਸਰਕਾਰੀ ਸਕੂਲਾਂ ਦਾ ਢਾਂਚਾ ਠੀਕ ਕਰ ਕੇ ਬੱਚਿਆਂ ਨੂੰ ਪੜ੍ਹਾਉਣਾ ਅਤੇ ਦੂਜਾ ਹਰ ਹਲਕੇ ਵਿਚ ਇਕ ਵੱਡਾ ਹਸਪਤਾਲ ਬਣਾਉਣਾ, ਤਾਂ ਕਿ ਇਲਾਜ ਨਾ ਹੋਣ ਕਾਰਨ ਕਿਸੇ ਦੀ ਮੌਤ ਨਾ ਹੋਵੇ।

11. ਤੁਹਾਡੀ ਜਿੱਤ ਦਾ ਫਾਰਮੂਲਾ ਕੀ ਹੈ?
ਜਵਾਬ - ਸਾਡੇ ਕੰਮ ’ਤੇ ਲੋਕਾਂ ਨੂੰ ਵਿਸ਼ਵਾਸ ਹੈ। ਪਹਿਲੀ ਗੱਲ ਸ਼੍ਰੋਮਣੀ ਅਕਾਲੀ ਇਕੱਲੀ ਪੰਜਾਬੀਆਂ ਦੀ ਪਾਰਟੀ ਹੈ। ਦੂਜਾ ਸਾਡਾ ਟ੍ਰੈਕ ਰਿਕਾਰਡ, ਜੋ ਕਿਹਾ, ਉਹ ਅਸੀਂ ਕੀਤਾ। ਜੋ ਇੰਫਰਾਸਟ੍ਰਕਚਰ ਅਸੀਂ ਬਣਾਇਆ ਹੈ ਅਤੇ ਗਰੀਬ ਦੀ ਮੱਦਦ ਕੀਤੀ ਹੈ, ਅੱਜ ਤੱਕ ਕਿਸੇ ਨੇ ਨਹੀਂ ਕੀਤੀ। ਇਸ ਲਈ ਸਾਡੇ ਪੁਰਾਣੇ ਕੀਤੇ ਕੰਮਾਂ ’ਤੇ ਲੋਕ ਵੋਟ ਪਾਉਣਗੇ।

12. ਦਵਿੰਦਰਪਾਲ ਭੁੱਲਰ ਦੀ ਰਿਹਾਈ ਦਾ ਮੁੱਦਾ ਤੁਹਾਡੀ ਸਰਕਾਰ ਦੇ ਸਮੇਂ ਵੀ ਜ਼ੋਰ-ਸ਼ੋਰ ਨਾਲ ਚੁੱਕਿਆ। ਹਾਲੇ ਤੱਕ ਉਨ੍ਹਾਂ ਦੀ ਰਿਹਾਈ ਕਿਉਂ ਨਹੀਂ ਹੋ ਸਕੀ ਹੈ?
ਜਵਾਬ - ਕੇਜਰੀਵਾਲ ਰੋਕ ਕੇ ਬੈਠੇ ਹਨ। ਉਨ੍ਹਾਂ ਨੂੰ ਅਫ਼ਸਰਾਂ ਨੇ ਕਿਹਾ ਹੋਇਆ ਹੈ ਕਿ ਹੁਣ ਰਿਹਾਅ ਕਰ ਦਿਓ ਪਰ ਉਹ ਰਿਹਾਅ ਨਹੀਂ ਕਰ ਰਹੇ ਜਿਸ ਵਿਅਕਤੀ ਨੇ ਸਜ਼ਾ ਪੂਰੀ ਕਰ ਲਈ ਹੈ, ਉਸ ਨੂੰ ਹੁਣ ਤੱਕ ਨਹੀਂ ਛੱਡ ਰਹੇ, ਇਹ ਤਾਂ ਨੀਅਤ ਹੈ ਕੇਜਰੀਵਾਲ ਦੀ।

13. ਕਹਿ ਰਹੇ ਹਨ ਕਿ ਤੁਸੀਂ ਵੱਡੇ ਬਾਦਲ ਸਾਹਿਬ ਨੂੰ ਮੈਦਾਨ ਵਿਚ ਉਤਾਰ ਦਿੱਤਾ। ਉੱਥੋਂ ਹਾਰ ਰਹੇ ਸੀ ਜਾਂ ਸੀਟ ਜਿੱਤਣੀ ਸੀ?
ਜਵਾਬ - ਇਹ ਬੋਲਣ ਵਾਲੇ ਕੌਣ ਹਨ? ਬਾਦਲ ਸਾਹਿਬ ਦੀ ਜ਼ਿੰਦਗੀ ਲੋਕ ਹਨ। ਅਸੀਂ ਕਿਹਾ ਕਿ ਤੁਸੀਂ ਜ਼ਿੰਦਗੀ ਤੋਂ ਰਿਟਾਇਰਡ ਨਹੀਂ ਹੋਣਾ, ਸੇਵਾ ਹੀ ਕਰਦੇ ਰਹਿਣਾ ਹੈ। ਹੁਣ ਵੀ ਤੁਸੀਂ ਵੇਖੋ 94 ਸਾਲ ਦੀ ਉਮਰ ਵਿਚ ਸੇਵਾ ਕਰ ਰਹੇ ਹਨ। ਉਨ੍ਹਾਂ ਦਾ ਖੁਦ ਦਾ ਵਿਚਾਰ ਸੀ।


author

rajwinder kaur

Content Editor

Related News