ਲੋਹੜੀ ਦੇ ਤਿਉਹਾਰ ਮੌਕੇ ਸਜੇ ਬਾਜ਼ਾਰ, ਖ਼ਰੀਦਦਾਰੀ ਸ਼ੁਰੂ
Monday, Jan 13, 2025 - 01:00 PM (IST)
ਮਾਨਸਾ (ਸੰਦੀਪ ਮਿੱਤਲ) : ਲੋਹੜੀ ਦੇ ਤਿਉਹਾਰ ਨੂੰ ਲੈ ਕੇ ਬਾਜ਼ਾਰ ਪੂਰੀ ਤਰ੍ਹਾਂ ਸਜ ਚੁੱਕੇ ਹਨ। ਇਸ ਤਹਿਤ ਲੋਕਾਂ ਨੇ ਮੂੰਗਫਲੀ, ਗੱਚਕ ਆਦਿ ਦੀ ਖ਼ਰੀਦਦਾਰੀ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਲੋਹੜੀ ਨੂੰ ਲੈ ਕੇ ਵੱਖ-ਵੱਖ ਬਾਜ਼ਾਰਾਂ ਵਿਚ ਚਹਿਲ ਪਹਿਲ ਅਤੇ ਰੌਣਕਾਂ ਦੇਖਣ ਨੂੰ ਮਿਲੀਆਂ। ਜਿਸ ਦੇ ਚੱਲਦਿਆਂ ਲੋਕਾਂ ਵੱਲੋਂ ਮੇਵੇ, ਮੂੰਗਫਲੀਆਂ, ਗੱਚਕਾਂ, ਮਿਠਾਈਆਂ ਆਦਿ ਐਤਵਾਰ ਨੂੰ ਖੂਬ ਖ਼ਰੀਦੀਆਂ ਗਈਆਂ ਤਾਂ ਕਿ ਸੋਮਵਾਰ ਨੂੰ ਲੋਹੜੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਜਾ ਸਕੇ।
ਇਸ ਤਿਉਹਾਰ ਨੂੰ ਲੈ ਕੇ ਪੰਜਾਬ ਕਰਿਆਨਾ ਐਸੋਸੀਏਸ਼ਨ ਨੇ ‘ਜੋ ਖਾਈਏ ਸੋ ਵਿਕਰੀ ਕਰੀਏ’ ਦਾ ਸੁਨੇਹਾ ਦਿੱਤਾ ਹੈ। ਕਰਿਆਨਾ ਐਸੋਸੀਏਸ਼ਨ ਪੰਜਾਬ ਦੇ ਚੇਅਰਮੈਨ ਸੁਰੇਸ਼ ਨੰਦਗੜ੍ਹੀਆ ਨੇ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ ਸਾਨੂੰ ਸ਼ੁੱਧ, ਵਧੀਆ ਅਤੇ ਕਆਲਿਟੀ ਵਾਲਾ ਕਰਿਆਨਾ ਪਦਾਰਥ ਵੇਚਣਾ ਚਾਹੀਦਾ ਹੈ। ਜਿਸ ਵਿੱਚ ਕਿਸੇ ਤਰ੍ਹਾਂ ਦੀ ਕੋਈ ਮਿਲਾਵਟ ਨਾ ਹੋਵੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਦੁਕਾਨਦਾਰ ਕਦੋਂ ਵੀ ਕੋਈ ਮਿਲਾਵਟੀ ਖਾਣ-ਪੀਣ ਵਾਲੇ ਪਦਾਰਥ ਦੀ ਵਿਕਰੀ ਕਰਦਾ ਫੜ੍ਹਿਆ ਗਿਆ ਤਾਂ ਐਸੋਸੀਏਸ਼ਨ ਉਸ ਦਾ ਸਾਥ ਨਹੀਂ ਦੇਵੇਗੀ।