ਟਿੱਡੀ ਦਲ ਤੋਂ ਫਸਲਾਂ ਨੂੰ ਬਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ

Sunday, May 31, 2020 - 12:46 PM (IST)

ਟਿੱਡੀ ਦਲ ਤੋਂ ਫਸਲਾਂ ਨੂੰ ਬਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ

ਕੋਟਕਪੂਰਾ (ਨਰਿੰਦਰ ਬੈੜ੍ਹ): ਪੰਜਾਬ ਦੇ ਗੁਆਂਢੀ ਸੂਬੇ ਰਾਜਸਥਾਨ ਅਤੇ ਗੁਆਂਢੀ ਦੇਸ਼ ਪਾਕਿਸਤਾਨ ਅੰਦਰ ਟਿੱਡੀ ਦਲ ਦੇ ਹਮਲੇ ਨੂੰ ਮੱਦੇਨਜ਼ਰ ਰੱਖਦੇ ਹੋਏ ਜ਼ਿਲ੍ਹਾ ਫਰੀਦਕੋਟ ਦੇ ਕਿਸਾਨਾਂ ਦੀਆਂ ਫਸਲਾਂ ਨੂੰ ਟਿੱਡੀ ਦਲ ਦੇ ਹਮਲੇ ਤੋਂ ਬਚਾਉਣ ਲਈ ਡਿਪਟੀ ਕਮਿਸ਼ਨਰ ਫਰੀਦਕੋਟ ਕੁਮਾਰ ਸੌਰਭ ਰਾਜ ਦੀਆਂ ਹਦਾਇਤਾਂ 'ਤੇ ਖੇਤੀਬਾੜੀ ਵਿਭਾਗ ਵਲੋਂ ਜ਼ਬਰਦਸਤ ਤਿਆਰੀਆਂ ਕੀਤੀਆਂ ਗਈਆਂ ਹਨ। ਇਸ ਦੌਰਾਨ ਐੱਸ.ਡੀ.ਐੱਮ. ਕੋਟਕਪੂਰਾ ਦੀ ਨਿਗਰਾਨੀ ਹੇਠ ਖੇਤੀਬਾੜੀ ਵਿਭਾਗ ਵਲੋਂ ਮੁੱਖ ਖੇਤੀਬਾੜੀ ਅਫਸਰ ਜ਼ਿਲ੍ਹਾ ਫਰੀਦਕੋਟ ਹਰਨੇਕ ਸਿੰਘ ਤੇ ਕੁਲਦੀਪ ਸਿੰਘ ਸੇਖੋਂ ਦੀ ਅਗਵਾਈ ਹੇਠ ਪਿੰਡ ਸੰਧਵਾਂ ਵਿਖੇ ਮੌਕ ਡਰਿੱਲ ਕੀਤੀ ਗਈ, ਜਿਸ 'ਚ ਖੇਤੀਬਾੜੀ ਵਿਭਾਗ ਤੋਂ ਇਲਾਵਾ ਫਾਇਰ ਬ੍ਰਿਗੇਡ ਅਤੇ ਹੋਰ ਵੱਖ-ਵੱਖ ਵਿਭਾਗਾਂ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਟਿੱਡੀ ਦਲ ਦਾ ਹਮਲਾ ਹੋਣ 'ਤੇ ਕੀਤੇ ਜਾਣ ਵਾਲੇ ਕੰਮਾਂ ਦਾ ਵਿਖਾਵਾ ਕੀਤਾ ਗਿਆ, ਜਿਸ ਵਿਚ ਉੱਚੀ ਅਵਾਜ਼ ਵਿੱਚ ਸ਼ੋਰ, ਬੂਟਿਆਂ ਅਤੇ ਦਰਖਤਾਂ ਆਦਿ 'ਤੇ ਬੈਠੇ ਟਿੱਡੀ ਦਲ 'ਤੇ ਦਵਾਈਆਂ ਦਾ ਛਿੜਕਾਅ ਆਦਿ ਸ਼ਾਮਲ ਹੈ।

ਇਸ ਦੌਰਾਨ ਮੁੱਖ ਖੇਤੀਬਾੜੀ ਅਫਸਰ ਹਰਨੇਕ ਸਿੰਘ ਨੇ ਦੱਸਿਆ ਕਿ ਇਹ ਮੌਕ ਡਰਿੱਲ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਇਸ ਲਈ ਲੋੜੀਂਦੀ ਦਵਾਈ ਅਤੇ ਹੋਰ ਸਾਧਨਾਂ ਦੇ ਪੂਰੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸ਼ਾਮ ਤੋਂ ਬਾਅਦ ਜਦੋਂ ਟਿੱਡੀ ਦਲ ਬੂਟਿਆਂ ਆਦਿ 'ਤੇ ਬੈਠੇਗਾ ਤਾਂ ਉਸਦੇ ਬਾਅਦ ਸਾਰੀ ਰਾਤ ਖੇਤੀਬਾੜੀ ਵਿਭਾਗ ਵਲੋਂ ਇਸ 'ਤੇ ਸਪ੍ਰੇਅ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ 6 ਵਾਰ ਟਿੱਡੀ ਦਲ ਪੰਜਾਬ ਆ ਚੁੱਕਿਆ ਹੈ ਅਤੇ ਹਰ ਵਾਰ ਖੇਤੀਬਾੜੀ ਵਿਭਾਗ ਵਲੋਂ ਇਸ 'ਤੇ ਪੂਰੀ ਤਰ੍ਹਾਂ ਕੰਟਰੋਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਪੰਚਾਇਤਾਂ ਤੇ ਐੱਨ.ਜੀ.ਓਜ਼ ਦੇ ਵੀ ਸੰਪਰਕ 'ਚ ਹੈ ਤਾਂ ਜੋ ਮੌਕੇ 'ਤੇ ਹੀ ਵਧੀਆ ਤਰੀਕੇ ਨਾਲ ਕਾਰਵਾਈ ਕੀਤੀ ਜਾ ਸਕੇ। ਇਸ ਦੌਰਾਨ ਡਿਪਟੀ ਕਮਿਸ਼ਨਰ ਫਰੀਦਕੋਟ ਨੇ ਮੌਕ ਡਰਿੱਲ ਵੇਖਣ ਤੋਂ ਬਾਅਦ ਖੇਤੀਬਾੜੀ ਮਹਿਕਮੇ ਵਲੋਂ ਟਿੱਡੀ ਦਲ ਦੇ ਹਮਲੇ ਦੇ ਟਾਕਰੇ ਲਈ ਕੀਤੇ ਪ੍ਰਬੰਧਾਂ 'ਤੇ ਪੂਰੀ ਤਰ੍ਹਾਂ ਤਸੱਲੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਡਾ.ਅਵਨਿੰਦਰ ਪਾਲ ਸਿੰਘ, ਇੰਸ.ਬੇਅੰਤ ਕੌਰ ਐੱਸ.ਐੱਚ.ਓ. ਸਦਰ, ਊਧਮ ਸਿੰਘ ਔਲਖ ਤੇ ਸੁਖਵਿੰਦਰ ਸਿੰਘ ਬੱਬੂ ਆਦਿ ਵੀ ਹਾਜ਼ਰ ਸਨ।


author

Shyna

Content Editor

Related News