ਲੋਕਲ ਬਾਡੀਜ਼ ਵਿਭਾਗ ਦੇ ਡਾਇਰੈਕਟਰ ਦੀ ਟੀਮ ਵੱਲੋਂ ਇੰਪਰੂਵਮੈਂਟ ਟਰੱਸਟ ਦੇ ਰਿਕਾਰਡ ਦੀ ਜਾਂਚ

Saturday, Sep 09, 2017 - 08:18 AM (IST)

ਲੋਕਲ ਬਾਡੀਜ਼ ਵਿਭਾਗ ਦੇ ਡਾਇਰੈਕਟਰ ਦੀ ਟੀਮ ਵੱਲੋਂ ਇੰਪਰੂਵਮੈਂਟ ਟਰੱਸਟ ਦੇ ਰਿਕਾਰਡ ਦੀ ਜਾਂਚ

ਜਲੰਧਰ, (ਪੁਨੀਤ)- ਲੋਕਲ ਬਾਡੀਜ਼ ਵਿਭਾਗ ਦੇ ਡਾਇਰੈਕਟਰ ਦੀ ਟੀਮ ਨੇ ਇੰਪਰੂਵਮੈਂਟ ਟਰੱਸਟ ਵਿਚ ਰੇਡ ਕਰ ਕੇ ਰਿਕਾਰਡ ਖੰਗਾਲਿਆ ਹੈ ਜਿਸ ਦੀ ਰਿਪੋਰਟ ਚੰਡੀਗੜ੍ਹ ਆਫਿਸ ਵਿਚ ਕੀਤੀ ਜਾਵੇਗੀ। ਅੰਮ੍ਰਿਤਸਰ ਵਿਚ ਹੋਏ ਬਹੁ-ਕਰੋੜੀ ਘਪਲੇ ਤੋਂ ਬਾਅਦ ਬੀਤੇ ਦਿਨੀਂ ਵਿਜੀਲੈਂਸ ਦੀ ਟੀਮ ਨੇ ਰੇਡ ਕਰ ਕੇ ਕੈਸ਼ ਨਾਲ ਸੰਬੰਧਿਤ ਕੁਝ ਰਿਕਾਰਡ ਕਬਜ਼ੇ ਵਿਚ ਕਰ ਲਿਆ ਸੀ। ਉਥੇ ਅੱਜ ਪਹੁੰਚੀ ਟੀਮ ਕੈਸ਼ ਰਿਕਾਰਡ ਦੀ ਡੂੰਘਾਈ ਨਾਲ ਜਾਂਚ ਕਰਦੀ ਰਹੀ। ਟੀਮ ਨੇ ਇਕ ਰਿਪੋਰਟ ਤਿਆਰ ਕੀਤੀ ਹੈ ਜਿਸ ਵਿਚ ਟਰੱਸਟ ਦਾ 100 ਕਰੋੜ ਤੋਂ ਜ਼ਿਆਦਾ ਦਾ ਖਰਚਾ ਤੇ ਰੁਕੀਆਂ ਹੋਈਆਂ ਕਈ ਸਕੀਮਾਂ ਦਾ ਵੇਰਵਾ ਦਿੱਤਾ ਗਿਆ ਹੈ। ਟੀਮ ਸਵੇਰੇ ਕਰਮਚਾਰੀਆਂ ਦੇ ਪਹੁੰਚਣ ਤੋਂ ਪਹਿਲਾਂ ਹੀ ਕਰੀਬ 8.45 'ਤੇ ਟਰੱਸਟ ਦੇ ਆਫਿਸ ਪਹੁੰਚ ਗਈ ਸੀ।
ਅੰਮ੍ਰਿਤਸਰ ਤੋਂ ਟਰਾਂਸਫਰ ਹੋ ਕੇ ਜਲੰਧਰ ਆਏ ਡੀ. ਸੀ. ਐੱਫ. ਏ. (ਡਿਪਟੀ ਕੰਟ੍ਰੋਲਰ ਫਾਇਨਾਂਸ ਐਂਡ ਅਕਾਊਂਟਸ) ਦਮਨ ਭੱਲਾ 'ਤੇ ਅੰਮ੍ਰਿਤਸਰ ਵਿਚ ਇੰਪਰੂਵਮੈਂਟ ਟਰੱਸਟ ਦੇ ਖਾਤੇ ਖੁੱਲ੍ਹਵਾ ਕੇ ਬਹੁ-ਕਰੋੜੀ ਘਪਲੇ ਦੇ ਦੋਸ਼ ਲੱਗੇ ਹਨ ਜਿਸ ਤੋਂ ਬਾਅਦ ਲੋਕਲ ਬਾਡੀਜ਼ ਵਿਭਾਗ ਦੇ ਸੀ. ਵੀ. ਓ. (ਚੀਫ ਵਿਜੀਲੈਂਸ ਆਫਿਸਰ) ਸੁਦੀਪ ਸਿੰਘ ਨੇ ਬੀਤੇ ਦਿਨੀਂ ਜਲੰਧਰ ਦੇ ਟਰੱਸਟ ਆਫਿਸ ਵਿਚ ਛਾਪੇਮਾਰੀ ਕਰ ਕੇ ਰਿਕਾਰਡ ਕਬਜ਼ੇ ਵਿਚ ਲਿਆ ਸੀ। ਵਿਜੀਲੈਂਸ ਨੂੰ ਸ਼ੱਕ ਹੈ ਕਿ ਅੰਮ੍ਰਿਤਸਰ ਦੇ ਬਹੁ-ਕਰੋੜੀ ਘਪਲੇ ਦੇ ਤਾਰ ਜਲੰਧਰ ਨਾਲ ਜੁੜੇ ਹੋ ਸਕਦੇ ਹਨ। ਇਸ ਪੂਰੇ ਮਾਮਲੇ ਵਿਚ ਦਮਨ ਭੱਲਾ ਗਾਇਬ ਹੈ। 
ਕਰੋੜਾਂ ਦੇ ਘਪਲੇ ਦਾ ਭਾਂਡਾ ਦਮਨ ਭੱਲਾ ਦੀ ਜਲੰਧਰ ਵਿਖੇ ਤਾਇਨਾਤੀ ਤੋਂ ਬਾਅਦ ਕੁਝ ਹੀ ਸਮੇਂ 'ਚ ਭੱਜ ਗਿਆ ਜਦੋਂਕਿ ਲੰਬੇ ਸਮੇਂ ਤੱਕ ਦਮਨ ਭੱਲਾ ਅੰਮ੍ਰਿਤਸਰ ਵਿਚ ਤਾਇਨਾਤ ਸੀ ਤੇ ਉਸ ਦਾ ਤਬਾਦਲਾ ਨਹੀਂ ਕੀਤਾ ਜਾ ਰਿਹਾ ਸੀ। ਭੱਲਾ ਦੀ ਅਧਿਕਾਰੀਆਂ ਨਾਲ ਪੂਰੀ ਸੈਟਿੰਗ ਸੀ। ਧਾਰਮਿਕ ਸੁਭਾਅ ਦਾ ਹੋਣ ਕਰਕੇ ਭੱਲਾ ਵੱਲੋਂ ਅਜਿਹਾ ਕਰਨ ਬਾਰੇ ਸੋਚਿਆ ਵੀ ਨਹੀਂ ਸੀ ਜਾ ਰਿਹਾ। 
ਈ. ਓ. ਜਤਿੰਦਰ ਨਾਲ ਚੱਲੀ ਕਈ ਘੰਟੇ ਮੀਟਿੰਗ- ਇਸ ਮਾਮਲੇ ਵਿਚ ਨਵਜੋਤ ਸਿੰਘ ਸਿੱਧੂ ਦੇ ਤੇਵਰਾਂ ਕਰਕੇ ਅਧਿਕਾਰੀਆਂ ਤੇ ਕਰਮਚਾਰੀਆਂ ਵਿਚ ਤਰਥੱਲੀ ਮਚੀ ਹੋਈ ਹੈ। ਚੰਡੀਗੜ੍ਹ ਤੋਂ ਆਈ ਟੀਮ ਨੇ ਜਿਥੇ ਅਕਾਊਂਟੈਂਟ ਪ੍ਰਦੀਪ ਸ਼ਰਮਾ ਕੋਲੋਂ ਲੰਬੇ ਸਮੇਂ ਤੱਕ ਪੁੱਛਗਿੱਛ ਕਰ ਕੇ ਰਿਕਾਰਡ ਮੰਗਿਆ ਉਥੇ ਉਨ੍ਹਾਂ ਨੇ ਟਰੱਸਟ ਦੇ ਈ. ਓ. ਜਤਿੰਦਰ ਸਿੰਘ ਨਾਲ ਕਈ ਘੰਟੇ ਤੱਕ ਮੀਟਿੰਗ ਕਰ ਕੇ ਅਧਿਕਾਰੀਆਂ ਦੇ ਬਾਰੇ ਜਾਣਕਾਰੀ ਹਾਸਿਲ ਕੀਤੀ। ਇਸ ਦੌਰਾਨ ਟਰੱਸਟ ਦੀਆਂ ਰੁਕੀਆਂ ਹੋਈਆਂ ਸਕੀਮਾਂ ਬਾਰੇ ਜਾਣਕਾਰੀ ਹਾਸਿਲ ਕੀਤੀ ਤੇ ਆਪਣੇ ਸੁਝਾਅ ਵੀ ਦਿੱਤੇ। ਜ਼ਿਕਰਯੋਗ ਹੈ ਕਿ ਵਿਜੀਲੈਂਸ ਟੀਮ ਨੇ ਟਰੱਸਟ ਦੇ ਅਕਾਊਂਟੈਂਟ ਪ੍ਰਦੀਪ ਸ਼ਰਮਾ ਨੂੰ 14 ਸਤੰਬਰ ਨੂੰ ਰਿਕਾਰਡ ਨਾਲ ਤਲਬ ਕੀਤਾ ਹੈ। ਇਸ ਦੌਰਾਨ ਦਮਨ ਭੱਲਾ ਮਾਮਲੇ ਵਿਚ ਪੁੱਛਗਿੱਛ ਕੀਤੀ ਜਾਵੇਗੀ। ਵਿਜੀਲੈਂਸ ਵੱਲੋਂ ਦਮਨ ਭੱਲਾ ਦੀ ਜਲੰਧਰ ਵਿਚ ਤਾਇਨਾਤੀ ਦੌਰਾਨ ਹੋਈ ਪੇਮੈਂਟ ਬਾਰੇ ਖਾਸ ਤੌਰ 'ਤੇ ਰੁਚੀ ਦਿਖਾਈ ਜਾ ਰਹੀ ਹੈ। 
ਸਿੱਧੂ ਦੇ ਆਫਿਸ ਦੀ ਪੂਰੇ ਮਾਮਲੇ 'ਤੇ ਨਜ਼ਰ- ਇਸ ਪੂਰੇ ਘਟਨਾਕ੍ਰਮ ਨੂੰ ਲੈ ਕੇ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਆਫਿਸ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਿਹਾ ਹੈ। ਸਿੱਧੂ ਦੀਆਂ ਨਜ਼ਰਾਂ ਇਸ ਮਾਮਲੇ 'ਤੇ  ਗੱਡੀਆਂ ਹੋਈਆਂ ਸਨ। ਇਸ ਕਾਰਨ ਲੋਕਲ ਬਾਡੀਜ਼ ਵਿਭਾਗ ਦੇ ਡਾਇਰੈਕਟਰ ਕੇ. ਕੇ. ਯਾਦਵ ਵੱਲੋਂ ਟੀਮਾਂ ਬਣਾ ਕੇ ਵੱਖ-ਵੱਖ ਸ਼ਹਿਰਾਂ 'ਚ ਟਰੱਸਟ ਦੇ ਦਫਤਰਾਂ ਵਿਚ ਭੇਜੀਆਂ ਗਈਆਂ ਹਨ ਤਾਂ ਜੋ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਹੋ ਸਕੇ। ਅੱਜ ਚੰਡੀਗੜ੍ਹ ਤੋਂ ਆਈ ਟੀਮ ਵਿਚ ਸੁਪਰਡੈਂਟ ਸੁਧਾ ਰਾਣੀ, ਸੀਨੀਅਰ ਅਸਿਸਟੈਂਟ ਰਾਜੀਵ ਗਰਗ ਤੇ ਅਭਿਸ਼ੇਕ ਗੁਪਤਾ ਸ਼ਾਮਿਲ ਸਨ। 


Related News