ਪਿਆਕੜਾਂ ਲਈ ਚਿੰਤਾਜਨਕ ਖਬਰ, ਇਸ ਰਿਪੋਰਟ ਨੂੰ ਪੜ੍ਹਨ ਮਗਰੋਂ ਉਡਣਗੇ ਹੋਸ਼

Monday, Aug 17, 2026 - 12:09 PM (IST)

ਪਿਆਕੜਾਂ ਲਈ ਚਿੰਤਾਜਨਕ ਖਬਰ, ਇਸ ਰਿਪੋਰਟ ਨੂੰ ਪੜ੍ਹਨ ਮਗਰੋਂ ਉਡਣਗੇ ਹੋਸ਼

ਅੰਮ੍ਰਿਤਸਰ (ਇੰਦਰਜੀਤ) : ਨਾਜਾਇਜ਼ ਸ਼ਰਾਬ ਬਣਾਉਣ ਅਤੇ ਵੇਚਣ ਨਾਲ ਜੁੜੇ ਸਿੰਡੀਕੇਟ ਵਿਚ ਇਕ ਨਵਾਂ ਅਤੇ ਚਿੰਤਾਜਨਕ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ। ਸ਼ਰਾਬ ਮਾਫੀਆ ਖਪਤਕਾਰਾਂ ਵਿਚ ਇਹ ਭਰਮ ਫੈਲਾਉਂਦੇ ਹਨ ਕਿ ਨਾਲੇ ਦੇ ‘ਖਾਰੇ’ ਪਾਣੀ ਤੋਂ ਤਿਆਰ ਕੀਤੀ ਸ਼ਰਾਬ ਦੀ ਗੁਣਵੱਤਾ, ਨਸ਼ਾ ਅਤੇ ਸਰੂਰ ਬਹੁਤ ਖਾਸ ਅਤੇ ਵੱਖਰਾ ਹੁੰਦਾ ਹੈ। ਹਾਲਾਂਕਿ, ਇਹ ਸਿਰਫ਼ ਇਕ ਝੂਠਾ ਪ੍ਰਚਾਰ ਹੈ, ਜਿਸ ਦੀ ਵਰਤੋਂ ਸ਼ਰਾਬ ਬਣਾਉਣ ਵਾਲੇ ਆਪਣੀ ਸੁਵਿਧਾਜਨਕ ਵਿਕਰੀ ਅਤੇ ਮੁਨਾਫ਼ਾ ਵਧਾਉਣ ਲਈ ਕਰਦੇ ਹਨ। ਇਥੋਂ ਤੱਕ ਕਿ ਇਸ ਸ਼ਰਾਬ ਨਾਲ ਪੁਰਾਣੀ ਖੁਜਲੀ ਠੀਕ ਹੋਣ ਦਾ ਵੀ ਦਾਅਵਾ ਕੀਤਾ ਜਾਂਦਾ ਹੈ। ਅੰਮ੍ਰਿਤਸਰ ਆਬਕਾਰੀ ਰੇਂਜ ਅਧੀਨ ਆਉਂਦੇ ਅਜਨਾਲਾ ਖੇਤਰ ਵਿਚ ਇਕ ‘ਸਕੀ ਨਾਲਾ’ ਵੀ ਹੈ, ਜਿਸ ਦੇ ਪਾਣੀ ਦੀ ਵਰਤੋਂ ਕਰ ਕੇ ਸ਼ਰਾਬ ਦੇ ਕਈ ਮਾਫੀਆ ਵਰ੍ਹਿਆਂ ਤੋਂ ਨਾਜਾਇਜ਼ ਸ਼ਰਾਬ ਦਾ ਧੰਦਾ ਕਰ ਰਹੇ ਹਨ, ਜਿਸ ਕਾਰਨ ਆਬਕਾਰੀ ਵਿਭਾਗ ਦਾ ਵੱਡਾ ਨੁਕਸਾਨ ਵੀ ਹੋ ਚੁੱਕਾ ਹੈ ਅਤੇ ਅੱਗੇ ਵੀ ਇਹ ਸਿਲਸਿਲਾ ਜਾਰੀ ਹੈ। ਦੂਸ਼ਿਤ ਸਰੋਤ ਦੀ ਵਰਤੋਂ ਇਸ ਲਈ ਕੀਤੀ ਜਾਂਦੀ ਹੈ ਕਿਉਂਕਿ ਵੱਡੇ ਪੱਧਰ ’ਤੇ ਨਾਜਾਇਜ਼ ਸ਼ਰਾਬ ਬਣਾਉਣ ਲਈ ਭਾਰੀ ਮਾਤਰਾ ’ਚ ਪਾਣੀ ਦੀ ਲੋੜ ਹੁੰਦੀ ਹੈ। ਇਸ ਮੰਗ ਨੂੰ ਪੂਰਾ ਕਰਨ ਲਈ ਨਿਰਮਾਤਾ ਅਕਸਰ ਆਸ-ਪਾਸ ਵਗਦੇ ਖੁੱਲ੍ਹੇ ਦੂਸ਼ਿਤ ਨਾਲਿਆਂ ਦਾ ਸਹਾਰਾ ਲੈਂਦੇ ਹਨ। ਹਾਲਾਂਕਿ ਗਾਰ/ਚਿੱਕੜ ਹੇਠਾਂ ਬੈਠ ਜਾਣ ਕਾਰਨ ਇਹ ਪਾਣੀ ਸਿੱਧਾ ਗੰਦਾ ਨਹੀਂ ਦਿਸਦਾ ਪਰ ਇਸ ਵਿਚ ਵੱਖਰੇ ਤਰ੍ਹਾਂ ਦਾ ‘ਰੰਗ ਅਤੇ ਬਦਬੂ’ ਮੌਜੂਦ ਹੁੰਦੀ ਹੈ। ਸਿਰਫ਼ ਪਾਣੀ ਦੀ ਆਸਾਨ ਉਪਲਬਧਤਾ ਕਾਰਨ ਇਸ ਦੂਸ਼ਿਤ ਪਾਣੀ ਦੀ ਵਰਤੋਂ ਕਰ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਅਤੇ ਨਾਜਾਇਜ਼ ਕਮਾਈ ਕੀਤੀ ਜਾ ਰਹੀ ਹੈ। ਹਾਲਾਂਕਿ ਇਨ੍ਹਾਂ ਖੇਤਰਾਂ ਵਿਚ ਲੰਬੇ ਸਮੇਂ ਤੱਕ ਇਕ ਮਹਿਲਾ ਆਬਕਾਰੀ ਇੰਸਪੈਕਟਰ (ਜੋ ਹੁਣ ਤਰੱਕੀ ਪਾ ਕੇ ਬਦਲ ਚੁੱਕੇ ਹਨ) ਨੇ ਪਿਛਲੇ 6-7 ਸਾਲਾਂ ਵਿਚ ਕਾਫ਼ੀ ਬਰਾਮਦਗੀ ਕੀਤੀ ਸੀ ਪਰ ਇਸ ਗੋਰਖਧੰਦੇ ਨੂੰ ਪੂਰੀ ਤਰ੍ਹਾਂ ਬੰਦ ਨਹੀਂ ਕਰਵਾਇਆ ਜਾ ਸਕਿਆ, ਨਤੀਜੇ ਵਜੋਂ ਸਿਲਸਿਲਾ ਜਾਰੀ ਹੈ।

ਇਹ ਵੀ ਪੜ੍ਹੋ : ਵੱਡੀ ਖਬਰ : 21 ਅਗਸਤ ਨੂੰ ਪੰਜਾਬ ਬੰਦ ਦਾ ਐਲਾਨ

ਸੁਆਦ ਅਤੇ ਲਤ ਦੇ ਜਾਲ ’ਚ ਫਸਦੇ ਸ਼ਰਾਬੀ

ਮਾਹਿਰਾਂ ਅਨੁਸਾਰ ਦੂਸ਼ਿਤ ਅਤੇ ਕੈਮੀਕਲ ਯੁਕਤ ਪਾਣੀ ਤੋਂ ਤਿਆਰ ਇਸ ਸ਼ਰਾਬ ਦੇ ਸੁਆਦ ਅਤੇ ਨਸ਼ੇ ਦੀ ਲਤ ਸ਼ਰਾਬੀਆਂ ਨੂੰ ਆਸਾਨੀ ਨਾਲ ਆਪਣੀ ਲਪੇਟ ਵਿਚ ਲੈ ਲੈਂਦੀ ਹੈ। ਨਸ਼ਾ ਕਰਨ ਵਾਲੇ ਲੋਕ ਇਸ ਨੂੰ ਇਕ ਵੱਖਰਾ ‘ਟੇਸਟ’ ਮੰਨ ਲੈਂਦੇ ਹਨ, ਜਦ ਕਿ ਅਸਲ ਵਿਚ ਇਹ ਸਰੀਰ ਦੇ ਗੰਭੀਰ ਅੰਗਾਂ ਨੂੰ ਨੁਕਸਾਨ ਪਹੁੰਚਾਉਣ ਵਾਲਾ ਸਾਬਤ ਹੋ ਰਿਹਾ ਹੈ ਕਿਉਂਕਿ ਨਾਲੇ ਦੇ ਪਾਣੀ ਵਿਚ ਹਰ ਤਰ੍ਹਾਂ ਦੀ ਗੰਦਗੀ ਅਤੇ ਵੇਸਟ ਚੀਜ਼ਾਂ ਵਹਾ ਦਿੱਤੀਆਂ ਜਾਂਦੀਆਂ ਹਨ, ਜਿਸ ਵਿਚ ਜਾਨਵਰਾਂ ਦਾ ਮਲ, ਮਰੇ ਹੋਏ ਜਾਨਵਰਾਂ ਦੀਆਂ ਹੱਡੀਆਂ ਆਦਿ ਵੀ ਸ਼ਾਮਲ ਹੁੰਦੀਆਂ ਹਨ।

ਇਹ ਵੀ ਪੜ੍ਹੋ : ਯੂਥ ਅਕਾਲੀ ਦਲ ਦੇ ਪ੍ਰਧਾਨ ਨਾਲ ਵੱਡਾ ਹਾਦਸਾ, ਭਿਆਨਕ ਬਣੇ ਹਾਲਾਤ

ਪਹਾੜੀ ਇਲਾਕਿਆਂ ਦੀਆਂ ਜੜ੍ਹੀ-ਬੂਟੀਆਂ ਵਾਲਾ ਦੱਸਦੇ ਹਨ ਪਾਣੀ

ਨਾਜਾਇਜ਼ ਸ਼ਰਾਬ ਦੇ ਕਾਲੇ ਕਾਰੋਬਾਰ ਵਿਚ ਸਮੱਗਲਰ ਲੋਕਾਂ ਦੀ ਜਾਨ ਨਾਲ ਖਿਲਵਾੜ ਕਰਨ ਲਈ ਭਾਂਤ-ਭਾਂਤ ਦੇ ਭਰਮ ਫੈਲਾ ਰਹੇ ਹਨ। ਨਾਲੇ ਦੇ ਦੂਸ਼ਿਤ ਪਾਣੀ ਤੋਂ ਬਣਾਈ ਜਾ ਰਹੀ ਸ਼ਰਾਬ ਬਾਰੇ ਇਹ ਝੂਠਾ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਪਾਣੀ ਪਹਾੜੀ ਇਲਾਕਿਆਂ ਦੀਆਂ ‘ਜੜ੍ਹੀ-ਬੂਟੀਆਂ’ ਵਿਚੋਂ ਲੰਘ ਕੇ ਆਉਂਦਾ ਹੈ, ਜਿਸ ਨਾਲ ਸ਼ਰਾਬ ਦੀ ਗੁਣਵੱਤਾ ਬਿਹਤਰ ਹੁੰਦੀ ਹੈ। ਇਥੋਂ ਤੱਕ ਕਿ ਅਜਿਹੇ ਪਾਣੀ ਨਾਲ ਖੁਜਲੀ ਠੀਕ ਹੋਣ ਦੀ ਗੱਲ ਵੀ ਕਹੀ ਜਾਂਦੀ ਹੈ। ਹਾਲਾਂਕਿ ਮਾਹਿਰਾਂ ਅਤੇ ਜਾਣਕਾਰਾਂ ਦਾ ਸਪੱਸ਼ਟ ਕਹਿਣਾ ਹੈ ਕਿ ਇਹ ਸਿਰਫ਼ ਇਕ ਛਲਾਵਾ ਹੈ। ਅਸਲ ਵਿਚ ਸੜੇ ਹੋਏ ਖੜ੍ਹੇ ਪਾਣੀ ਅਤੇ ਨਾਲੇ ਦੀ ਗੰਦਗੀ ਦੀ ਤਿੱਖੀ ਬਦਬੂ ਸ਼ਰਾਬ ਦੀ ਆਪਣੀ ਮੁਸ਼ਕ ਵਿਚ ਪੂਰੀ ਤਰ੍ਹਾਂ ਘੁਲ-ਮਿਲ ਜਾਂਦੀ ਹੈ, ਜਿਸ ਨਾਲ ਆਮ ਇਨਸਾਨ ਲਈ ਇਸ ਗੰਦਗੀ ਦੀ ਪਛਾਣ ਕਰਨਾ ਲਗਭਗ ਅਸੰਭਵ ਹੋ ਜਾਂਦਾ ਹੈ। ਇਸੇ ਭਰਮ ਅਤੇ ਨਸ਼ੇ ਦੀ ਲਤ ਦੇ ਜਾਲ ਵਿਚ ਫਸ ਕੇ ਲੋਕ ਇਹ ਗੰਦੀ ਸ਼ਰਾਬ ਪੀ ਰਹੇ ਹਨ, ਜੋ ਸਿੱਧਾ ਉਨ੍ਹਾਂ ਦੀ ਸਿਹਤ ’ਤੇ ਗੰਭੀਰ ਹਮਲਾ ਕਰ ਰਿਹਾ ਹੈ। ਇਸ ਸਬੰਧੀ ਸਹਾਇਕ ਕਮਿਸ਼ਨਰ ਆਬਕਾਰੀ ਦਿਲਬਾਗ ਸਿੰਘ ਚੀਮਾ ਦਾ ਕਹਿਣਾ ਹੈ ਕਿ ਪਿਛਲੇ ਸਮੇਂ ਵਿਚ ਆਬਕਾਰੀ ਵਿਭਾਗ ਨੇ ਇਨ੍ਹਾਂ ਖੇਤਰਾਂ ਵਿਚੋਂ ਭਾਰੀ ਰਿਕਵਰੀ ਕੀਤੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਵੀ ਛਾਪੇਮਾਰੀ ਦੀ ਮੁਹਿੰਮ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਜ਼ਹਿਰੀਲੀ ਸ਼ਰਾਬ ਨੂੰ ਹਰ ਹਾਲਤ ਵਿਚ ਰੋਕਿਆ ਜਾਵੇਗਾ।

ਇਹ ਵੀ ਪੜ੍ਹੋ : ਪੰਜਾਬ ਦੇ ਵਾਹਨ ਚਾਲਕਾਂ ਲਈ ਵੱਡੀ ਚਿਤਾਵਨੀ! ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News