ਸਿਆਚੀਨ 'ਤੇ ਤਿਰੰਗਾ ਲਹਿਰਾਉਣ ਵਾਲੇ ਲੈਫ. ਜਨਰਲ ਪੀ. ਐੱਨ. ਹੂਨ ਦਾ ਦਿਹਾਂਤ

01/07/2020 12:22:15 PM

ਨਵੀਂ ਦਿੱਲੀ/ਚੰਡੀਗੜ੍ਹ : ਸਿਆਚੀਨ 'ਚ ਸਾਲ 1984 ਦੌਰਾਨ 'ਆਪਰੇਸ਼ਨ ਮੇਘਦੂਤ' ਦੀ ਅਗਵਾਈ ਕਰਨ ਵਾਲੇ ਲੈਫਟੀਨੈਂਟ ਜਨਰਲ (ਰਿਟਾਇਰਡ) ਪ੍ਰੇਮ ਨਾਥ ਹੂਨ ਦਾ ਮੰਗਲਵਾਰ ਨੂੰ ਦਿਹਾਂਤ ਹੋ ਗਿਆ। ਪ੍ਰੇਮ ਨਾਥ ਹੂਨ 91 ਸਾਲਾਂ ਦੇ ਸਨ। ਉਨ੍ਹਾਂ ਦਾ ਇਲਾਜ ਪੰਚਕੂਲਾ ਦੇ ਕਾਂਮਡ ਹਸਪਤਾਲ 'ਚ ਚੱਲ ਰਿਹਾ ਸੀ। ਸੋਮਵਾਰ ਸ਼ਾਮ ਨੂੰ ਬਰੇਨ ਹੈਮਰੇਜ ਕਾਰਨ ਉਨ੍ਹਾਂ ਦਾ ਦਿਹਾਂਤ ਹੋ ਗਿਆ। ਪ੍ਰੇਮ ਨਾਥ ਹੂਨ ਦੇ ਦਿਹਾਂਤ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਟਵੀਟ ਕੀਤਾ ਹੈ ਕਿ ਲੈਫਟੀਨੈਂਟ ਜਨਰਲ ਪੀ. ਐੱਨ. ਹੂਨ ਦੇ ਦਿਹਾਂਤ ਨਾਲ ਉਹ ਕਾਫੀ ਦੁਖੀ ਹਨ। ਪੀ. ਐੱਨ. ਹੂਨ ਦੀ ਅਗਵਾਈ 'ਚ ਭਾਰਤ ਨੇ ਸਿਆਚੀਨ 'ਤੇ ਤਿਰੰਗਾ ਲਹਿਰਾਇਆ ਸੀ। ਪੀ. ਐੱਨ. ਹੂਨ 1987 'ਚ ਪੱਛਮੀ ਸੈਨਾ ਦੇ ਸਾਬਕਾ ਕਮਾਂਡਰ ਵਜੋਂ ਰਿਟਾਇਰ ਹੋਏ ਸਨ।
ਸੈਕਟਰ-25 'ਚ ਕੀਤਾ ਗਿਆ ਅੰਤਿਮ ਸੰਸਕਾਰ
ਰਿਟਾਇਰਡ ਲੈਫਟੀਨੈਂਟ ਜਨਰਲ ਪੀ. ਐੱਨ. ਹੂਨ ਦਾ ਫੌਜੀ ਸਨਮਾਨ ਨਾਲ ਸੈਕਟਰ-25 ਦੇ ਸ਼ਮਸ਼ਾਨ ਘਾਟ 'ਚ ਅੰਤਿਮ ਸੰਸਕਾਰ ਕੀਤਾ ਗਿਆ। ਇਸ ਦੌਰਾਨ ਫੌਜੀ ਅਧਿਕਾਰੀ ਤੇ ਸ਼ਹਿਰ ਦੇ ਕਈ ਨੇਤਾ ਮੌਜੂਦ ਰਹੇ।

PunjabKesari


Babita

Content Editor

Related News