ਲਾਇਸੈਂਸੀ ਰਿਵਾਲਵਰ ਰੱਖਣ ਦੇ ਸ਼ੌਕੀਨਾਂ ਦੀਆਂ ਵਧੀਆਂ ਮੁਸ਼ਕਲਾਂ ਐੱਫ. ਆਈ. ਆਰ. ਦਰਜ ਹੁੰਦੇ ਹੀ ਹੋਵੇਗਾ ਲਾਇਸੈਂਸ ਰੱਦ
Wednesday, Dec 27, 2017 - 04:59 AM (IST)
ਲੁਧਿਆਣਾ(ਰਿਸ਼ੀ)-ਕਮਿਸ਼ਨਰੇਟ ਪੁਲਸ ਵਲੋਂ ਲਾਇਸੈਂਸੀ ਰਿਵਾਲਵਰ ਰੱਖਣ ਦੇ ਸ਼ੌਕੀਨਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਗਈਆਂ ਹਨ। ਹੁਣ ਜੇਕਰ ਕਿਸੇ ਅਸਲਾਧਾਰਕ 'ਤੇ ਐੱਫ. ਆਈ. ਆਰ. ਦਰਜ ਹੁੰਦੀ ਹੈ ਤਾਂ ਉਸ ਦਾ ਲਾਇਸੈਂਸ ਪੁਲਸ ਵਿਭਾਗ ਵਲੋਂ ਤੁਰੰਤ ਰੱਦ ਕਰ ਦਿੱਤਾ ਜਾਵੇਗਾ। ਪੁਲਸ ਕਮਿਸ਼ਨਰ ਆਰ. ਐੱਨ. ਢੋਕੇ ਨੇ ਸਪੱਸ਼ਟ ਕਰਦਿਆਂ ਕਿਹਾ ਕਿ ਜੇਕਰ ਕਿਸੇ ਅਸਲਾਧਾਰਕ ਵਲੋਂ ਲੜਾਈ-ਝਗੜਾ ਕੀਤਾ ਜਾਂਦਾ ਹੈ ਜਾਂ ਫਿਰ ਕਿਸੇ ਵੀ ਅਪਰਾਧਕ ਗਤੀਵਿਧੀ ਵਿਚ ਉਸ ਦਾ ਨਾਂ ਸਾਹਮਣੇ ਆਇਆ ਹੈ ਜਾਂ ਫਿਰ ਆਪਣੇ ਲਾਇਸੈਂਸੀ ਰਿਵਾਲਵਰ ਦੀ ਵਰਤੋਂ ਕਰਦਾ ਹੈ ਤਾਂ ਉਸ ਨੂੰ ਕਿਸੇ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ ਤੇ ਆਰਮਜ਼ ਐਕਟ 1959 ਅਤੇ ਆਰਮਜ਼ ਰੂਲਜ਼ 2016 ਤਹਿਤ ਕਾਰਵਾਈ ਕੀਤੀ ਜਾਵੇਗੀ।
ਪੁਲਸ ਵਿਭਾਗ ਵਲੋਂ ਕੀਤੀ ਗਈ ਕਾਰਵਾਈ ਦਾ ਵੇਰਵਾ
* 24 ਅਸਲਾਧਾਰਕਾਂ ਦੇ ਲਾਇਸੈਂਸ ਰੱਦ
* 57 ਦੇ ਲਾਇਸੈਂਸ ਰੀਨਿਊ, ਡੈਫਰ ਅਤੇ ਰੱਦ ਕਰਨ 'ਤੇ ਕੀਪ ਪੈਂਡਿੰਗ ਦੇ ਨਿਰਦੇਸ਼
* 680 ਅਸਲਾਧਾਰਕਾਂ ਨੂੰ ਲਾਇਸੈਂਸ ਰੱਦ ਕਰਨ ਬਾਰੇ ਭੇਜਿਆ ਨੋਟਿਸ
ਯੂ. ਆਈ. ਐੱਨ. ਨੰਬਰ ਨਾ ਲਵਾਉਣ 'ਤੇ ਲਾਇਸੈਂਸ ਰੱਦ
ਸੀ. ਪੀ. ਨੇ ਹਰ ਅਸਲਾਧਾਰਕ ਨੂੰ ਨਿਰਦੇਸ਼ ਦਿੰਦਿਆਂ ਉਨ੍ਹਾਂ ਨੂੰ ਦਿੱਲੀ ਐੱਮ. ਐੱਚ. ਏ. ਵਲੋਂ ਤਿਆਰ ਕੀਤਾ ਗਿਆ ਐੱਨ. ਡੀ. ਏ. ਐੱਸ. (ਨੈਸ਼ਨਲ ਡਾਟਾ ਬੇਸ ਆਫ ਆਰਮਜ਼ ਲਾਇਸੈਂਸ) ਸਾਫਟਵੇਅਰ ਰਾਹੀਂ ਯੂ. ਆਈ. ਏ. ਨੰਬਰ ਲਵਾਉਣਾ ਜ਼ਰੂਰੀ ਹੈ। ਇਸ ਲਈ ਉਨ੍ਹਾਂ ਨੂੰ ਆਪਣਾ ਰਿਵਾਲਵਰ ਪਹਿਲਾਂ ਜਮ੍ਹਾ ਕਰਵਾਉਣਾ ਪਵੇਗਾ। ਜੇਕਰ ਕੋਈ ਅਸਲਾਧਾਰਕ ਇਸ ਗੱਲ ਨੂੰ ਗੰਭੀਰਤਾ ਨਾਲ ਨਹੀਂ ਲੈਂਦਾ ਤਾਂ ਉਸ ਦਾ ਲਾਇਸੈਂਸ ਰੱਦ ਕਰ ਦਿੱਤਾ ਜਾਵੇਗਾ।
ਆਰਮਜ਼ ਫ੍ਰੀ-ਜ਼ੋਨ ਐਲਾਣਨ ਬਾਰੇ ਲਿਖਤੀ ਵਿਚ ਦੇਣਾ ਪਵੇਗਾ
ਸੀ. ਪੀ. ਨੇ ਕਿਹਾ ਕਿ ਮਹਾਨਗਰ ਦੇ ਹਰ ਮੈਰਿਜ ਪੈਲੇਸ, ਹੋਟਲ, ਧਾਰਮਕ ਅਸਥਾਨ, ਹਸਪਤਾਲ, ਕਚਹਿਰੀ, ਬੱਸ ਅੱਡਾ, ਸਰਕਾਰੀ ਕੰਪਲੈਕਸ, ਖੇਡ ਮੈਦਾਨ, ਸ਼ਾਪਿੰਗ ਮਾਲਜ਼, ਸਿਨੇਮਾਘਰਾਂ ਅਤੇ ਜਨਤਕ ਸਥਾਨਾਂ ਦੇ ਪ੍ਰਬੰਧਕ, ਮੈਨੇਜਰ, ਮਾਲਕ ਨੂੰ ਆਰਮਜ਼ ਫ੍ਰੀ ਜ਼ੋਨ ਐਲਾਨਣ ਦਾ ਲਿਖਤੀ 'ਚ ਦੇਣਾ ਹੋਵੇਗਾ ਤਾਂ ਕਿ ਪੁਲਸ ਉਸ 'ਤੇ ਕੰਮ ਕਰ ਸਕੇ।
