''ਬਾਰਾਂ'' ''ਤੇ ਮਿਹਰਬਾਨ ਮੰਤਰੀਆਂ ਦਾ ਸਮੂਹ, ਲਾਈਸੈਂਸ ਫ਼ੀਸ ਮੁਆਫ਼ੀ ਦੀ ਕਰੇਗਾ ਸਿਫਾਰਿਸ਼

09/08/2020 11:59:50 AM

ਚੰਡੀਗੜ੍ਹ (ਅਸ਼ਵਨੀ) : ਪੰਜਾਬ ਦੇ ਮੰਤਰੀਆਂ ਦਾ ਸਮੂਹ ਬਾਰਾਂ 'ਤੇ ਮਿਹਰਬਾਨ ਹੋ ਗਿਆ ਹੈ। ਇਹ ਸਮੂਹ ਛੇਤੀ ਹੀ ਮੁੱਖ ਮੰਤਰੀ ਨੂੰ ਬਾਰਾਂ ਤੋਂ ਵਸੂਲੀ ਜਾਣ ਵਾਲੀ ਲਾਈਸੈਂਸ ਫ਼ੀਸ ਮੁਆਫ਼ੀ ਦੀ ਸਿਫਾਰਿਸ਼ ਕਰੇਗਾ। ਸਰਕਾਰੀ ਬੁਲਾਰੇ ਮੁਤਾਬਕ ਕੋਰੋਨਾ ਵਾਇਰਸ ਦੇ ਚੱਲਦੇ ਹੋਟਲ ਅਤੇ ਬਾਰ ਉਦਯੋਗ ਨੂੰ ਹੋਏ ਨੁਕਸਾਨ ਦੇ ਮੱਦੇਨਜ਼ਰ ਪੰਜਾਬ ਦੇ ਮੰਤਰੀਆਂ ਦੇ ਸਮੂਹ ਨੇ ਅਪ੍ਰੈਲ ਤੋਂ ਸਤੰਬਰ, 2020 ਮਹੀਨਿਆਂ ਦੇ ਅਨੁਪਾਤ 'ਚ ਸਾਲ 2020-21 ਲਈ ਲੀਕਰ ਵਾਰ ਮਤਲਬ ਬਾਰਾਂ ਦੀ ਸਾਲਾਨਾ ਲਾਈਸੈਂਸ ਫ਼ੀਸ ਮੁਆਫ਼ ਕਰਨ ਲਈ ਮੁੱਖ ਮੰਤਰੀ ਨੂੰ ਸਿਫਾਰਿਸ਼ ਕਰਨ ਦਾ ਫ਼ੈਸਲਾ ਕੀਤਾ ਹੈ।

ਮੰਤਰੀਆਂ ਦੇ ਸਮੂਹ ਨੇ ਮੁੱਖ ਮੰਤਰੀ ਸਾਹਮਣੇ ਇਹ ਪ੍ਰਸਤਾਵ ਰੱਖਣ ਦਾ ਫ਼ੈਸਲਾ ਵੀ ਕੀਤਾ ਕਿ ਬਾਰਾਂ ਵੱਲੋਂ ਪਹਿਲੀਆਂ ਦੋ ਤਿਮਾਹੀਆਂ ਭਾਵ ਅਪ੍ਰੈਲ-ਜੂਨ ਅਤੇ ਜੁਲਾਈ-ਸਤੰਬਰ, 2020 ਲਈ ਵਸੂਲੀਆਂ ਜਾਣ ਵਾਲੀਆਂ ਫ਼ੀਸਾਂ ਮੁਆਫ਼ ਕੀਤੀਆਂ ਜਾ ਸਕਦੀਆਂ ਹਨ। ਸਰਕਾਰੀ ਬੁਲਾਰੇ ਅਨੁਸਾਰ ਮੰਤਰੀਆਂ ਦੇ ਸਮੂਹ ਵੱਲੋਂ ਇਹ ਫ਼ੈਸਲਾ ਸੋਮਵਾਰ ਨੂੰ ਇੱਥੇ ਹੋਟਲ ਐਂਡ ਬਾਰ ਐਸੋਸੀਏਸ਼ਨਜ਼ ਐਂਡ ਮੈਰੇਜ ਪੈਲੇਸ ਐਸੋਸੀਏਸ਼ਨਜ਼ ਦੇ ਨੁਮਾਇੰਦਿਆਂ ਨਾਲ ਮੀਟਿੰਗ ਤੋਂ ਬਾਅਦ ਲਿਆ ਗਿਆ।
ਬੈਠਕ 'ਚ ਕਈ ਮੰਤਰੀ ਰਹੇ ਸ਼ਾਮਲ
ਐਸੋਸੀਏਸ਼ਨਜ਼ ਨਾਲ ਮੰਤਰੀਆਂ ਦੇ ਸਮੂਹ ਨੇ ਬੈਠਕ ਕੀਤੀ। ਇਸ 'ਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਆਵਾਸ ਨਿਰਮਾਣ ਅਤੇ ਸ਼ਹਿਰੀ ਵਿਕਾਸ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਅਤੇ ਵਣ ਅਤੇ ਪ੍ਰਿੰਟਿੰਗ ਅਤੇ ਸਟੇਸ਼ਨਰੀ ਮੰਤਰੀ ਸਾਧੂ ਸਿੰਘ ਧਰਮਸੋਤ ਸ਼ਾਮਲ ਹੋਏ। ਐਸੋਸੀਏਸ਼ਨ ਦੇ ਪ੍ਰਤੀਨਿਧੀਆਂ ਨੇ ਸਮੂਹ ਸਾਹਮਣੇ ਆਪਣੀਆਂ ਮੁਸ਼ਕਲਾਂ ਰੱਖੀਆਂ। ਐਸੋਸੀਏਸ਼ਨ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਕਾਰਨ ਹੋਟਲ, ਰੇਸਤਰਾਂ ਅਤੇ ਮੈਰਿਜ ਪੈਲੇਸ ਮਾਰਚ-2020 ਤੋਂ ਬੰਦ ਪਏ ਹਨ, ਜਿਸ ਕਾਰਨ ਉਨ੍ਹਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਣਾ ਪੈ ਰਿਹਾ ਹੈ। ਹਾਲੇ ਤੱਕ ਕਾਰੋਬਾਰ ਠੱਪ ਪਿਆ ਹੈ, ਜਿਸ ਕਾਰਨ ਉਹ ਮੰਤਰੀਆਂ ਦੇ ਸਮੂਹ ਨੂੰ ਆਪਣੀਆਂ ਸਮੱਸਿਆਵਾਂ ਦੱਸਣ ਆਏ ਹਨ।

ਹੋਟਲ ਅਤੇ ਮੈਰਿਜ ਪੈਲੇਸ ਉਦਯੋਗ ਦੀਆਂ ਸਮੱਸਿਆਵਾਂ ਸੁਣਨ ਤੋਂ ਬਾਅਦ ਮੰਤਰੀਆਂ ਦੇ ਸਮੂਹ ਨੇ ਸਾਲਾਨਾ ਲਾਈਸੈਂਸ ਫ਼ੀਸ ਮੁਆਫ਼ੀ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਿਫਾਰਿਸ਼ ਕਰਨ ਦਾ ਫੈਸਲਾ ਕੀਤਾ। ਐਸੋਸੀਏਸ਼ਨਜ਼ ਵੱਲੋਂ ਬਾਰਾਂ ਅਤੇ ਸਮਾਗਮ ਕਰਾਏ ਜਾਣ ਲਈ ਸਮਾਂ ਸੀਮਾ ਰਾਤ ਦੇ 10 ਵਜੇ ਤੱਕ ਵਧਾਏ ਜਾਣ ਦੀ ਮੰਗ ਵੀ ਰੱਖੀ। ਮੰਤਰੀਆਂ ਦੇ ਸਮੂਹ ਵੱਲੋਂ ਬਾਰ ਅਤੇ ਹੋਟਲ ਖੋਲ੍ਹਣ ਦੀ ਸਮਾਂ ਸੀਮਾ ਵਧਾਉਣ ਦੇ ਮਸਲੇ ਨੂੰ ਬੁੱਧਵਾਰ (9 ਸਤੰਬਰ, 2020) ਨੂੰ ਹੋਣ ਵਾਲੀ ਅਗਲੀ ਕੈਬਨਿਟ ਮੀਟਿੰਗ ਵਿਚ ਚੁੱਕਣ ਦਾ ਫ਼ੈਸਲਾ ਕੀਤਾ ਗਿਆ।
 


Babita

Content Editor

Related News