ਨਵੀਆਂ ਕਿਤਾਬਾਂ ਨਾਲ ਸਜਣਗੀਆਂ ਸਰਕਾਰੀ ਸਕੂਲਾਂ ਦੀਆਂ ਲਾਇਬ੍ਰੇਰੀਆਂ, ਵਿਭਾਗ ਵੱਲੋਂ 16.32 ਕਰੋੜ ਜਾਰੀ

01/13/2023 1:51:23 AM

ਲੁਧਿਆਣਾ (ਵਿੱਕੀ)-ਸੂਬੇ ਭਰ ਦੇ ਸਰਕਾਰੀ ਸਕੂਲਾਂ ’ਚ ਪੜ੍ਹ ਰਹੇ ਵਿਦਿਆਰਥੀਆਂ ’ਚ ਸਾਹਿਤਕ ਅਤੇ ਹੋਰ ਕਿਤਾਬਾਂ ਪੜ੍ਹਨ ਦੀ ਦਿਲਚਸਪੀ ਵਧਾਉਣ ਲਈ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਾਰੇ ਸਰਕਾਰੀ ਸਕੂਲਾਂ ਨੂੰ ਲਾਇਬ੍ਰੇਰੀ ਲਈ ਕਿਤਾਬਾਂ ਖ਼ਰੀਦਣ ਲਈ ਗ੍ਰਾਂਟ ਜਾਰੀ ਕੀਤੀ ਗਈ ਹੈ। ਵਿਭਾਗ ਵੱਲੋਂ ਹਰ ਪ੍ਰਾਇਮਰੀ ਸਕੂਲ ਲਈ 5000, ਮਿਡਲ ਸਕੂਲ ਲਈ 13000, ਹਾਈ ਸਕੂਲ ਲਈ 15000 ਅਤੇ ਸੀਨੀਅਰ ਸੈਕੰਡਰੀ ਸਕੂਲ ਲਈ 20000 ਰੁਪਏ ਗ੍ਰਾਂਟ ਜਾਰੀ ਕੀਤੀ ਗਈ ਹੈ। ਕੁੱਲ 12823 ਪ੍ਰਾਇਮਰੀ, 2645 ਮਿਡਲ, 1692 ਹਾਈ, 1969 ਸੀਨੀਅਰ ਸੈਕੰਡਰੀ ਸਕੂਲਾਂ ਨੂੰ 16.32 ਕਰੋੜ ਰੁਪਏ ਦੀ ਰਕਮ ਜਾਰੀ ਕੀਤੀ ਗਈ ਹੈ।

ਇਹ ਖ਼ਬਰ ਵੀ ਪੜ੍ਹੋ :ਦਿੱਲੀ ’ਚ ਵੱਡੀ ਅੱਤਵਾਦੀ ਸਾਜ਼ਿਸ਼ ਨਾਕਾਮ, 2 ਸ਼ੱਕੀ ਕਾਬੂ, ਇਕ ਦਾ ਖ਼ਾਲਿਸਤਾਨੀ ਅੱਤਵਾਦੀ ਡੱਲਾ ਨਾਲ ਹੈ ਸਬੰਧ

ਵਿਭਾਗ ਵੱਲੋਂ ਇਸ ਸਬੰਧੀ ਜਾਰੀ ਇਕ ਪੱਤਰ ’ਚ ਕਿਹਾ ਗਿਆ ਹੈ ਕਿ ਸਮੱਗਰ ਸਿੱਖਿਆ ਸਾਲ 2022-23 ਤਹਿਤ ਲਾਇਬ੍ਰੇਰੀ ਦੀਆਂ ਕਿਤਾਬਾਂ ਖਰੀਦਣ ਲਈ ਇਹ ਰਕਮ ਜਾਰੀ ਕੀਤੀ ਗਈ ਹੈ। ਵਿਭਾਗ ਵੱਲੋਂ ਜਾਰੀ ਕਿਤਾਬਾਂ ਦੀ ਸੂਚੀ ’ਚੋਂ ਹੀ ਕਿਤਾਬਾਂ ਦੀ ਚੋਣ ਕਰਦਿਆਂ ਸਕੂਲ ਪੱਧਰ ’ਤੇ ਕਿਤਾਬਾਂ ਦੀ ਖਰੀਦ ਕੀਤੀ ਜਾਵੇਗੀ।

ਇਹ ਖ਼ਬਰ ਵੀ ਪੜ੍ਹੋ : ਪ੍ਰਿਯੰਕਾ ਗਾਂਧੀ ਦਾ ਜਨਮ ਦਿਨ ਮਨਾਉਣ ਲਈ ‘ਭਾਰਤ ਜੋੜੋ ਯਾਤਰਾ’ ਵਿਚਾਲੇ ਛੱਡ ਕੇ ਗਏ ਰਾਹੁਲ ਗਾਂਧੀ

ਕਿਤਾਬਾਂ ਖਰੀਦਣ ਲਈ ਗਾਈਡਲਾਈਨਜ਼

-ਪ੍ਰਾਇਮਰੀ ਕਲਾਸ ਦੇ ਵਿਦਿਆਰਥੀਆਂ ਦਾ ਪੁਸਤਕਾਂ ਪ੍ਰਤੀ ਆਕਰਸ਼ਣ ਵਧਾਉਣ ਲਈ ਸਚਿੱਤਰ ਰੰਗਦਾਰ ਪੁਸਤਕਾਂ ਹੀ ਖਰੀਦੀਆਂ ਜਾਣਗੀਆਂ।

-ਸਕੂਲ ਲਾਇਬ੍ਰੇਰੀ ਲਈ ਸਿਰਫ਼ ਨਵੀਆਂ ਪੁਸਤਕਾਂ ਹੀ ਖਰੀਦੀਆਂ ਜਾਣਗੀਆਂ। ਜੇਕਰ ਕਿਸੇ ਪੁਸਤਕ ਦੀ ਮੰਗ ਜ਼ਿਆਦਾ ਹੈ ਤਾਂ ਇਕ ਤੋਂ ਵੱਧ ਪੁਸਤਕਾਂ ਲੋੜ ਮੁਤਾਬਕ ਖਰੀਦੀਆਂ ਜਾ ਸਕਦੀਆਂ ਹਨ।

-ਪੁਸਤਕਾਂ ਖਰੀਦਦੇ ਸਮੇਂ ਪੰਜਾਬ ਦੇ ਇਤਿਹਾਸ, ਸੰਸਕ੍ਰਿਤੀ, ਭੂਗੋਲ, ਸਮਾਜ, ਲੋਕ ਸਾਹਿਤ ਜਾਂ ਭਾਸ਼ਾ ਸਬੰਧੀ ਕਿਤਾਬਾਂ ਨੂੰ ਪਹਿਲ ਦਿੱਤੀ ਜਾਵੇਗੀ।

-ਨੈਸ਼ਨਲ ਬੁੱਕ ਟਰੱਸਟ ਤੋਂ ਖਰੀਦੀਆਂ ਜਾਣ ਵਾਲੀਆਂ ਕਿਤਾਬਾਂ ਅਤੇ ਉਸ ਦੀ ਪਾਲਿਸੀ ਮੁਤਾਬਕ 25 ਫੀਸਦੀ ਦਾ ਡਿਸਕਾਊਂਟ ਲਿਆ ਜਾਵੇ। ਪ੍ਰਾਈਵੇਟ ਪਬਲਿਸ਼ਰਜ਼ ਤੋਂ ਖਰੀਦੀਆਂ ਜਾਣ ਵਾਲੀਆਂ ਪੁਸਤਕਾਂ ’ਤੇ ਘੱਟ ਤੋਂ ਘੱਟ 40 ਫੀਸਦੀ ਦਾ ਡਿਸਕਾਊਂਟ ਲਿਆ ਜਾਵੇ।

-ਨਿੱਜੀ ਪ੍ਰਕਾਸ਼ਕਾਂ ਦੀਆਂ ਉਨ੍ਹਾਂ ਕਿਤਾਬਾਂ ਨੂੰ ਪਹਿਲ ਦਿੱਤੀ ਜਾਵੇ, ਜਿਨ੍ਹਾਂ ਦੀ ਕੀਮਤ ਘੱਟ ਹੈ।

-ਪੁਸਤਕਾਂ ਦੀ ਕੁਆਲਿਟੀ ਦੀ ਪਰਖ ਵਿਭਾਗ ਵੱਲੋਂ ਨਾਮਜ਼ਦ ਕਮੇਟੀ ਵੱਲੋਂ ਕੀਤੀ ਜਾ ਚੁੱਕੀ ਹੈ। ਫਿਰ ਵੀ ਜੇਕਰ ਕੋਈ ਇਤਰਾਜ਼ਯੋਗ ਸਮੱਗਰੀ ਧਿਆਨ ’ਚ ਆਉਂਦੀ ਹੈ ਤਾਂ ਉਸ ਦੀ ਰਿਪੋਰਟ ਤੁਰੰਤ ਵਿਭਾਗ ਨੂੰ ਦਿੱਤੀ ਜਾਵੇ।

-ਲਾਇਬ੍ਰੇਰੀ ਦੀ ਕਿਤਾਬ ਦੀ ਖਰੀਦ ਲਈ ਸਕੂਲ ਪੱਧਰ ’ਤੇ ਕਮੇਟੀ ਬਣਾਈ ਜਾਵੇਗੀ।
 


Manoj

Content Editor

Related News