ਤਰਨਤਾਰਨ ਦੇ ਨੌਜਵਾਨ ਦਾ ਲਿਬਨਾਨ 'ਚ ਗੋਲੀਆਂ ਮਾਰ ਕੇ ਕਤਲ

Wednesday, Mar 27, 2019 - 12:03 PM (IST)

ਤਰਨਤਾਰਨ ਦੇ ਨੌਜਵਾਨ ਦਾ ਲਿਬਨਾਨ 'ਚ ਗੋਲੀਆਂ ਮਾਰ ਕੇ ਕਤਲ

ਤਰਨਤਾਰਨ (ਵਿਜੇ) : ਰੋਜ਼ੀ-ਰੋਟੀ ਦੀ ਭਾਲ 'ਚ ਲਿਬਨਾਨ 'ਚ ਗਏ ਤਰਨਤਾਰਨ ਦੇ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਤਰਨਤਾਰਨ ਦੇ ਪਿੰਡ ਬਲੇਰ ਦਾ ਨੌਜਵਾਨ ਗੁਰਲਵਜੀਤ ਸਿੰਘ ਕੁਝ ਸਮਾਂ ਪਹਿਲਾਂ ਹੀ ਰੋਜ਼ੀ-ਰੋਟੀ ਦੀ ਭਾਲ ਵਿਚ ਲਿਬਨਾਨ ਗਿਆ ਸੀ, ਇਸ ਦੌਰਾਨ ਅਣਪਛਾਤੇ ਹਮਲਾਵਰਾਂ ਨੇ ਉਸ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ। ਗੁਰਲਵਜੀਤ ਦੀ ਮੌਤ ਦੀ ਖਬਰ ਜਿਵੇਂ ਹੀ ਪਿੰਡ ਪਹੁੰਚੀ ਤਾਂ ਪਰਿਵਾਰ ਸਮੇਤ ਪਿੰਡ 'ਚ ਸੋਗ ਦੀ ਲਹਿਰ ਦੌੜ ਗਈ। 
ਲਵਪ੍ਰੀਤ ਸਿੰਘ ਦੀ ਮੌਤ ਦੀ ਖਬਰ ਸੁਣ ਕੇ ਉਸ ਦੀ ਮਾਂ ਗੁਰਮੀਤ ਕੌਰ ਤੇ ਭੈਣ ਕਿਰਨਦੀਪ ਕੌਰ ਰੋ-ਰੋ ਕੇ ਵਾਰ-ਵਾਰ ਬੇਹੋਸ਼ ਹੋ ਰਹੀਆਂ ਸਨ ਤੇ ਘਰ 'ਚ ਅਫਸੋਸ ਕਰਨ ਆ ਰਹੇ ਲੋਕਾਂ ਤੋਂ ਆਪਣੇ ਪੁੱਤਰ ਦੇ ਵਾਪਸ ਆਉਣ ਬਾਰੇ ਪੁੱਛ ਰਹੀਆਂ ਸਨ। ਗੁਰਲਵਜੀਤ ਦੇ ਪਿਤਾ ਸੁਖਦੇਵ ਸਿੰਘ ਨੇ ਹਾਉਂਕੇ ਭਰਦਿਆਂ ਦੱਸਿਆ ਕਿ ਅੱਠ ਮਹੀਨੇ ਪਹਿਲਾਂ ਅਸੀਂ ਆਪਣੇ ਪੁੱਤਰ ਨੂੰ ਵਿਦੇਸ਼ 'ਚ ਕਮਾਈ ਕਰਨ ਲਈ ਭੇਜਿਆ ਸੀ ਅਤੇ ਸ਼ਨੀਵਾਰ ਨੂੰ ਲਿਬਨਾਨ 'ਚ ਰਹਿੰਦੇ ਮੇਰੇ ਭਾਣਜੇ ਹਰਵਿੰਦਰ ਸਿੰਘ ਵਾਸੀ ਬਹਿੜਵਾਲ ਨੇ ਫੋਨ ਕਰਕੇ ਦੱਸਿਆ ਕਿ ਲਿਬਨਾਨ ਦੇ ਯਾਲਾ ਸ਼ਹਿਰ ਵਿਚ ਕੁਝ ਅਣਪਛਾਤੇ ਵਿਅਕਤੀਆਂ ਨੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ ਜਿਸ ਵਿਚ ਉਨ੍ਹਾਂ ਦੇ ਪੁੱਤਰ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਨੌਜਵਾਨ ਜ਼ਖਮੀ ਹੋ ਗਏ। ਪਿੰਡ ਬਲੇਰ ਦੇ ਮੋਹਤਵਰਾਂ ਨੇ ਵਿਦੇਸ਼ ਮੰਤਰਾਲਾ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮ੍ਰਿਤਕ ਨੌਜਵਾਨ ਗੁਰਲਵਜੀਤ ਸਿੰਘ ਦੀ ਲਾਸ਼ ਨੂੰ ਵਾਪਸ ਭਾਰਤ ਲਿਆ ਕੇ ਪਰਿਵਾਰ ਹਵਾਲੇ ਕੀਤਾ ਜਾਵੇ ਅਤੇ ਇਸ ਦੁੱਖ ਦੀ ਘੜੀ ਵਿਚ ਪਰਿਵਾਰ ਦੀ ਬਾਂਹ ਫੜੀ ਜਾਵੇ।


author

Gurminder Singh

Content Editor

Related News