ਅਧਿਆਪਕਾਂ ਨੂੰ ਸਿਰਫ ਇਕ ਕਲਿੱਕ ''ਤੇ ਮਿਲੇਗੀ ਛੁੱਟੀ

Thursday, May 31, 2018 - 02:51 AM (IST)

ਅਧਿਆਪਕਾਂ ਨੂੰ ਸਿਰਫ ਇਕ ਕਲਿੱਕ ''ਤੇ ਮਿਲੇਗੀ ਛੁੱਟੀ

ਚੰਡੀਗੜ੍ਹ (ਬਿਊਰੋ) - ਪੰਜਾਬ ਦੇ ਅਧਿਆਪਕਾਂ ਨੂੰ ਹੁਣ ਸਿਰਫ ਇਕ ਕਲਿੱਕ 'ਤੇ ਛੁੱਟੀ ਮਿਲੇਗੀ। ਸਿੱਖਿਆ ਵਿਭਾਗ ਨੇ ਛੁੱਟੀਆਂ ਦੇ ਕੰਮ ਨੂੰ ਪਾਰਦਰਸ਼ੀ ਤੇ ਸੁਖਾਲਾ ਬਣਾਉਣ ਲਈ ਆਨਲਾਈਨ ਕਰ ਦਿੱਤਾ ਹੈ। ਇਸ ਤਹਿਤ ਚਾਈਲਡ ਕੇਅਰ, ਮੈਟਰਨਿਟੀ ਲੀਵ, ਐਕਸ ਇੰਡੀਆ ਲੀਵ, ਵਿਦਾਊਟ ਪੇਅ ਲੀਵ ਅਤੇ ਹਾਫ ਪੇਅ ਲੀਵ ਲਈ ਹੁਣ ਘਰ ਬੈਠੇ ਹੀ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ। ਸਿੱਖਿਆ ਵਿਭਾਗ ਦੇ ਬੁਲਾਰੇ ਅਨੁਸਾਰ ਇਸ ਮੰਤਵ ਲਈ ਵੈੱਬਸਾਈਟ 'ਤੇ ਇਹ ਸਹੂਲਤ ਮੁਹੱਈਆ ਕਰਵਾਈ ਹੈ। ਅਧਿਆਪਕਾਂ ਨੂੰ ਛੁੱਟੀ ਲਈ ਬਿਨੇ ਕਰਨ ਵਾਸਤੇ ਇਕ ਆਈ. ਡੀ. ਤੇ ਪਾਸਵਰਡ ਦਿੱਤਾ ਜਾਂਦਾ ਹੈ। ਅਧਿਆਪਕਾਂ ਨੂੰ ਸਿਰਫ ਛੁੱਟੀ ਦਾ ਵੇਰਵਾ, ਦਿਨ, ਮੰਤਵ ਤੇ ਨਾਲ ਲਾਏ ਦਸਤਾਵੇਜ਼ਾਂ ਦਾ ਵੇਰਵਾ ਦੱਸਣਾ ਹੁੰਦਾ ਹੈ। ਦਸਤਾਵੇਜ਼ ਪੀ. ਡੀ. ਐੱਫ. ਫਾਈਲ ਬਣਾ ਕੇ ਅਰਜ਼ੀ ਨਾਲ ਨੱਥੀ ਕੀਤੇ ਜਾਂਦੇ ਹਨ। 
ਹੋਰ ਵੇਰਵੇ ਦਿੰਦਿਆਂ ਦੱਸਿਆ ਗਿਆ ਕਿ ਬਿਨੇ ਕਰਨ ਮਗਰੋਂ ਅਰਜ਼ੀ ਪਹਿਲਾਂ ਸਕੂਲ ਮੁਖੀ ਕੋਲ ਜਾਂਦੀ ਹੈ। ਜੇ ਸਕੂਲ ਮੁਖੀ ਕੋਲ ਛੁੱਟੀ ਦੇਣ ਦੀ ਤਾਕਤ ਹੁੰਦੀ ਹੈ ਤਾਂ ਉਹ ਆਪਣੇ ਪੱਧਰ 'ਤੇ ਛੁੱਟੀ ਮਨਜ਼ੂਰ ਕਰ ਦਿੰਦਾ ਹੈ। ਨਹੀਂ ਤਾਂ ਅਰਜ਼ੀ ਅੱਗੇ ਜ਼ਿਲਾ ਸਿੱਖਿਆ ਅਧਿਕਾਰੀ (ਡੀ. ਈ. ਓ.) ਨੂੰ ਭੇਜ ਦਿੱਤੀ ਜਾਂਦੀ ਹੈ। ਜ਼ਿਲਾ ਸਿੱਖਿਆ ਅਧਿਕਾਰੀ ਪੱਧਰ 'ਤੇ ਮਨਜ਼ੂਰੀ ਵਾਲੀਆਂ ਅਰਜ਼ੀਆਂ ਨੂੰ ਉਥੇ ਹੀ ਤੁਰੰਤ ਮਨਜ਼ੂਰੀ ਮਿਲ ਜਾਂਦੀ ਹੈ ਅਤੇ ਅੱਗੇ ਜਾਣ ਵਾਲੀਆਂ ਅਰਜ਼ੀਆਂ ਨੂੰ ਡੀ. ਈ. ਓ. ਸਕੱਤਰ ਨੂੰ ਭੇਜ ਦਿੰਦਾ ਹੈ। ਇਸੇ ਤਰ੍ਹਾਂ ਸਕੱਤਰ ਪੱਧਰ ਤੋਂ ਅਰਜ਼ੀਆਂ ਉਪਰ ਮੰਤਰੀ ਪੱਧਰ ਤੱਕ ਪੁੱਜਦੀਆਂ ਹਨ। ਇਸ ਬਾਰੇ ਸਿੱਖਿਆ ਮੰਤਰੀ ਓ. ਪੀ. ਸੋਨੀ ਦਾ ਕਹਿਣਾ ਹੈ ਕਿ ਇਹ ਸਿੱਖਿਆ ਵਿਭਾਗ ਦਾ ਵਧੀਆ ਉਪਰਾਲਾ ਹੈ, ਜਿਸ ਨਾਲ ਜਿੱਥੇ ਅਧਿਆਪਕਾਂ ਦੀ ਖੱਜਲ-ਖੁਆਰੀ ਘਟੇਗੀ, ਉਥੇ ਵਿਭਾਗੀ ਕੰਮਕਾਜ ਵੀ ਸੁਖਾਲਾ ਹੋਵੇਗਾ।


Related News