ਦੁਕਾਨਦਾਰਾਂ ਨੂੰ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਂ ’ਤੇ ਆਈ ਧਮਕੀ ਭਰੀ ਕਾਲ, ਪੁਲਸ ਨੇ ਦਿੱਤੀ ਸੁਰੱਖਿਆ
Wednesday, Jun 22, 2022 - 06:25 PM (IST)
ਫਾਜ਼ਿਲਕਾ (ਨਾਗਪਾਲ) : ਫਾਜ਼ਿਲਕਾ ਸ਼ਹਿਰ ਦੇ ਦੋ ਦੁਕਾਨਦਾਰਾਂ ਤੋਂ ਬਿਸ਼ਨੋਈ ਗੈਂਗ ਨਾਲ ਜੁੜੇ ਹੋਣ ਦਾ ਕਹਿ ਕੇ ਫਿਰੋਤੀ ਮੰਗਣ ਦੀ ਸ਼ਿਕਾਇਤ ਥਾਣਾ ਸਿਟੀ ਪੁਲਸ ਨੂੰ ਪ੍ਰਾਪਤ ਹੋਈ ਹੈ। ਦੁਕਾਨਦਾਰ ਜਤਿਨ ਕੁਮਾਰ ਵਾਸੀ ਜੱਟੀਆਂ ਮੁਹੱਲਾ ਜੋਕਿ ਕਰਿਆਨੇ ਦੀ ਦੁਕਾਨ ਕਰਦਾ ਹੈ ਅਤੇ ਸਾਹਿਲ ਕੰਬੋਜ ਜੋ ਕਿ ਦੋ ਪਹੀਆ ਵ੍ਹੀਕਲਾਂ ਨੂੰ ਲੈਮੀਨੇਸ਼ਨ ਕਰਦਾ ਹੈ ਅਤੇ ਨੰਬਰ ਪਲੇਟ ਬਣਾਉਂਦਾ ਹੈ, ਨੇ ਥਾਣਾ ਸਿਟੀ ਨੂੰ ਸ਼ਿਕਾਇਤ ਦਿੱਤੀ ਹੈ ਕਿ ਉਨ੍ਹਾਂ ਨੂੰ ਵਟਸਐਪ ਕਾਲ ਆਈ, ਜਿਸ ’ਚ ਫੋਨ ਕਰਨ ਵਾਲਿਆਂ ਨੇ ਉਨ੍ਹਾਂ ਨੂੰ ਬਿਸ਼ਨੋਈ ਗੈਂਗ ਨਾਲ ਜੁੜਿਆ ਹੋਣ ਦਾ ਕਹਿ ਕੇ 2-2 ਲੱਖ ਰੁਪਏ ਦੀ ਫਿਰੋਤੀ ਮੰਗੀ ਹੈ। ਉਨ੍ਹਾਂ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਨੂੰ ਮੋਬਾਇਲ ਨੰਬਰ ’ਤੇ ਅਣਪਛਾਤੇ ਨੰਬਰਾਂ ਤੋਂ ਇਹ ਧਮਕੀ ਮਿਲੀ ਹੈ। ਇਨ੍ਹਾਂ ਦੁਕਾਨਦਾਰਾਂ ਨੇ ਇਸਦੀ ਆਡਿੳ ਕਲਿਪ ਵੀ ਪੁਲਸ ਨੂੰ ਮੁਹੱਈਆ ਕਰਵਾਈ ਹੈ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦਾ ਕਤਲ ਕਰਵਾਉਣ ਵਾਲੇ ਗੋਲਡੀ ਬਰਾੜ ਦਾ ਵੱਡਾ ਇੰਟਰਵਿਊ, ਕੀਤੇ ਹੈਰਾਨ ਕਰਨ ਵਾਲੇ ਖੁਲਾਸੇ
ਇਸ ਸੰਬੰਧ ’ਚ ਸੰਪਰਕ ਕਰਨ ’ਤੇ ਥਾਣਾ ਸਿਟੀ ਦੇ ਇੰਚਾਰਜ ਸਚਿਨ ਕੰਬੋਜ ਨੇ ਦੱਸਿਆ ਕਿ ਪੁਲਸ ਇਸਦੀ ਜਾਂਚ ਕਰ ਰਹੀ ਹੈ। ਪੁਲਸ ਇਸ ਸੰਬੰਧ ’ਚ ਸਾਈਬਰ ਅਤੇ ਤਕਨੀਕੀ ਸੈੱਲ ਦਾ ਸਹਿਯੋਗ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਸ ਇਸਦੀ ਤਕਨੀਕੀ ਜਾਂਚ ਕਰ ਰਹੀ ਹੈ ਅਤੇ ਜਿਨ੍ਹਾਂ ਨੰਬਰਾਂ ਤੋਂ ਫੋਨ ਆਏ ਉਨ੍ਹਾਂ ਦੀ ਜਾਂਚ ਕਰ ਰਹੀ ਹੈ। ਇਹ ਵੀ ਦੱਸਿਆ ਗਿਆ ਹੈ ਕਿ ਦੋਵੇਂ ਦੁਕਾਨਦਾਰਾਂ ਨੂੰ ਇਕ ਹੀ ਨੰਬਰ ਤੋਂ ਕਾਲ ਆਈ ਹੈ। ਕੰਬੋਜ ਨੇ ਦੱਸਿਆ ਕਿ ਦੁਕਾਨਦਾਰਾਂ ਨੂੰ ਪੁਲਸ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਗੱਲ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਇਹ ਫੇਕ ਕਾਲ ਵੀ ਹੋ ਸਕਦੀਆਂ ਹਨ।
ਇਹ ਵੀ ਪੜ੍ਹੋ : ਪੰਜਾਬ ਪੁਲਸ ਦੇ ਥਾਣੇਦਾਰ ਨਾਲ ਵੱਜੀ ਲੱਖਾਂ ਰੁਪਏ ਦੀ ਠੱਗੀ, ਹੈਰਾਨ ਕਰਨ ਵਾਲਾ ਹੈ ਪੂਰਾ ਮਾਮਲਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।