ਰਿਮਾਂਡ ਖਤਮ ਹੋਣ ''ਤੇ ਲਾਰੈਂਸ ਬਿਸ਼ਨੋਈ ਤੇ ਰੋਹਿਤ ਗੋਦਾਰਾ ਨੂੰ ਮੁੜ ਜੁਡੀਸ਼ੀਅਲ ਕਸਟਡੀ ''ਚ
Friday, Jan 03, 2020 - 03:44 PM (IST)
ਮਲੋਟ (ਕਾਠਪਾਲ, ਜੁਨੇਜਾ) : ਮਲੋਟ ਦੇ ਮਨਪ੍ਰੀਤ ਸਿੰਘ ਮੰਨ੍ਹਾਂ ਕਤਲ ਕੇਸ 'ਚ ਮੁੱਖ ਦੋਸ਼ੀ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਰੋਹਿਤ ਗੋਦਾਰਾ ਨੂੰ ਮਲੋਟ ਪੁਲਸ ਨੇ ਪ੍ਰੋਡਕਸ਼ਨ ਵਾਰੰਟ 'ਤੇ 3 ਜਨਵਰੀ ਤੱਕ ਪੁਲਸ ਰਿਮਾਂਡ ਲਿਆ ਸੀ। ਦੋਵਾਂ ਮੁਲਜ਼ਮਾਂ ਦਾ ਪੁਲਸ ਰਿਮਾਂਡ ਖਤਮ ਹੋਣ 'ਤੇ ਅੱਜ ਉਨ੍ਹਾਂ ਨੂੰ ਵਾਪਸ ਮਲੋਟ ਅਦਾਲਤ ਵਿਖੇ ਪੇਸ਼ ਕੀਤਾ ਗਿਆ। ਜ਼ਿਕਰਯੋਗ ਹੈ ਕਿ ਪਿਛਲੀ 2 ਦਸੰਬਰ ਨੂੰ ਮਲੋਟ ਦੇ ਸ਼ਰਾਬ ਦੇ ਠੇਕੇਦਾਰ ਮਨਪ੍ਰੀਤ ਸਿੰਘ ਮੰਨ੍ਹਾਂ ਦੀ ਸ਼ਾਰਪ ਸ਼ੂਟਰਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ, ਜਿਸਦੇ ਕੁਝ ਸਮੇਂ ਬਾਅਦ ਲਾਰੈਂਸ ਬਿਸ਼ਨੋਈ ਨੂੰ 25 ਦਸੰਬਰ ਨੂੰ ਮਲੋਟ ਅਦਾਲਤ ਵਿਖੇ ਪੇਸ਼ ਕਰਕੇ ਪਹਿਲਾਂ 4 ਦਿਨ ਦਾ ਰਿਮਾਂਡ ਲਿਆ ਸੀ ਅਤੇ ਫਿਰ ਉਸਦਾ ਪੁਲਸ ਰਿਮਾਂਡ ਵਧਾ ਕੇ 3 ਜਨਵਰੀ ਤੱਕ ਕਰ ਦਿੱਤਾ ਗਿਆ। ਜਦਕਿ ਦੂਸਰੇ ਦੋਸ਼ੀ ਰੋਹਿਤ ਗੋਦਾਰਾ ਨੂੰ 28 ਜਨਵਰੀ ਤੱਕ ਅਦਾਲਤ ਵਿਖੇ ਪੇਸ਼ ਕਰਕੇ ਉਸਦਾ 6 ਦਿਨਾਂ ਦਾ ਰਿਮਾਂਡ ਲਿਆ ਗਿਆ ਤਾਂ ਕਿ ਦੋਵਾਂ ਮੁਲਜ਼ਮਾਂ ਤੋਂ ਇਕੱਠਿਆਂ ਪੁੱਛ-ਗਿੱਛ ਕੀਤੀ ਜਾ ਸਕੇ।
ਅੱਜ ਦੀ ਇਸ ਅਦਾਲਤੀ ਪੇਸ਼ੀ 'ਚ ਲਾਰੈਂਸ ਬਿਸ਼ਨੋਈ ਅਤੇ ਰੋਹਿਤ ਗੋਦਾਰਾ ਨੂੰ ਇੱਕ ਸਮੇਂ ਅਲੱਗ-ਅਲੱਗ ਗੱਡੀਆਂ 'ਚ ਪੇਸ਼ ਕੀਤਾ ਗਿਆ। ਕਰੀਬ ਇੱਕ ਘੰਟੇ ਦੀ ਅਦਾਲਤੀ ਕਾਰਵਾਈ ਤੋਂ ਬਾਅਦ ਦੋਵਾਂ ਨੂੰ ਅਲੱਗ-ਅਲੱਗ ਗੱਡੀਆਂ 'ਚ ਵਾਪਸ ਜੁਡੀਸ਼ੀਅਲ ਕਸਟੱਡੀ 'ਚ ਭੇਜਿਆ ਗਿਆ। ਇਸ ਮੌਕੇ 'ਤੇ ਡੀ.ਐਸ.ਪੀ. ਮਨਮੋਹਨ ਸਿੰਘ ਔਲਖ, ਐੱਸ.ਐੱਚ.ਓ. ਪਰਮਜੀਤ ਸਿੰਘ, ਐੱਸ.ਐੱਚ.ਓ. ਸਿਟੀ ਮਲੋਟ ਅਮਨਦੀਪ ਸਿੰਘ, ਏ.ਐੱਸ.ਆਈ. ਜਸਵਿੰਦਰ ਸਿੰਘ ਤੋਂ ਇਲਾਵਾ ਭਾਰੀ ਪੁਲਸ ਫੋਰਸ ਮੌਜੂਦ ਸੀ।