ਆਖਰੀ ਸਾਹ ਭਰ ਰਿਹੈ ਸਿੰਗਲ ਸਿਨੇਮਾ ਹਾਲ
Monday, Mar 05, 2018 - 06:41 AM (IST)

ਬਠਿੰਡਾ, (ਆਜ਼ਾਦ)- ਅੱਜ ਮਲਟੀਪਲੈਕਸ ਦਾ ਜ਼ਮਾਨਾ ਹੈ, ਜਿਥੇ ਇਕ ਹੀ ਜਗ੍ਹਾ 'ਤੇ ਮਨ-ਮੁਤਾਬਕ ਕਈ ਫਿਲਮਾਂ ਦੇਖਣ ਦੀ ਸੁਵਿਧਾ ਹੋ ਗਈ ਹੈ। ਆਧੁਨਿਕ ਸੁੱਖ-ਸੁਵਿਧਾ ਨਾਲ ਲੈਸ ਮਲਟੀਪਲੈਕਸ ਪ੍ਰਤੀ ਲੋਕਾਂ ਦਾ ਰੂਝਾਨ ਜ਼ਿਆਦਾ ਹੋ ਗਿਆ ਹੈ, ਖਾਸ ਕਰ ਕੇ ਨੌਜਵਾਨਾਂ ਦਾ ਮਲਟੀਪਲੈਕਸ ਸਿਨੇਮਾ ਪ੍ਰਤੀ ਰੁਝਾਨ ਵਧ ਗਿਆ ਹੈ। ਅਜਿਹੇ ਵਿਚ ਸਿੰਗਲ ਸਕ੍ਰੀਨ ਵਾਲੇ ਸਿਨੇਮਾ ਹਾਲ ਆਊਟ ਆਫ ਡੇਟੇਡ ਹੋ ਗਏ ਹਨ। ਕਦੇ ਵੀ ਇਨ੍ਹਾਂ ਸਿਨੇਮਾ ਹਾਲ 'ਚ ਟਿਕਟਾਂ ਲਈ ਧੱਕਾ-ਮੁੱਕੀ ਕਰ ਕੇ ਟਿਕਟ ਲੈਣ ਵਾਲਿਆਂ ਦੀ ਹੋੜ ਲਗੀ ਰਹਿੰਦੀ ਸੀ। ਇਕ ਜ਼ਮਾਨੇ 'ਚ ਟਿਕਟਾਂ ਦੀ ਹੋੜ ਕਾਰਨ ਬਲੈਕੀਆਂ ਦਾ ਦਬਦਬਾ ਸੀ। ਅੱਜ ਉਸੇ ਸਿੰਗਲ ਸਿਨੇਮਾ ਦਾ ਇਹ ਹਾਲ ਹੋ ਗਿਆ ਹੈ ਕਿ ਇਨ੍ਹਾਂ ਸਿਨੇਮਾ ਹਾਲ ਨੂੰ ਦਰਸ਼ਕਾਂ ਦੇ ਲਾਲੇ ਪੈ ਗਏ ਹਨ। ਇਸ ਵਜ੍ਹਾ ਨਾਲ ਇਨ੍ਹਾਂ ਸਿਨੇਮਾ ਹਾਲ ਦੀ ਸਥਿਤੀ ਤਰਸਯੋਗ ਹੁੰਦੀ ਜਾ ਰਹੀ ਹੈ। ਸੁਵਿਧਾਵਾਂ ਦੀ ਘਾਟ ਕਾਰਨ ਸਿਨੇਮਾ ਹਾਲ ਦੇਖਣ ਵਾਲਿਆਂ ਦੀ ਗਿਣਤੀ 'ਚ ਲਗਾਤਾਰ ਕਮੀ ਆ ਰਹੀ ਹੈ। ਹੁਣ ਤਾਂ ਸਥਿਤੀ ਇਹ ਹੋ ਗਈ ਹੈ ਕਿ 1000 ਸੀਟਾਂ ਵਾਲੇ ਸਿੰਗਲ ਸਿਨੇਮਾ ਹਾਲ 'ਚ ਸਿਰਫ ਕੁਝ ਦਰਜਨ ਹੀ ਲੋਕ ਪਹੁੰਚਦੇ ਹਨ। ਜੇਕਰ ਹਿੰਦੀ ਦੀ ਕੋਈ ਫਿਲਮ ਚਲਦੀ ਹੈ ਤਾਂ ਦਰਸ਼ਕ ਘੱਟ ਹੋ ਜਾਂਦੇ ਹਨ, ਪੰਜਾਬੀ ਤੇ ਭੋਜਪੁਰੀ ਫਿਲਮ ਦੇ ਦਰਸ਼ਕ ਹੀ ਸਿਨੇਮਾ ਦੇਖਣ ਆਉਂਦੇ ਹਨ, ਜਿਸ 'ਚ ਰਿਕਸ਼ਾ ਚਾਲਕ ਅਤੇ ਮਜ਼ਦੂਰਾਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ। ਫਿਰ ਵੀ ਇਨ੍ਹਾਂ ਸਿਨੇਮਿਆਂ ਦਾ ਭਵਿਖ ਸਕੰਟ 'ਚ ਹੈ। ਕਦੇ ਵੀ ਬੰਦ ਹੋ ਸਕਦੇ ਹਨ, ਕਈ ਤਾਂ ਬੰਦ ਹੀ ਹੋ ਗਏ ਹਨ ਕਿਉਂਕਿ ਇਨ੍ਹਾਂ ਸਿਨੇਮਿਆਂ ਨੂੰ ਚਲਾਉਣਾ ਜੋਖਿਮ ਵਾਲਾ ਕੰਮ ਹੋ ਗਿਆ ਹੈ ਕਿਉਂਕਿ ਇਸ ਦੇ ਖਰਚੇ ਵਧ ਗਏ ਹਨ, ਆਮਦਨੀ ਘੱਟ ਹੋ ਗਈ। ਇਸ ਲਈ ਸਿਨੇਮਾ ਘਰ ਖੰਡਰ ਬਣਦੇ ਜਾ ਰਹੇ ਹਨ। ਹੁਣ ਦੇ ਨਵੇਂ ਮਲਟੀਪਲੈਕਸ ਪੂਰੀ ਤਰ੍ਹਾਂ ਵਾਤਾਨੁਕੂਲ ਹਨ ਅਤੇ ਆਧੁਨਿਕ ਤਰੀਕੇ ਨਾਲ ਬਣੇ ਹੋਏ ਹਨ, ਜਿਥੇ ਹਰ ਕੋਈ ਜਾਣਾ ਪਸੰਦ ਕਰਦਾ ਹੈ।
ਕੀ ਕਹਿਣਾ ਹੈ ਸਿਨੇਮਾ ਸੰਚਾਲਕਾਂ ਦਾ
ਸੁਖਰਾਜ ਸਿਨੇਮਾ ਦੇ ਮੈਨੇਜਰ ਓਮਕਾਰ ਦੱਤ ਦਾ ਕਹਿਣਾ ਹੈ ਕਿ ਸਿਨੇਮਾ ਹਾਲ ਦੇ ਮਾਲਿਕ ਦਾ ਭਾਵਨਾਤਮਕ ਲਗਾਅ ਹੋਣ ਕਾਰਨ ਬੰਦ ਨਹੀਂ ਕੀਤਾ ਗਿਆ ਹੈ, ਨਹੀਂ ਤਾਂ ਇਹ ਸਿਨੇਮਾ ਹਾਲ ਕਦੋਂ ਦਾ ਬੰਦ ਹੋ ਗਿਆ ਹੁੰਦਾ ਕਿਉਂਕਿ ਇਹ ਕਾਰੋਬਾਰ ਹੁਣ ਫਾਇਦੇ ਵਾਲਾ ਨਹੀਂ ਰਿਹਾ।
ਪੁਖਰਾਜ ਸਿਨੇਮਾ ਹਾਲ ਦੇ ਮੈਨੇਜਰ ਨਾਲ ਗੱਲਬਾਤ ਤੋਂ ਬਾਅਦ ਲਗਦਾ ਹੈ ਕਿ ਸਟੇਟਸ ਸਿੰਬਲ ਬਚਾਏ ਰੱਖਣ ਦਾ ਸੰਘਰਸ਼ ਚੱਲ ਰਿਹਾ ਹੈ। ਕੱਛੂ ਚਾਲ ਚੱਲਣ ਵਾਲੇ ਪੁਰਾਣੇ ਸਿਨੇਮਾ ਹਾਲ ਕਦੇ ਵੀ ਬੰਦ ਹੋ ਸਕਦੇ ਹਨ।
ਉੜਾਣ ਸਿਨੇਮਾ ਹਾਲ ਅਮਰੀਕ ਸਿੰਘ ਰੋਡ ਦੇ ਮਾਲਿਕ ਦਾ ਕਹਿਣਾ ਹੈ ਕਿ ਹਾਲ ਦੀ ਸਮਰਥਾ 999 ਸੀਟਾਂ ਦੀ ਹੈ। ਅਜੇ ਨਾਰਮਲ ਨਾਈਟ ਸ਼ੋਅ ਬੰਦ ਰਹਿੰਦਾ ਹੈ। ਹੋਰ ਤਿੰਨ ਸ਼ੋਅ 'ਚ ਕਰੀਬ 100 ਤੋਂ 125 ਦਰਸ਼ਕ ਹੀ ਆਉਂਦੇ ਹਨ।
ਹਰਚੰਦ ਸਿਨੇਮਾ ਜੀ. ਟੀ. ਰੋਡ ਨਜ਼ਦੀਕ ਸਥਿਤ ਪ੍ਰਬੰਧਕ ਨੇ ਦੱਸਿਆ ਕਿ ਸੀਟਾਂ ਦੀ ਸਮਰਥਾ ਨਿਯਮਾਂ ਅਨੁਸਾਰ 999 ਹੈ। ਮੁਸ਼ਕਲ ਨਾਲ ਚਾਰ ਦਰਜਨ ਦਰਸ਼ਕ ਹੀ ਆਉਂਦੇ ਹਨ। ਸਸਤੇ ਮਨੋਰੰਜਨ ਦਾ ਸਾਧਨ ਹੁਣ ਖਤਮ ਹੁੰਦਾ ਜਾ ਰਿਹਾ ਹੈ। ਇਸ ਦੇ ਪਿੱਛੇ ਹਰ ਘਰ ਇੰਟਰਨੈਟ ਦੀ ਵਿਵਸਥਾ ਹੈ, ਕਿਸੇ ਵੀ ਫਿਲਮ ਨੂੰ ਘਰ ਬੈਠੇ ਵੀ ਦੇਖਿਆ ਜਾ ਸਕਦਾ ਹੈ।
ਜੀ. ਐੱਸ. ਟੀ. ਤੋਂ ਮਿਲੀ ਰਾਹਤ
ਅਮਰੀਕ ਸਿੰਘ ਰੋਡ ਸਿਨੇਮਾ ਮਾਲਿਕ ਦਾ ਕਹਿਣਾ ਹੈ ਕਿ ਜੀ. ਐੱਸ. ਟੀ. ਲਾਗੂ ਹੋਣ ਕਾਰਨ ਸਿੰਗਲ ਸਕ੍ਰੀਨ ਸਿਨੇਮਾ ਹਾਲ ਨੂੰ ਰਾਹਤ ਮਿਲੀ ਹੈ। ਪਹਿਲਾਂ ਸੀਟਾਂ ਦੀ ਸਮਰਥਾ ਦੇ ਆਧਾਰ 'ਤੇ ਟੈਕਸ ਲਾਉਂਦੇ ਸੀ, ਹੁਣ ਟਿਕਟ ਦੇ ਆਧਾਰ 'ਤੇ ਟੈਕਸ ਦੇਣਾ ਪੈਂਦਾ ਹੈ। ਦੱਸਿਆ ਗਿਆ ਹੈ ਕਿ ਜੇਕਰ 10 ਟਿਕਟਾਂ ਕੱਟੀਆਂ ਗਈਆਂ ਤਾਂ 10 ਟਿਕਟਾਂ 'ਤੇ ਹੀ ਟੈਕਸ ਦੇਣਾ ਹੈ। ਪਹਿਲਾਂ ਸੀਟਾਂ ਦੇ ਹਿਸਾਬ ਨਾਲ ਤੈਅ ਹੁੰਦਾ ਸੀ। ਸ਼ੋਅ ਚੱਲੇ ਜਾਂ ਬੰਦ ਰਹੇ, ਹਾਲ ਖਾਲੀ ਰਹੇ ਜਾ ਫੁੱਲ, ਤੈਅ ਟੈਕਸ ਹੀ ਦੇਣਾ ਹੁੰਦਾ ਸੀ।
ਬਠਿੰਡਾ ਦੇ ਕੁਲ
ਸਿੰਗਲ ਸਿਨੇਮਾ ਹਾਲ
ਨਾਵੇਲ ਟਾਕੀਜ਼- ਰੇਲਵੇ ਸਟੇਸ਼ਨ
ਜਗਜੀਤ ਸਿਨੇਮਾ- ਰੇਵਲੇ ਸਟੇਸ਼ਨ
ਕਮਲ ਸਿਨੇਮਾ - ਰੇਲਵੇ ਸਟੇਸ਼ਨ
ਰਾਜੇਸ਼ ਸਿਨੇਮਾ - ਮਾਲ ਰੋਡ
ਪੁਖਰਾਜ ਸਿਨੇਮਾ - ਜੀ. ਟੀ. ਰੋਡ
ਸੁਖਰਾਜ ਸਿਨੇਮਾ - ਜੀ. ਟੀ. ਰੋਡ
ਹਰਚੰਦ ਸਿਨੇਮਾ - ਜੀ. ਟੀ. ਰੋਡ
ਅਲੰਕਾਰ ਸਿਨੇਮਾ - ਜੀ. ਟੀ. ਰੋਡ
ਉਰਾਂਗ ਸਿਨੇਮਾ - ਅਮਰੀਕ ਸਿੰਘ ਰੋਡ
ਬੰਦ ਹੋਏ ਸਿਨੇਮਾ ਹਾਲ
ਅਲੰਕਾਰ ਸਿਨੇਮਾ - ਜੀ. ਟੀ. ਰੋਡ
ਜਗਜੀਤ ਸਿਨੇਮਾ - ਰੇਲਵੇ ਸਟੇਸ਼ਨ
ਕਮਲ ਸਿਨੇਮਾ - ਰੇਲਵੇ ਸਟੇਸ਼ਨ
ਰਾਜੇਸ਼ ਸਿਨੇਮਾ - ਮਾਲ ਰੋਡ
ਨਾਵੇਲ ਟਾਕੀਜ਼ - ਜੀ. ਟੀ. ਰੋਡ