ਬੱਲਡ਼ਵਾਲ ਰੇਤ ਦੀ ਮਨਜ਼ੂਰਸ਼ੁਦਾ ਖੱਡ ਚੱਲਣ ਨਾਲ ਲੋਕਾਂ ਨੂੰ ਮਿਲੀ ਵੱਡੀ ਰਾਹਤ
Saturday, Aug 18, 2018 - 02:35 AM (IST)

ਅਜਨਾਲਾ, (ਰਮਨਦੀਪ)- ਕੁਝ ਸਮਾਂ ਪਹਿਲਾਂ ਬੰਦ ਹੋਈ ਬੱਲਡ਼ਵਾਲ ਦੀ ਮਨਜ਼ੂਰਸ਼ੁਦਾ ਰੇਤ ਦੀ ਖੱਡ ਮੁਡ਼ ਚਾਲੂ ਹੋਣ ਨਾਲ ਜਿਥੇ ਰੇਤ ਦੇ ਸਿਖਰਾਂ ’ਤੇ ਚਡ਼੍ਹੇ ਭਾਅ ਤੋਂ ਆਮ ਲੋਕਾਂ ਨੂੰ ਰਾਹਤ ਮਿਲੇਗੀ, ਉਥੇ ਹੀ ਰੇਤ ਦੇ ਕਾਰੋਬਾਰ ਨਾਲ ਜੁਡ਼ੇ ਰੋਜ਼ੀ-ਰੋਟੀ ਤੋਂ ਆਤੁਰ ਹੋਏ ਮਜ਼ਦੂਰਾਂ ਤੇ ਵਾਹਨ ਚਾਲਕਾਂ ਨੂੰ ਵੀ ਇਸ ਦਾ ਫਾਇਦਾ ਮਿਲੇਗਾ। ਜ਼ਿਕਰਯੋਗ ਹੈ ਕਿ ਬਰਸਾਤੀ ਮੌਸਮ ਹੋਣ ਕਾਰਨ ਸਰਕਾਰ ਵੱਲੋਂ ਮਨਜ਼ੂਰਸ਼ੁਦਾ ਰੂਡ਼ੇਵਾਲ ਤੇ ਕੋਟ ਰਜ਼ਾਦਾ ਖੱਡ 3 ਮਹੀਨੇ ਅਤੇ ਵਿਭਾਗ ਬਦਲਣ ਕਾਰਨ ਬਰਸਾਤੀ ਮੌਸਮ ਵਿਚ ਚੱਲਣ ਵਾਲੀ ਪਿੰਡ ਬੱਲਡ਼ਵਾਲ ਦੀ ਮਨਜ਼ੂਰਸ਼ੁਦਾ ਰੇਤ ਦੀ ਖੱਡ ਵੀ ਬੰਦ ਹੋ ਗਈ ਸੀ, ਜਿਸ ਕਾਰਨ ਇਕਦਮ ਰੇਤ ਦੇ ਭਾਅ ਵਧਣ ਕਾਰਨ ਆਪਣੇ ਮਕਾਨ ਬਣਾਉਣ ਵਾਲੇ ਲੋਕਾਂ ’ਚ ਹਾਹਾਕਾਰ ਮਚ ਗਈ ਸੀ।
ਬੀਤੇ ਕੱਲ ਤੋਂ ਮਾਈਨਿੰਗ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਬੱਲਡ਼ਵਾਲ ਦੀ ਮਨਜ਼ੂਰਸ਼ੁਦਾ ਖੱਡ ਤੋਂ ਰੇਤ ਦੀ ਢੋਆ-ਢੁਆਈ ਦਾ ਕੰਮ ਮੁਡ਼ ਸ਼ੁਰੂ ਹੋ ਜਾਣ ਨਾਲ ਇਸ ਕਾਰੋਬਾਰ ਨਾਲ ਜੁਡ਼ੇ ਮਜ਼ਦੂਰਾਂ ਤੇ ਵਾਹਨ ਚਾਲਕਾਂ ਦੇ ਚਿਹਰੇ ਖਿਡ਼ ਗਏ ਹਨ ਅਤੇ ਹੁਣ ਲੋਕਾਂ ਨੂੰ ਵੀ ਸਸਤੇ ਭਾਅ ’ਤੇ ਰੇਤ ਮਿਲਣੀ ਸ਼ੁਰੂ ਹੋ ਜਾਵੇਗੀ।
ਬੱਲਡ਼ਵਾਲ ਵਾਲੀ ਰੇਤ ਦੀ ਖੱਡ ’ਤੇ ਢੋਆ-ਢੁਆਈ ਦਾ ਕੰਮ ਸ਼ੁਰੂ ਹੁੰਦਿਆਂ ਹੀ ਮਾਈਨਿੰਗ ਵਿਭਾਗ ਵੱਲੋਂ ਅੱਜ ਖੱਡਾਂ ਦਾ ਨਿਰੀਖਣ ਕੀਤਾ ਗਿਆ ਕਿ ਕਿਤੇ ਕੋਈ ਵਿਅਕਤੀ ਰੇਤ ਦੀ ਨਾਜਾਇਜ਼ ਮਾਈਨਿੰਗ ਤਾਂ ਨਹੀਂ ਕਰ ਰਿਹਾ। ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮਾਈਨਿੰਗ ਵਿਭਾਗ ਦੇ ਐਕਸੀਅਨ ਸਤਿੰਦਰਪਾਲ ਸਿੰਘ ਨੇ ਦੱਸਿਆ ਕਿ ਅਜਨਾਲਾ ਖੇਤਰ ’ਚ ਸਰਕਾਰ ਵੱਲੋਂ ਮਨਜ਼ੂਰਸ਼ੁਦਾ ਬੱਲਡ਼ਵਾਲ ਦੀ ਖੱਡ ’ਚੋਂ ਹੀ ਰੇਤ ਦੀ ਢੋਆ-ਢੁਆਈ ਦਾ ਕੰਮ ਚੱਲ ਰਿਹਾ ਸੀ ਅਤੇ ਉਥੇ ਸਾਰਾ ਕੰਮ ਸਹੀ ਪਾਇਆ ਗਿਆ। ਇਸ ਮੌਕੇ ਉਨ੍ਹਾਂ ਕੰਡੇ ਵੀ ਚੈੱਕ ਕੀਤੇ। ਉਨ੍ਹਾਂ ਨਾਜਾਇਜ਼ ਮਾਈਨਿੰਗ ਕਰਨ ਵਾਲੇ ਲੋਕਾਂ ਨੂੰ ਸਖਤ ਸ਼ਬਦਾਂ ’ਚ ਚਿਤਾਵਨੀ ਦਿੱਤੀ ਕਿ ਜੇਕਰ ਕੋਈ ਵਿਅਕਤੀ ਰੇਤ ਦੀ ਨਾਜਾਇਜ਼ ਮਾਈਨਿੰਗ ਕਰਦਾ ਫਡ਼ਿਆ ਗਿਆ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਰੇਤ ਢੋਣ ਵਾਲੇ ਵਾਹਨ ਵੀ ਮੌਕੇ ’ਤੇ ਹੀ ਜ਼ਬਤ ਕੀਤੇ ਜਾਣਗੇ। ਇਸ ਮੌਕੇ ਐੱਸ. ਡੀ. ਓ. ਅਸ਼ੋਕ ਮਹਿਤਾ, ਮਾਈਨਿੰਗ ਇੰਸਪੈਕਟਰ ਸਰਬਜੀਤ ਸਿੰਘ, ਅੰਮ੍ਰਿਤਪਾਲ ਸਿੰਘ, ਗੁਰਜੀਤ ਸਿੰਘ ਆਦਿ ਹਾਜ਼ਰ ਸਨ।