ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਮਹਾ ਪੰਚਾਇਤ ਕਰਨ ਦਾ ਐਲਾਨ

Friday, Feb 09, 2018 - 06:34 AM (IST)

ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਮਹਾ ਪੰਚਾਇਤ ਕਰਨ ਦਾ ਐਲਾਨ

ਸੰਗਰੂਰ, (ਵਿਵੇਕ ਸਿੰਧਵਾਨੀ, ਯਾਦਵਿੰਦਰ)- ਦਲਿਤਾਂ ਦੇ ਮਾਣ-ਸਨਮਾਨ ਅਤੇ ਜ਼ਮੀਨ ਦੀ ਕਾਣੀ ਵੰਡ ਖਿਲਾਫ ਵਿੱਢੇ ਸੰਘਰਸ਼ ਸਾਹਮਣੇ ਆ ਰਹੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਅਤੇ ਘੋਲ ਦੇ ਅਗਲੇ ਪੜਾਅ ਦੀ ਤਿਆਰੀ ਲਈ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ 6 ਮਾਰਚ ਨੂੰ ਪਿੰਡ ਖੇੜੀ ਸਾਹਿਬ ਵਿਚ ਮਹਾ ਪੰਚਾਇਤ ਕਰਨ ਦਾ ਐਲਾਨ ਕੀਤਾ ਗਿਆ ਹੈ। ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਜ਼ਿਲਾ ਆਗੂ ਪਰਮਜੀਤ ਕੌਰ ਅਤੇ ਬਲਵਿੰਦਰ ਝਲੂਰ ਨੇ ਦੱਸਿਆ ਕਿ ਪਿਛਲੇ ਸਾਲਾਂ ਦੌਰਾਨ ਸਖਤ ਸੰਘਰਸ਼ ਤੋਂ ਬਾਅਦ ਪੰਚਾਇਤੀ ਜ਼ਮੀਨਾਂ 'ਚੋਂ ਆਪਣੇ ਹਿੱਸੇ ਦੀ ਪ੍ਰਾਪਤੀ ਕਰਨ ਸਣੇ ਨਜ਼ੂਲ ਜ਼ਮੀਨਾਂ ਅਤੇ ਪਲਾਟਾਂ ਦੇ ਸਬੰਧ ਵਿਚ ਹਾਸਲ ਕੀਤੀਆਂ ਕਈ ਜਿੱਤਾਂ ਸਰਕਾਰ ਦੀਆਂ ਅੱਖਾਂ 'ਚ ਰੜਕ ਰਹੀਆਂ ਸਨ। ਸਰਕਾਰ ਦਲਿਤਾਂ ਦੇ ਉਠ ਰਹੇ ਘੋਲ ਨੂੰ ਕੁਚਲਣਾ ਚਾਹੁੰਦੀ ਹੈ। ਇਸ ਲਈ ਕਦੇ ਪੰਚਾਇਤੀ ਜ਼ਮੀਨ 'ਚ ਇੰਡਸਟਰੀਅਲ ਪਾਰਕ ਲਾਉਣ ਦੇ ਨਾਂ 'ਤੇ ਜ਼ਮੀਨਾਂ ਐਕੁਆਇਰ ਕਰਨ ਦੀਆਂ ਤਿਆਰੀਆਂ ਕਰ ਰਹੀ ਹੈ ਅਤੇ ਕਦੇ ਦਲਿਤਾਂ ਨੂੰ ਜ਼ਮੀਨਾਂ ਤੋਂ ਬਾਹਰ ਕਰਨ ਲਈ ਈ-ਟੈਂਡਰਿੰਗ ਵਰਗੇ ਨਵੇਂ ਕਾਨੂੰਨ ਲੈ ਕੇ ਆ ਰਹੀ ਹੈ।  ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਹੱਲੇ ਦਾ ਸਾਹਮਣਾ ਕਰਨ ਲਈ ਕਮੇਟੀ ਵੱਲੋਂ ਪੰਚਾਇਤੀ ਜ਼ਮੀਨ ਵਿਚੋਂ ਤੀਜੇ ਹਿੱਸੇ ਦੀ ਜ਼ਮੀਨ ਦਲਿਤਾਂ ਨੂੰ ਪੱਕੇ ਤੌਰ 'ਤੇ ਦੇਣ ਅਤੇ ਬਾਕੀ ਬਚਦੀ ਜ਼ਮੀਨ ਛੋਟੇ ਕਿਸਾਨਾਂ ਨੂੰ ਦੇਣ, 10-10 ਮਰਲੇ ਦੇ ਪਲਾਟ ਦੇਣ, ਨਜ਼ੂਲ ਜ਼ਮੀਨਾਂ ਤੋਂ ਧਨਾਢਾਂ ਦੇ ਨਾਜਾਇਜ਼ ਕਬਜ਼ੇ ਹਟਾਉਣ ਤੇ ਮਾਲਕੀ ਹੱਕ ਦੇਣ ਅਤੇ ਪੰਚਾਇਤੀ ਜ਼ਮੀਨਾਂ ਇੰਡਸਟਰੀਅਲ ਪਾਰਕ ਨੂੰ ਦੇਣ ਖਿਲਾਫ, ਮਾਤਾ ਗੁਰਦੇਵ ਕੌਰ ਦੇ ਸਸਕਾਰ ਤੋਂ ਪਹਿਲਾਂ ਪ੍ਰਸ਼ਾਸਨ ਵੱਲੋਂ ਕੀਤੇ ਗਏ ਸਮਝੌਤੇ ਆਦਿ ਮੰਗਾਂ ਨੂੰ ਲੈ ਕੇ 6 ਮਾਰਚ ਨੂੰ ਪਿੰਡ ਖੇੜੀ ਸਾਹਿਬ ਵਿਖੇ ਮਹਾ ਪੰਚਾਇਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਮਹਾ ਪੰਚਾਇਤ ਨੂੰ ਸਫਲ ਬਣਾਉਣ ਲਈ 200 ਪਿੰਡਾਂ ਅੰਦਰ ਮੀਟਿੰਗਾਂ, ਰੈਲੀਆਂ, ਜਥਾ ਮਾਰਚ, ਜਾਗੋਆਂ ਕਰ ਕੇ ਮਹਾ ਪੰਚਾਇਤ ਵਿਚ ਪਹੁੰਚਣ ਦਾ ਸੱਦਾ ਦਿੱਤਾ ਜਾਵੇਗਾ।
ਲਹਿਰਾਗਾਗਾ, (ਜਿੰਦਲ, ਗਰਗ)—ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ 6 ਮਾਰਚ ਨੂੰ ਪਿੰਡ ਖੇੜੀ ਵਿਖੇ ਹੋ ਰਹੀ ਮਹਾ ਪੰਚਾਇਤ ਦੀ ਤਿਆਰੀ ਸਬੰਧੀ ਪਿੰਡ ਜਲੂਰ ਵਿਖੇ ਮਜ਼ਦੂਰਾਂ ਨੇ ਰੈਲੀ ਕੀਤੀ, ਜਿਸ ਨੂੰ ਸੰਬੋਧਨ ਕਰਦਿਆਂ ਜ਼ਿਲਾ ਆਗੂ ਬਲਵਿੰਦਰ ਜਲੂਰ ਨੇ ਕਿਹਾ ਕਿ ਮਜ਼ਦੂਰਾਂ ਨੂੰ ਤੀਜੇ ਹਿੱਸੇ ਦੀ ਜ਼ਮੀਨ ਦਿਵਾਉਣ ਲਈ, 10-10 ਮਰਲੇ ਦੇ ਪਲਾਟ ਅਲਾਟ ਕਰਵਾਉਣ ਲਈ, ਮਾਤਾ ਗੁਰਦੇਵ ਕੌਰ ਦੇ ਦਾਹ ਸਸਕਾਰ ਮੌਕੇ ਪ੍ਰਸ਼ਾਸਨ ਵੱਲੋਂ ਕੀਤਾ ਗਿਆ ਸਮਝੌਤਾ ਲਾਗੂ ਕਰਵਾਉਣ ਲਈ ਪੂਰੇ ਜ਼ੋਰ-ਸ਼ੋਰ ਨਾਲ ਤਿਆਰੀ ਕੀਤੀ ਜਾ ਰਹੀ ਹੈ। ਪਿੰਡਾਂ ਵਿਚ ਰੈਲੀਆਂ, ਜਾਗੋ, ਢੋਲ ਮਾਰਚ, ਮੀਟਿੰਗਾਂ ਕਰ ਕੇ ਪ੍ਰਚਾਰ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਇਸ ਰੈਲੀ ਨੂੰ ਗੁਰਦਾਸ ਜਲੂਰ, ਮੱਖਣ ਸਿੰਘ, ਕਾਲਾ ਸਿੰਘ, ਕੁਲਦੀਪ ਕੌਰ, ਅਮਰਜੀਤ ਕੌਰ, ਸਰਬਜੀਤ ਕੌਰ ਆਦਿ ਨੇ ਵੀ ਸੰਬੋਧਨ ਕੀਤਾ ।


Related News