ਕੈਪਟਨ ਸਰਕਾਰ ਡੰਡੇ ਦੇ ਜ਼ੋਰ ਨਾਲ ਲੋਕਾਂ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ : ਮਾਨ, ਚੀਮਾ

Sunday, Jan 12, 2020 - 11:22 AM (IST)

ਕੈਪਟਨ ਸਰਕਾਰ ਡੰਡੇ ਦੇ ਜ਼ੋਰ ਨਾਲ ਲੋਕਾਂ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ : ਮਾਨ, ਚੀਮਾ

ਲਹਿਰਾਗਾਗਾ (ਗਰਗ) : ਪੰਜਾਬ ਸਰਕਾਰ ਵੱਲੋਂ ਵਧਾਈਆਂ ਬਿਜਲੀ ਦੀਆਂ ਦਰਾਂ ਦੇ ਵਿਰੋਧ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਦਾ ਘਿਰਾਓ ਕਰਨ ਦੇ ਕੀਤੇ ਐਲਾਨ ਤਹਿਤ ਜਦੋਂ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਕੈਪਟਨ ਦੀ ਚੰਡੀਗੜ੍ਹ ਰਿਹਾਇਸ਼ ਵੱਲ ਵਧਣ ਲਈ ਬੈਰੀਕੇਡ ਲੰਘਣ ਦੀ ਕੋਸ਼ਿਸ਼ ਕੀਤੀ ਤਾਂ ਚੰਡੀਗੜ੍ਹ ਪੁਲਸ ਵਲੋਂ ਜਲ ਤੋਪਾਂ ਦੀਆਂ ਤੇਜ਼ ਬੁਛਾੜਾਂ ਮਾਰੀਆਂ ਗਈਆਂ, ਜਿਸ ਵਿਚ ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਲਹਿਰਾ ਦੇ ਇੰਚਾਰਜ ਜਸਵੀਰ ਸਿੰਘ ਕੁਦਨੀ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਪੀ. ਜੀ. ਆਈ. ਲਿਜਾਇਆ ਗਿਆ, ਜਿੱਥੇ ਉਹ ਜ਼ੇਰੇ ਇਲਾਜ ਹਨ। ਪੀ. ਜੀ. ਆਈ. ਵਿਖੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਸਿੰਘ ਮਾਨ ਅਤੇ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਜਸਵੀਰ ਸਿੰਘ ਕੁਦਨੀ ਦਾ ਹਾਲ ਚਾਲ ਜਾਣਨ ਤੋਂ ਬਾਅਦ ਗੱਲਬਾਤ ਕਰਦਿਆਂ ਕਿਹਾ ਕੇ ਪਾਰਟੀ ਦੁੱਖ ਦੀ ਘੜੀ 'ਚ ਆਪਣੇ ਹਰ ਵਰਕਰ ਨਾਲ ਖੜ੍ਹੀ ਹੈ, ਤੇਜ਼ ਬੁਛਾਰਾਂ ਕਾਰਣ ਕੋਈ 2 ਦਰਜਨ ਤੋਂ ਵੱਧ ਆਗੂ ਅਤੇ ਵਰਕਰ ਜ਼ਖਮੀ ਹੋਏ ਹਨ।

ਵਿਧਾਨ ਸਭਾ ਹਲਕਾ ਲਹਿਰਾ ਦੇ ਇੰਚਾਰਜ ਜਸਵੀਰ ਸਿੰਘ ਕੁਦਨੀ ਦੀ ਸੱਜੀ ਅੱਖ 'ਚ ਪਾਣੀ ਦੀਆਂ ਤੇਜ਼ ਬੁਛਾਰਾਂ ਸਿੱਧੀਆਂ ਵੱਜਣ ਕਾਰਣ ਅੱਖ ਨੂੰ ਕਾਫੀ ਗੰਭੀਰ ਚੋਟ ਆਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਪੀ. ਜੀ. ਆਈ. ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਦੀ ਟੀਮ ਵੱਲੋਂ ਚੈੱਕਅਪ ਤੋਂ ਬਾਅਦ ਅੱਖ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਬੀਤੀ ਰਾਤ ਆਪ੍ਰੇਸ਼ਨ ਕੀਤਾ ਗਿਆ ਹੈ ਅਤੇ ਆਪ੍ਰੇਸ਼ਨ ਦੇ 48 ਘੰਟਿਆਂ ਬਾਅਦ ਡਾਕਟਰਾਂ ਵੱਲੋਂ ਦੁਬਾਰਾ ਟੈਸਟ ਕੀਤੇ ਜਾਣੇ ਹਨ।

ਹਰਪਾਲ ਸਿੰਘ ਚੀਮਾ ਅਤੇ ਭਗਵੰਤ ਮਾਨ ਨੇ ਕਿਹਾ ਕਿ ਸਰਕਾਰ ਹਰ ਫਰੰਟ 'ਤੇ ਫੇਲ ਹੋ ਚੁੱਕੀ ਹੈ ਅਤੇ ਕੈਪਟਨ ਸਰਕਾਰ ਡੰਡੇ ਦੇ ਜ਼ੋਰ ਨਾਲ ਲੋਕਾਂ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਪੁਰਅਮਨ ਢੰਗ ਨਾਲ ਮੁਜ਼ਾਹਰਾ ਕਰਨ ਵਾਲਿਆਂ ਵਿਰੁੱਧ ਜਾਬਰ ਨੀਤੀਆਂ ਅਪਣਾ ਰਹੀ ਹੈ। ਕੈਪਟਨ ਸਰਕਾਰ ਵੱਲੋਂ ਜਨਤਾ ਦੀ ਆਵਾਜ਼ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਲੋਕਤੰਤਰ ਦੇ ਹਿੱਤ ਵਿਚ ਨਹੀਂ ਹਨ।


author

cherry

Content Editor

Related News