2 ਬੱਚਿਆਂ ਦੇ ਪਿਤਾ ਤੋਂ ਤੰਗ ਆ ਕੇ ਔਰਤ ਨੇ ਕੀਤੀ ਖੁਦਕੁਸ਼ੀ

Saturday, Feb 22, 2020 - 03:34 PM (IST)

2 ਬੱਚਿਆਂ ਦੇ ਪਿਤਾ ਤੋਂ ਤੰਗ ਆ ਕੇ ਔਰਤ ਨੇ ਕੀਤੀ ਖੁਦਕੁਸ਼ੀ

ਲੁਧਿਆਣਾ (ਰਿਸ਼ੀ) : 2 ਬੱਚਿਆਂ ਦੇ ਪਿਤਾ ਤੋਂ ਤੰਗ ਆ ਕੇ 24 ਸਾਲਾ ਔਰਤ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਖੁਦਕੁਸ਼ੀ ਕਰ ਲਈ। ਥਾਣਾ ਮਾਡਲ ਟਾਊਨ ਦੀ ਪੁਲਸ ਨੇ ਮ੍ਰਿਤਕਾ ਸਿਮਰਨਜੀਤ ਕੌਰ ਦੀ ਮਾਤਾ ਸੁਖਦੀਪ ਕੌਰ ਨਿਵਾਸੀ ਜਨਤਾ ਨਗਰ ਦੀ ਸ਼ਿਕਾਇਤ 'ਤੇ ਕਾਰੋਬਾਰੀ ਅਮਿਤ ਜੇਠੀ ਨਿਵਾਸੀ ਆਤਮ ਨਗਰ ਖਿਲਾਫ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ 'ਚ ਕੇਸ ਦਰਜ ਕਰ ਕੇ ਭਾਲ ਸ਼ੁਰੂ ਕਰ ਦਿੱਤੀ ਹੈ। ਐੱਸ. ਐੱਚ. ਓ. ਪਵਨ ਕੁਮਾਰ ਅਨੁਸਾਰ ਪੁਲਸ ਨੂੰ ਦਿੱਤੇ ਬਿਆਨ 'ਚ ਮਾਂ ਨੇ ਦੱਸਿਆ ਕਿ 2016 'ਚ ਬੇਟੀ ਮੁਲਜ਼ਮ ਕੋਲ ਨੌਕਰੀ 'ਤੇ ਲੱਗੀ ਸੀ, ਜੋ 2 ਬੱਚਿਆਂ ਦਾ ਪਿਓ ਹੈ, ਜਿੱਥੇ ਦੋਵਾਂ ਨੂੰ ਇਕ-ਦੂਜੇ ਨਾਲ ਪ੍ਰੇਮ ਹੋ ਗਿਆ ਪਰ ਮੁਲਜ਼ਮ ਦੇ ਵਿਆਹਿਆ ਹੋਣ ਕਾਰਨ ਫਰਵਰੀ 2019 'ਚ ਉਨ੍ਹਾਂ ਨੇ ਬੇਟੀ ਦਾ ਵਿਆਹ ਕਰ ਦਿੱਤਾ। ਅਕਤੂਬਰ 2019 'ਚ ਬੇਟੀ ਦਾ ਤਲਾਕ ਹੋ ਗਿਆ, ਜਿਸ ਤੋਂ ਬਾਅਦ ਉਹ ਉਸ ਨੂੰ ਹੋਰ ਜ਼ਿਆਦਾ ਤੰਗ-ਪ੍ਰੇਸ਼ਾਨ ਕਰਨ ਲਗ ਪਿਆ ਅਤੇ ਮਿਲਣ ਆਉਣ ਦਾ ਦਬਾਅ ਬਣਾਉਂਦਾ।

ਬੇਟੀ ਪਹਿਲਾਂ ਇਕ ਪ੍ਰਾਈਵੇਟ ਹਸਪਤਾਲ 'ਚ ਨੌਕਰੀ 'ਤੇ ਲੱਗੀ ਅਤੇ ਹੁਣ ਪਾਰਲਰ ਦਾ ਕੰਮ ਸਿੱਖਣ ਲੱਗ ਪਈ। ਕੁਝ ਦਿਨਾਂ ਤੋਂ ਮੁਲਜ਼ਮ ਉਸ ਨੂੰ ਫੋਨ ਕਰ ਕੇ ਜ਼ਬਰਦਸਤੀ ਮਿਲਣ ਆਉਣ ਦਾ ਦਬਾਅ ਪਾ ਰਿਹਾ ਸੀ ਅਤੇ ਨਾ ਮੰਨਣ 'ਤੇ ਤੰਗ-ਪ੍ਰੇਸ਼ਾਨ ਕਰ ਰਿਹਾ ਸੀ। ਬੀਤੇ ਦਿਨੀਂ ਰਾਤ ਨੂੰ ਉਕਤ ਮੁਲਜ਼ਮ ਬੇਟੀ ਨੂੰ ਆਪਣੀ ਇਨੋਵਾ ਕਾਰ 'ਚ ਘਰ ਲੈ ਕੇ ਆਇਆ ਅਤੇ ਦੱਸਿਆ ਕਿ ਸਿਮਰਨ ਵੱਲੋਂ ਕੋਈ ਜ਼ਹਿਰਲਾ ਪਦਾਰਥ ਨਿਗਲਿਆ ਗਿਆ ਹੈ, ਜਿਸ ਨੂੰ ਤੁਰੰਤ ਪ੍ਰਾਈਵੇਟ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ ਬੇਟੀ ਦੀ ਹਾਲਤ ਗੰਭੀਰ ਦੇਖ ਕੇ ਮੁਲਜ਼ਮ ਕਾਰ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਕੁਝ ਸਮੇਂ ਬਾਅਦ ਬੇਟੀ ਦੀ ਮੌਤ ਹੋ ਗਈ। ਪੁਲਸ ਮੁਤਾਬਕ ਕਾਰ ਕਬਜ਼ੇ 'ਚ ਲੈ ਲਈ ਗਈ। ਦੋਸ਼ੀ ਦੀ ਭਾਲ 'ਚ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।


author

Anuradha

Content Editor

Related News