ਪੁਲਸ ਵਿਭਾਗ ਦੇ ਕਈ ਅਹਿਮ ਵਿੰਗਾਂ ''ਚ ਪਖਾਨਿਆਂ ਦੀ ਘਾਟ
Wednesday, Sep 20, 2017 - 02:02 AM (IST)

ਨਵਾਂਸ਼ਹਿਰ, (ਤ੍ਰਿਪਾਠੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 3 ਸਾਲ ਪਹਿਲਾਂ ਮਹਾਤਮਾ ਗਾਂਧੀ ਜਯੰਤੀ 'ਤੇ ਸਵੱਛ ਭਾਰਤ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ। ਇਸ ਮੁਹਿੰਮ ਦਾ ਮੁੱਖ ਮਨੋਰਥ ਜਿੱਥੇ ਦੇਸ਼ ਨੂੰ ਖੁੱਲ੍ਹੇ 'ਚ ਪਖਾਨੇ ਤੋਂ ਮੁਕਤ ਕਰਨਾ ਸੀ, ਉਥੇ ਹੀ ਨਗਰ, ਸ਼ਹਿਰਾਂ ਤੇ ਕਸਬਿਆਂ 'ਚ ਸਵੱਛ ਭਾਰਤ ਦੀ ਤਸਵੀਰ ਪੇਸ਼ ਕਰਨਾ ਵੀ ਸੀ। ਪ੍ਰਧਾਨ ਮੰਤਰੀ ਦੀ ਇਸ ਮੁਹਿੰਮ ਨੂੰ ਕੇਂਦਰ ਤੇ ਰਾਜ ਸਰਕਾਰਾਂ ਵਲੋਂ ਸਰਕਾਰੀ ਦਫਤਰਾਂ 'ਚ ਵੀ ਵਿਸ਼ੇਸ਼ ਤਵੱਜੋਂ ਦਿੱਤੀ ਗਈ ਹੈ। ਜਿਸਦੇ ਅੰਤਰਗਤ ਪੰਜਾਬ 'ਚ ਸਮੂਹ ਪੁਲਸ ਸਟੇਸ਼ਨਾਂ 'ਤੇ ਔਰਤ ਤੇ ਪੁਰਸ਼ ਪਖਾਨੇ ਬਣਾਉਣ ਦੀ ਮੁਹਿੰਮ ਸ਼ੁਰੂ ਕਰਦੇ ਹੋਏ ਵੱਖ-ਵੱਖ ਥਾਣਿਆਂ ਨੂੰ ਜ਼ਰੂਰੀ ਫੰਡ ਵੀ ਸਮੇਂ ਦੀ ਸਰਕਾਰ ਵਲੋਂ ਰਿਲੀਜ਼ ਕੀਤੇ ਗਏ ਸਨ।
ਜ਼ਿਲੇ 'ਚ ਸਥਿਤ 10 ਪੁਲਸ ਸਟੇਸ਼ਨ, 4 ਦੇ ਕੋਲ ਨਹੀਂ ਹੈ ਆਪਣੀ ਕੋਈ ਬਿਲਡਿੰਗ : ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਨਵਾਂਸ਼ਹਿਰ ਜ਼ਿਲਾ ਹੈੱਡ ਕਵਾਟਰ ਤੇ ਬੰਗਾ 'ਚ 2-2 (ਸਦਰ ਤੇ ਸਿਟੀ) ਪੁਲਸ ਸਟੇਸ਼ਨ ਹਨ। ਇਸਦੇ ਇਲਾਵਾ ਨਵਾਂਸ਼ਹਿਰ 'ਚ ਐੱਨ. ਆਰ. ਆਈ. ਥਾਣਾ, ਬਲਾਚੌਰ, ਬਹਿਰਾਮ, ਪੋਜੇਵਾਲ, ਕਾਠਗੜ੍ਹ ਅਤੇ ਮੁਕੰਦਪੁਰ ਥਾਣੇ ਹਨ। ਜਿਸ 'ਚ ਨਵਾਂਸ਼ਹਿਰ ਸਦਰ, ਐੱਨ. ਆਰ. ਆਈ., ਕਾਠਗੜ੍ਹ ਤੇ ਮੁਕੰਦਪੁਰ ਦੇ ਕੋਲ ਆਪਣੀ ਇਮਾਰਤ ਨਹੀਂ ਹੈ ਤੇ ਉਹ ਕਿਰਾਏ ਦੀ ਇਮਾਰਤ 'ਚ ਚੱਲ ਰਹੇ ਹਨ। ਇਸਦੇ ਇਲਾਵਾ ਮਹੱਤਵਪੂਰਨ ਵਿਭਾਗ ਵੂਮੈਨ ਸੈੱਲ, ਆਰਥਿਕ ਵਿੰਗ, ਪੀ. ਸੀ. ਆਰ. ਵਿੰਗ, ਫਿੰਗਰ ਪ੍ਰਿੰਟ ਦਫ਼ਤਰ ਆਦਿ ਵੀ ਕੰਮ ਕਰ ਰਹੇ ਹਨ। ਜਿਥੇ ਸਮੂਹ ਪੁਲਸ ਸਟੇਸ਼ਨਾਂ 'ਤੇ ਔਰਤਾਂ ਤੇ ਪੁਰਸ਼ਾਂ ਲਈ ਵੱਖਰੇ ਪਖਾਨੇ ਹਨ, ਉਥੇ ਹੋਰ ਕਈ ਪੁਲਸ ਦੇ ਸੈੱਲ ਤੇ ਵਿੰਗਾਂ 'ਚ ਵੱਖਰੇ ਪਖਾਨੇ ਤਾਂ ਕੀ ਸਿੰਗਲ ਵੀ ਪਖਾਨਾ ਨਹੀਂ ਹੈ।
ਵੂਮੈਨ ਸੈੱਲ 'ਚ ਨਹੀਂ ਹੈ ਕੋਈ ਔਰਤ ਪਖਾਨਾ : ਨਵਾਂਸ਼ਹਿਰ ਦੇ ਕਰਿਆਮ ਰੋਡ 'ਤੇ ਸਥਿਤ ਨਵੀਂ ਦਾਣਾ ਮੰਡੀ ਕੋਲ ਕਿਰਾਏ ਦੀ ਬਿਲਡਿੰਗ 'ਚ ਚਲ ਰਹੇ ਥਾਣਾ ਸਦਰ ਨਵਾਂਸ਼ਹਿਰ ਦੇ ਕੰਪਲੈਕਸ 'ਚ ਹੀ ਐੱਨ. ਆਰ. ਆਈ. ਥਾਣਾ, ਆਰਥਿਕ ਅਪਰਾਧ ਵਿੰਗ, ਵੂਮੈਨ ਵਿੰਗ ਆਦਿ ਸਥਿਤ ਹੈ। ਔਰਤਾਂ ਦੇ ਝਗੜਿਆਂ ਦਾ ਨਿਪਟਾਰਾ ਕਰਨ ਲਈ ਚਲ ਰਿਹਾ ਜ਼ਿਲਾ ਪੁਲਸ ਦਾ ਪ੍ਰਮੁੱਖ ਵਿੰਗ ਵੂਮੈਨ ਸੈੱਲ 'ਚ ਔਰਤਾਂ ਲਈ ਅਲਗ ਤੋਂ ਪਖਾਨੇ ਦੀ ਕੋਈ ਵਿਵਸਥਾ ਨਹੀਂ ਹੈ। ਪ੍ਰਧਾਨ ਮੰਤਰੀ ਦੇ ਸਵੱਛ ਭਾਰਤ ਦੀ ਮੁਹਿੰਮ ਨੂੰ ਅਣਡਿੱਠਾ ਕਰ ਰਿਹਾ ਹੈ। ਇਸੇ ਤਰ੍ਹਾਂ ਹੀ ਐੱਸ. ਐੱਸ. ਪੀ. ਦਫ਼ਤਰ ਕੋਲ ਹੀ ਸਥਿਤ ਥਾਣਾ ਸਦਰ ਦੀ ਪੁਰਾਣੀ ਬਿਲਡਿੰਗ ਦੇ ਸਥਾਨ 'ਤੇ ਕਈ ਪੁਲਸ ਦਫ਼ਤਰ ਕੰਮ ਕਰ ਰਹੇ ਹਨ, ਜਿਥੇ ਅਲਗ ਤੋਂ ਔਰਤਾਂ ਦਾ ਪਖਾਨਾ ਤਾਂ ਦੂਰ ਕਰਮਚਾਰੀਆਂ ਲਈ ਵੀ ਕੋਈ ਪਖਾਨੇ ਦਾ ਪ੍ਰਬੰਧ ਨਹੀਂ ਹੈ, ਜਿਸ ਕਰਕੇ ਕਰਮਚਾਰੀਆਂ ਨੂੰ ਆਰਜ਼ੀ ਪਖਾਨਾ ਬਣਾ ਕੇ ਕੰਮ ਚਲਾਉਣਾ ਪੈ ਰਿਹਾ ਹੈ, ਜਦਕਿ ਜਿਸ ਬਿਲਡਿੰਗ 'ਚ ਦਫ਼ਤਰ ਚਲ ਰਹੇ ਹਨ, ਉਸ ਦੀ ਹਾਲਤ ਹੋਰ ਵੀ ਖਸਤਾ ਹੈ।
ਜਗ ਬਾਣੀ ਟੀਮ ਨੇ ਅੱਜ ਜਦੋਂ ਵੱਖ-ਵੱਖ ਥਾਣਿਆਂ ਤੇ ਪੁਲਸ ਵਿਭਾਗ ਦੇ ਚਲ ਰਹੇ ਵਿੰਗ (ਸੈੱਲ) ਤੇ ਦਫਤਰਾਂ ਦਾ ਵਿਜ਼ਟ ਕੀਤਾ ਤਾਂ ਜਿੱਥੇ ਕੁਝ ਥਾਣਿਆਂ 'ਚ ਸÎਥਿਤ ਪਖਾਨਿਆਂ 'ਚ ਸਫ਼ਾਈ ਦੀ ਕੁਝ ਘਾਟ ਨਜ਼ਰ ਆਈ।
ਕੀ ਕਹਿੰਦੇ ਹਨ ਹੈ ਐੱਸ. ਐੱਸ. ਪੀ. ਸਤਿੰਦਰ ਸਿੰਘ : ਇਸ ਸੰਬੰਧੀ ਐੱਸ. ਐੱਸ. ਪੀ. ਸਤਿੰਦਰ ਸਿੰਘ ਨੇ ਕਿਹਾ ਕਿ ਜ਼ਿਲੇ ਦੇ ਕੁੱਲ 10 ਥਾਣੇ ਹਨ, ਜਿਨ੍ਹਾਂ 'ਚ ਸਾਰਿਆਂ 'ਚ ਔਰਤਾਂ ਤੇ ਪੁਰਸ਼ਾਂ ਲਈ ਅਲੱਗ ਤੋਂ ਪਖਾਨਾ ਨਿਰਮਤ ਹਨ । ਉਨ੍ਹਾਂ ਕਿਹਾ ਕਿ ਕੁਝ ਇਕ ਵਿੰਗ ਜਿਨ੍ਹਾਂ 'ਚ ਪਖਾਨਿਆਂ ਦੀ ਕਮੀ ਹੈ, ਉਸ 'ਤੇ ਜਲਦੀ ਹੀ ਧਿਆਨ ਦਿੱਤਾ ਜਾਵੇਗਾ।