ਪੰਜਾਬ ''ਚ ਖੜ੍ਹਾ ਹੋ ਸਕਦੈ ਮਜ਼ਦੂਰਾਂ ਦਾ ਸੰਕਟ

Monday, May 04, 2020 - 09:49 AM (IST)

ਪੰਜਾਬ ''ਚ ਖੜ੍ਹਾ ਹੋ ਸਕਦੈ ਮਜ਼ਦੂਰਾਂ ਦਾ ਸੰਕਟ

ਚੰਡੀਗੜ੍ਹ: ਪੰਜਾਬ 'ਚ ਆਉਣ ਵਾਲੇ ਦਿਨਾਂ 'ਚ ਇੰਡਸਟਰੀ ਸੈਕਟਰ 'ਚ ਲੇਬਰ ਦਾ ਜ਼ਬਰਦਸਤ ਸੰਕਟ ਖੜ੍ਹਾ ਹੋ ਸਕਦਾ ਹੈ ਕਿਉਂਕਿ ਪੰਜਾਬ ਤੋਂ ਤਿੰਨ ਲੱਖ ਦੇ ਕਰੀਬ ਲੋਕਾਂ ਨੇ ਉਨ੍ਹਾਂ ਨੂੰ ਆਪਣੇ ਸੂਬਿਆਂ ਨੂੰ ਪਰਤਣ ਲਈ ਅਰਜ਼ੀ ਦਿੱਤੀ ਹੈ। ਹਾਲਾਂਕਿ ਸੂਬਾ ਸਰਕਾਰ ਕੋਲ ਕੇਂਦਰ ਸਾਸ਼ਿਤ ਪ੍ਰਦੇਸ਼ਾਂ ਨੂੰ ਮਿਲਾ ਕੇ ਸਾਰੇ 35 ਸੂਬਿਆਂ ਤੋਂ ਅਰਜ਼ੀਆਂ ਆ ਰਹੀਆਂ ਹਨ ਪਰ ਉੱਤਰ ਪ੍ਰਦੇਸ਼ ਅਤੇ ਬਿਹਾਰ ਨੂੰ ਜਾਣ ਵਾਲਿਆਂ ਦੀ ਗਿਣਤੀ ਸਭ ਤੋਂ ਵੱਧ ਹੈ।ਸੂਬੇ 'ਚ 10 ਲੱਖ ਲੋਕ ਦੂਜੇ ਸੂਬਿਆਂ ਤੋਂ ਮਜ਼ਦੂਰ ਦੇ ਤੌਰ 'ਤੇ ਪੰਜਾਬ ਆਏ ਹੋਏ ਹਨ। ਉਨ੍ਹਾਂ ਦੇ ਜਾਣ ਨਾਲ ਇੰਡਸਟਰੀ ਸੈਕਟਰ ਨੂੰ ਖਾਸ ਤੌਰ 'ਤੇ ਵੱਡਾ ਝਟਕਾ ਲੱਗਣ ਵਾਲਾ ਹੈ। ਹਾਲਾਂਕਿ ਹਾਲੇ ਗ੍ਰਾਮੀਣ ਸੈਕਟਰ ਤੋਂ ਅਰਜ਼ੀ ਦਾਖਲ ਕਰਨ ਵਾਲਿਆਂ ਦੀ ਗਿਣਤੀ ਘੱਟ ਹੈ। ਫਤਿਹਗੜ੍ਹ ਸਾਹਿਬ ਦੇ ਪਿੰਡ ਡਡਿਆਣਾ ਦੇ ਦਵਿੰਦਰ ਕੁਮਾਰ ਜੋ ਬਿਹਾਰ ਤੋਂ ਆਏ ਹੋਏ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ 'ਚ ਇਨੀਂ ਦਿਨੀਂ ਕਾਫੀ ਕੰਮ ਹੈ। ਕਣਕ ਦੀ ਵਾਢੀ ਤੋਂ ਬਾਅਦ ਉਸ ਨੂੰ ਸੰਭਾਲਣਾ ਅਤੇ ਉਸ ਤੋਂ ਬਾਅਦ ਝਨੇ ਲਈ ਖੇਤਾਂ ਨੂੰ ਤਿਆਰ ਕਰਨਾ, ਜੂਨ 'ਚ ਝੋਨੇ ਦੀ ਬਿਜਾਈ ਕਰਨੀ ਹੈ।ਬਿਹਾਰ ਪਰਤਣ ਦਾ ਹਾਲੇ ਸਮਾਂ ਨਹੀਂ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੋ ਦਿਨ ਪਹਿਲਾਂ ਹੀ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਕਿਹਾ ਸੀ ਕਿ ਅਜਿਹੇ ਲੋਕਾਂ ਦੀਆਂ ਸੂਚੀਆਂ ਸੂਬੇਵਾਰ ਤਿਆਰ ਕਰੋ ਜੋ ਆਪਣੇ-ਆਪਣੇ ਸੂਬੇ ਨੂੰ ਪਰਤਣਾ ਚਾਹੁੰਦੇ ਹਨ। ਅਰਜ਼ੀ ਦਾਖਲ ਕਰਨ ਵਾਲਿਆਂ ਨੂੰ ਤਿੰਨ ਮਈ ਦਾ ਸਮਾਂ ਦਿੱਤਾ ਗਿਆ ਹੈ। 2 ਮਈ ਸ਼ਾਮ ਤੋਂ ਪਹਿਲਾਂ ਤੱਕ ਲਗਭਗ ਤਿੰਨ ਲੱਖ ਲੋਕਾਂ ਨੇ ਅਰਜ਼ੀ ਦਾਖਲ ਕਰ ਦਿੱਤੀ ਸੀ। ਇਸ ਦੇ ਹੋਰ ਵੀ ਵਧਣ ਦੇ ਆਸਾਰ ਹਨ। ਦੂਜਾ ਆਪਣੇ-ਆਪਣੇ ਸੂਬਿਆਂ 'ਚ ਜਾਣ ਵਾਲੇ ਸਿਰਫ ਮਜ਼ਦੂਰ ਹੀ ਨਹੀਂ ਹਨ ਸਗੋਂ ਵਪਾਰੀ, ਵਿਦਿਆਰਥੀ ਅਤੇ ਆਪਣੇ ਰਿਸ਼ਤੇਦਾਰਾਂ ਕੋਲ ਆਏ ਲੋਕ ਵੀ ਹਨ।ਸੂਬਾਵਾਰ ਅਜਿਹੀਆਂ ਸੂਚੀਆਂ ਤਿਆਰ ਕਰਵਾਉਣ ਲਈ ਗ੍ਰਹਿ ਵਿਭਾਗ ਨੇ 23 ਆਈ. ਏ. ਅਫਸਰ ਅਤੇ ਆਈ. ਪੀ. ਐੱਸ. ਅਫਸਰਾਂ ਦੀ ਡਿਊਟੀ ਲਗਾਈ ਹੈ।

1.44 ਲੱਖ ਅਰਜ਼ੀਆਂ ਉੱਤਰ ਪ੍ਰਦੇਸ਼ ਲਈ ਆਈਆਂ
ਆਪਣੇ ਸੂਬੇ 'ਚ ਜਾਣ ਵਾਲੇ ਲੋਕਾਂ 'ਚ ਸਭ ਤੋਂ ਜ਼ਿਆਦਾ ਅਰਜ਼ੀਆਂ ਉੱਤਰ ਪ੍ਰਦੇਸ਼ ਲਈ ਆਈਆਂ ਹਨ। 1.44 ਲੱਖ ਲੋਕਾਂ ਨੇ ਅਪਲਾਈ ਕੀਤਾ ਹੈ। ਇਸ 'ਚ
ਲੁਧਿਆਣਾ ਤੋਂ 90 ਹਜ਼ਾਰ, ਜਲੰਧਰ 'ਚ 16 ਹਜ਼ਾਰ ਅਤੇ ਮੋਹਾਲੀ ਤੋਂ 9 ਹਜ਼ਾਰ ਲੋਕ ਹਨ। ਦੂਜੇ ਨੰਬਰ 'ਤੇ ਬਿਹਾਰ ਲਈ 95365 ਲੋਕਾਂ ਨੇ ਅਪਲਾਈ ਕੀਤਾ ਹੈ। ਜਲੰਧਰ ਤੋਂ 10827 ਅਤੇ ਲੁਧਿਆਣਾ ਤੋਂ 57278 ਲੋਕ ਸ਼ਾਮਲ ਹਨ। ਜੰਮੂ ਕਸ਼ਮੀਰ, ਝਾਰਖੰਡ, ਮੱਧ ਪ੍ਰਦੇਸ਼ ਦੇ ਲਈ ਵੀ ਅਰਜ਼ੀਆਂ ਆਈਆਂ ਹਨ।

ਇਨ੍ਹਾਂ ਅਫਸਰਾਂ ਦੀ ਲੱਗੀ ਡਿਊਟੀ
* ਉੱਤਰ ਪ੍ਰਦੇਸ਼ ਅਤੇ ਉਤਰਾਖੰਡ ਲਈ ਰਾਹੁਲ ਤਿਵਾੜੀ, ਮੁਹੰਮਦ ਤੈਯੱਬ, ਅਨੀਤਾ ਪੁੰਜ, ਜੀ. ਐੱਸ. ਢਿੱਲੋਂ।
* ਬਿਹਾਰ ਅਤੇ ਝਾਰਖੰਡ ਲਈ ਸੰਜੇ ਕੁਮਾਰ, ਮਸਨਵੀ ਕੁਮਾਰ ਅਤੇ ਆਰ. ਕੇ. ਜਾਇਸਵਾਲ
* ਪੱਛਮੀ ਬੰਗਾਲ, ਓਡਿਸ਼ਾ ਅਤੇ ਪੂਰਬ ਉੱਤਰ ਸੂਬਿਆਂ ਲਈ ਮਨਜੀਤ ਸਿੰਘ ਬਰਾੜ, ਵਿਵੇਕ ਪ੍ਰਤਾਪ ਸਿੰਘ, ਜੀ. ਨਾਗੇਸ਼ਵਰ ਰਾਵ
* ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਲਈ ਕ੍ਰਿਸ਼ਣ ਕੁਮਾਰ, ਪੀ. ਕੇ. ਥਿੰਦ, ਅਮਰਦੀਪ ਰਾਏ ਅਤੇ ਐੱਲ. ਕੇ. ਯਾਦਵ
* ਜੰਮੂ ਕਸ਼ਮੀਰ, ਲੱਦਾਖ ਅਤੇ ਹਿਮਾਚਲ ਪ੍ਰਦੇਸ਼ ਲਈ ਵਿਸ਼ਵਜੀਤ ਖੰਨਾ, ਵਿਕਾਸ ਗਰਗ, ਅਮਨਦੀਪ ਰਾਏ, ਐੱਲ. ਕੇ. ਯਾਦਵ
* ਮਹਾਰਾਸ਼ਟਰ, ਗੁਜਰਾਤ ਅਤੇ ਗੋਆ ਲਈ ਅਨੁਰਾਗ ਵਰਮਾ, ਵਿਜੇ ਐੱਨ ਜਾਦੇ, ਮੋਹਨੀਸ਼ ਚਾਵਲਾ
* ਤਾਮਿਲਨਾਡੂ, ਕੇਰਲ, ਕਰਨਾਟਕ, ਆਂਧਰਾ ਪ੍ਰਦੇਸ਼, ਤੇਲੰਗਾਨਾ, ਪੁੱਡੂਚਰੀ ਲਈ ਆਰ ਵੈਂਕਟਰਤਨਮ, ਸੀ. ਸਿਬਿਨ, ਬੀ. ਚੰਦਰਸ਼ੇਖਰ
* ਹਰਿਆਣਾ, ਦਿੱਲੀ ਅਤੇ ਐੱਨ. ਸੀ. ਆਰ. ਲਈ ਰਾਹੁਲ ਭੰਡਾਰੀ, ਅਮਰਦੀਪ ਰਾਏ ਅਤੇ ਐੱਲ. ਕੇ. ਯਾਦਵ
ਰਿਆਇਤਾਂ ਦੇ ਬਾਵਜੂਦ ਪੰਜਾਬ ਦੇ ਉਦਯੋਗਾਂ 'ਚ ਸੁਸਤੀ ਬਰਕਰਾਰ
ਲਗਭਗ ਢਾਈ ਲੱਖ ਉਦਯੋਗਾਂ 'ਚੋਂ 4334 'ਚ ਹੀ ਸ਼ੁਰੂ ਹੋਇਆ ਉਤਪਾਦਨ

ਪੂਰੀ ਸਪਲਾਈ ਚੇਨ ਦਾ ਸ਼ੁਰੂ ਹੋਣਾ ਜ਼ਰੂਰੀ : ਗੋਇਲ
ਅਰਥ ਵਿਵਿਸਥਾ ਨੂੰ ਮੁੜ ਪਟੜੀ 'ਤੇ ਲਿਆਉਣ ਲਈ ਕੇਂਦਰ ਸਰਕਾਰ ਵਲੋਂ 20 ਅਪ੍ਰੈਲ ਤੋਂ ਦਿੱਤੀਆਂ ਗਈਆਂ ਰਿਆਇਤਾਂ ਤੋਂ ਬਾਅਦ ਵੀ ਪੰਜਾਬ 'ਚ ਉੱਦਮੀਉਤਪਾਦਨ ਸ਼ੁਰੂ ਕਰਨ ਨੂੰ ਲੈ ਕੇ ਉਦਾਸੀਨ ਸਨ। ਪ੍ਰਦੇਸ਼ 'ਚ ਲਗਭਗ ਢਾਈ ਲੱਖ ਛੋਟੇ-ਵੱਡੇ ਉਦਯੋਗ ਹਨ ਪਰ ਉਦਯੋਗ ਵਿਭਾਗ ਮੁਤਾਬਕ 30 ਅਪ੍ਰੈਲ ਤੱਕ ਸਿਰਫ 4334 ਨੇ ਹੀ ਉਤਪਾਦਨ ਸ਼ੁਰੂ ਕੀਤਾ ਹੈ। ਅਜਿਹਾ ਉਦੋਂ ਹੈ ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਉੱਦਮੀਆਂ ਤੋਂ ਉਤਪਾਦਨ ਸ਼ੁਰੂ ਕਰਨ ਦੀ ਅਪੀਲ ਕਰ ਚੁੱਕੇ ਹਨ।ਕੇਂਦਰ ਸਰਕਾਰ ਤੋਂ ਰਿਆਇਤਾਂ ਮਿਲਣ ਤੋਂ ਬਾਅਦ ਪਹਿਲੇ ਦਿਨ 'ਚ ਹੀ 3108 ਉਦਯੋਗਾਂ 'ਚ ਉਤਪਾਦਨ ਸ਼ੁਰੂ ਹੋ ਗਿਆ ਸੀ। ਇਸ ਤੋਂ ਬਾਅਦ ਦੇ ਹਫਤੇ 'ਚ 1226 ਹੋਰ ਉਦਯੋਗਿਕ ਇਕਾਈਆਂ ਖੁੱਲ੍ਹੀਆਂ ਹਨ।
ਗ੍ਰਾਮੀਣ ਖੇਤਰਾਂ 'ਚ 1761 ਇੱਟਾਂ-ਭੱਠਿਆਂ ਅਤੇ 489 ਨਿਰਮਾਣ ਸਥਾਨਾਂ 'ਤੇ ਕੰਮ ਸ਼ੁਰੂ ਹੋ ਗਿਆ ਹੈ। ਸੂਬੇ 'ਚ 80681 ਪ੍ਰਵਾਸੀ ਮਜ਼ਦੂਰਾਂ ਦਾ ਕੰਮ ਮਿਲ ਚੁੱਕਾ ਹੈ। ਪੀ. ਐੱਚ. ਡੀ. ਚੈਂਬਰ ਆਫ ਕਾਮਰਸ ਦੇ ਮੈਂਬਰ ਗੌਤਮ ਗੋਇਲ ਨੇ ਦੱਸਿਆ ਕਿ ਲਾਕਡਾਊਨ 'ਚ ਸਿਰਫ ਇੰਡਸਟਰੀ 'ਚ ਉਤਪਾਦਨ ਹੀ ਨਹੀਂ ਰੁਕਿਆ ਸਗੋਂ ਸਪਲਾਈ ਚੇਨ ਭੰਗ ਹੋਈ ਸੀ। ਹੁਣ ਇੰਡਸਟਰੀ ਸ਼ੁਰੂ ਕਰਨ ਲਈ ਪੂਰੀ ਸਪਲਾਈ ਚੇਨ ਦਾ ਸ਼ੁਰੂ ਹੋਣਾ ਜ਼ਰੂਰੀ ਹੈ। ਚਾਰ ਮਈ ਤੋਂ ਦੇਸ਼ 'ਚ ਵਪਾਰਿਕ ਗਤੀਵਿਧੀਆਂ ਨੂੰ  ਰਫਤਾਰ ਮਿਲਣ ਨਾਲ ਉਦਯੋਗਾਂ ਲਈ ਮੰਗ ਆਉਣੀ ਸ਼ੁਰੂ ਹੋ ਜਾਵੇਗੀ। ਇਹ ਮੰਗ ਉਦਯੋਗਾਂ 'ਚ ਉਤਪਾਦਨ ਦੀ ਪ੍ਰਕਿਰਿਆ ਨੂੰ ਰਫਤਾਰ ਦੇਵੇਗੀ। ਡੇਰਾਬੱਸੀ ਇੰਡਸਟਰੀ ਐਸੋਸੀਏਸ਼ਨ ਦੇ ਮੈਂਬਰ ਰਾਕੇਸ਼ ਕੁਮਾਰ ਨੇ ਦੱਸਿਆ ਕਿ ਨਿਯਮਾਂ ਨੂੰ ਲੈ ਕੇ ਉੱਦਮੀਆਂ ਦੀਆਂ ਸ਼ੰਕਾਵਾਂ ਹੁਣ ਖਤਮ ਹੋ ਚੁੱਕੀਆਂ ਹਨ।


author

Shyna

Content Editor

Related News