ਕੁਸੂਮ ਅਗਰਵਾਲ ਖੁਦਕੁਸ਼ੀ ਕਾਂਡ : ਵਿਦਿਆਰਣ ਗ੍ਰਿਫਤਾਰ
Tuesday, Jul 16, 2019 - 01:47 PM (IST)
ਅਬੋਹਰ (ਜ. ਬ.) - ਉਪਮੰਡਲ ਦੇ ਪਿੰਡ ਕਿੱਲਿਆਂਵਾਲੀ ਸਟੇਸ਼ਨ ਨੇੜੇ ਰਾਜਸਥਾਨ ਦੇ ਹਨੂਮਾਨਗੜ੍ਹ ਜ਼ਿਲੇ ਦੀ ਤਹਿਸੀਲ ਸਾਦੁਲਸ਼ਹਿਰ ਵਾਸੀ ਕੁਸੁਮ ਅਗਰਵਾਲ ਖੁਦਕੁਸ਼ੀ ਕਰਨ ਦੇ ਮਾਮਲੇ 'ਚ ਜੀ. ਆਰ. ਪੀ. ਪੁਲਸ ਨੇ ਜਾਂਚ-ਪੜਤਾਲ ਦੌਰਾਨ ਉਸ ਦੀ ਇਕ ਸਹਿਯੋਗੀ ਵਿਦਿਆਰਥਣ ਮਨਪ੍ਰੀਤ ਕੌਰ ਨੂੰ ਕਾਬੂ ਕੀਤਾ ਹੈ। ਕਾਬੂ ਕੀਤੀ ਵਿਦਿਆਰਥਣ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਸ ਨੂੰ ਉਥੋਂ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ। ਇਸ ਮਾਮਲੇ ਦੇ 2 ਹੋਰ ਮੁਲਜ਼ਮਾਂ ਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ, ਜਿਨ੍ਹਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।
ਜਾਂਚ ਅਧਿਕਾਰੀ ਸਬ-ਇੰਸਪੈਕਟਰ ਓਮ ਪ੍ਰਕਾਸ਼ ਨੇ ਦੱਸਿਆ ਕਿ ਮ੍ਰਿਤਕਾ ਦੀ ਮਾਂ ਦੀ ਰਿਪੋਰਟ 'ਤੇ ਇਸ ਮਾਮਲੇ ਦੇ ਮੁਲਜ਼ਮ ਕਾਲਜ ਕਰਮਚਾਰੀ ਗੌਰਵ ਸੇਠੀ, ਵਿਦਿਆਰਥੀ ਅਜੇ, ਮਨਪ੍ਰੀਤ ਕੌਰ ਦੇ ਪਤੇ ਬਾਰੇ ਜਾਣਕਾਰੀ ਜੁਟਾ ਲਈ ਸੀ, ਜਿਸ ਦੇ ਆਧਾਰ 'ਤੇ ਉਸ ਨੂੰ ਕਾਬੂ ਕਰ ਲਿਆ। ਮਨਪ੍ਰੀਤ ਕੌਰ ਨੇ ਪੁੱਛਗਿੱਛ 'ਚ ਦੱਸਿਆ ਕਿ ਕੁਸੁਮ ਅਗਰਵਾਲ ਨੇ ਖਾਣਾ ਨਾ ਮਿਲਣ 'ਤੇ ਆਵਾਜ਼ ਬੁਲੰਦ ਕੀਤੀ ਸੀ। ਸਾਰੇ ਵਿਦਿਆਰਥੀ ਉਸ ਦੀ ਗੱਲ ਨੂੰ ਸਹੀ ਦੱਸ ਰਹੇ ਸੀ ਪਰ ਕੈਰੀਅਰ ਖਰਾਬ ਹੋਣ ਦੇ ਡਰ ਕਾਰਨ ਉਹ ਕਾਲਜ ਪ੍ਰਸ਼ਾਸਨ ਨਾਲ ਟਕਰਾਉਣ ਤੋਂ ਪਿੱਛੇ ਹੋ ਗਏ ਸੀ। ਇਸੇ ਗੱਲ ਤੋਂ ਕੁਸੁਮ ਨਾਰਾਜ਼ ਹੋ ਗਈ ਸੀ। ਜਦ ਕਾਲਜ 'ਚ ਖਾਣੇ ਨੂੰ ਲੈ ਕੇ ਝਗੜਾ ਹੋਇਆ ਸੀ। ਉਸ ਸਮੇਂ ਕੁਸੁਮ ਨੇ ਖਾਣਾ ਨਹੀਂ ਖਾਧਾ ਪਰ ਹੋਰ ਵਿਦਿਆਰਥੀਆਂ ਨੇ ਖਾ ਲਿਆ ਸੀ। ਇਸੇ ਗੱਲ ਤੋਂ ਕੁਸੁਮ ਉਨ੍ਹਾਂ ਤੋਂ ਨਾਰਾਜ਼ ਹੋ ਗਈ ਸੀ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਗੌਰਵ ਸੇਠੀ ਅਤੇ ਅਜੇ ਦੀ ਭਾਲ ਕਰਵਾਈ ਜਾ ਰਹੀ ਹੈ। ਗ੍ਰਿਫਤਾਰੀ ਦੇ ਲਈ ਉਨ੍ਹਾਂ ਪੂਰਾ ਦਬਾਅ ਬਣਾਇਆ ਹੋਇਆ ਹੈ।